''ਗੁੱਤਾਂ ਕੱਟਣ'' ਦੇ ਰੌਲੇ ''ਚ ਉਲਝ ਗਏ ਵਿਗਿਆਨਕ ਯੁੱਗ ਦੇ ਲੋਕ

Monday, Aug 14, 2017 - 08:03 AM (IST)

''ਗੁੱਤਾਂ ਕੱਟਣ'' ਦੇ ਰੌਲੇ ''ਚ ਉਲਝ ਗਏ ਵਿਗਿਆਨਕ ਯੁੱਗ ਦੇ ਲੋਕ

ਸਮਰਾਲਾ  (ਬੰਗੜ, ਗਰਗ) - ਵਿਗਿਆਨਕ ਯੁੱਗ ਵਿਚ ਨਲਕੇ 'ਚੋਂ ਨਿਕਲਦੇ ਪਾਣੀ ਨੂੰ ਅੰਮ੍ਰਿਤ ਦੱਸ ਕੇ ਭੇਡ-ਚਾਲ 'ਚ ਉਲਝਣ ਵਾਲੇ ਲੋਕ ਕਦੇ ਨਾਨੀਆਂ ਵਲੋਂ ਦੋਹਤਿਆਂ ਨੂੰ ਤੌਲੀਏ ਵੰਡਣ ਦੇ ਰਿਵਾਜਾਂ 'ਚ ਉਲਝੇ, ਕਦੇ ਘਰਾਂ ਦੀਆਂ ਚੌਖਟਾਂ 'ਤੇ ਦੀਵੇ ਜਗਾਉਣ ਦੇ ਪਾਖੰਡਾਂ ਵਿਚ ਫਸੇ ਤੇ ਹੁਣ ਇਹ ਲੋਕ ਗੁੱਤਾਂ ਕੱਟਣ ਦੇ ਰੌਲੇ ਨੇ ਉਲਝਾ ਕੇ ਰੱਖ ਦਿੱਤੇ ਹਨ। ਗੁੱਤਾਂ ਕੱਟਣ ਦਾ ਖੌਫ ਸਾਡੇ ਸਮਾਜ ਦੀਆਂ ਔਰਤਾਂ ਦੇ ਜ਼ਿਹਨ ਵਿਚ ਭਿਆਨਕ ਬੀਮਾਰੀ ਦੀ ਤਰ੍ਹਾਂ ਘਰ ਕਰ ਗਿਆ ਹੈ। ਗੁੱਤਾਂ ਕੱਟਣ ਦੇ ਰੌਲੇ-ਰੱਪੇ ਵਿਚ ਸ਼ਰਾਰਤੀ ਅਨਸਰ, ਗੁਲਾਮ ਤੇ ਬੀਮਾਰ ਮਾਨਸਿਕਤਾ ਦਾ ਵੱਡਾ ਹੱਥ ਸਾਹਮਣੇ ਆ ਰਿਹਾ ਹੈ, ਜਿਸਦੀ ਬਦੌਲਤ ਹਰੇ-ਭਰੇ ਨਿੰਮਾਂ ਦੇ ਰੁੱਖ ਲੋਕਾਂ ਵਲੋਂ ਟਾਹਣੀਆਂ ਦੇ ਰੂਪ ਵਿਚ ਤੋੜ-ਤੋੜ ਕੇ ਰਿੰਡ-ਪੁੰਡ ਕੀਤੇ ਜਾ ਰਹੇ ਹਨ। ਨਿੰਮਾਂ ਦੇ ਪੱਤੇ ਬੀਮਾਰ ਮਾਨਸਿਕਤਾ ਦੇ ਸ਼ਿਕਾਰ ਲੋਕਾਂ ਵਲੋਂ ਆਪਣੇ ਘਰਾਂ ਦੇ ਦਰਵਾਜ਼ਿਆਂ 'ਤੇ ਟੰਗੇ ਜਾ ਰਹੇ ਹਨ, ਤਾਂ ਜੋ ਗੁੱਤਾਂ ਕੱਟਣ ਦਾ ਗ੍ਰਹਿ ਉਨ੍ਹਾਂ ਦੇ ਘਰ ਅੰਦਰ ਦਾਖਿਲ ਨਾ ਹੋ ਜਾਵੇ। ਗੁੱਤਾਂ ਕੱਟਣ ਦੇ ਕਈ ਮਸਲੇ ਪੁਲਸ ਵਲੋਂ ਸੁਲਝਾ ਕੇ ਸਮਾਜ ਦੇ ਅੱਗੇ ਵੀ ਰੱਖ ਦਿੱਤੇ ਗਏ ਹਨ, ਜਿਨ੍ਹਾਂ ਵਿਚ ਇਹ ਸਪੱਸ਼ਟ ਹੋਇਆ ਹੈ ਕਿ ਜੋ ਲੜਕੀਆਂ ਜਾਂ ਔਰਤਾਂ ਪਰਿਵਾਰਕ ਦਬਾਅ ਕਾਰਨ ਆਪਣੇ ਵਾਲ ਕਟਵਾਉਣ ਦੀ ਆਪਣੀ ਚਾਹਤ ਪੂਰੀ ਨਹੀਂ ਕਰ ਸਕਦੀਆਂ ਸਨ, ਉਹ ਹੁਣ ਇਨ੍ਹਾਂ ਅਫਵਾਹਾਂ ਦਾ ਲਾਹਾ ਲੈ ਕੇ ਵਾਲ ਕੱਟੇ ਜਾਣ ਦਾ ਅਡੰਬਰ ਰਚ ਰਹੀਆਂ ਹਨ।
ਦੂਜੇ ਪਾਸੇ ਜਿਹੜੀਆਂ ਔਰਤਾਂ ਦੇ ਵਾਲ ਕੱਟੇ ਗਏ, ਉਹ 21 ਦਿਨ ਵਿਚ ਮਰ ਜਾਣਗੀਆਂ, ਦੀਆਂ ਅਫਵਾਹਾਂ ਫੈਲਾਉਣ ਵਾਲੇ ਵੀ ਸ਼ਰਾਰਤੀ ਅਨਸਰ ਹਨ। ਅਜਿਹੇ ਹਾਲਾਤ ਨੂੰ ਸੋਸ਼ਲ ਮੀਡੀਆ 'ਤੇ ਵਿਅੰਗਮਈ ਟਿੱਪਣੀਆਂ ਤੇ ਤਸਵੀਰਾਂ ਨਾਲ ਇੰਝ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਥੇ ਵੇਖਣ ਤੇ ਪੜ੍ਹਨ ਵਾਲਿਆਂ ਦੇ ਢਿੱਡੀਂ ਪੀੜਾਂ ਪੈ ਰਹੀਆਂ ਹਨ, ਉਥੇ ਹੀ ਸਾਡੇ ਪੜ੍ਹੇ-ਲਿਖੇ ਸਮਾਜ ਨੂੰ ਸ਼ਰਮਸਾਰ ਵੀ ਕਰ ਰਹੀਆਂ ਹਨ।
ਵਾਇਰਲ ਹੁੰਦੀਆਂ ਤਸਵੀਰਾਂ ਵਿਚ ਗੁੱਤਾਂ ਨਾਲ ਬੰਨ੍ਹੀਆਂ ਮਿਰਚਾਂ ਤੇ ਨਿੰਬੂ ਨੂੰ ਵੱਖ-ਵੱਖ ਰੂਪਾਂ ਵਿਚ ਹਾਸਮਈ ਢੰਗ ਨਾਲ ਦਰਸਾਇਆ ਗਿਆ ਹੈ। ਇਥੋਂ ਤਕ ਕਿ ਇਕ ਚੁਟਕਲੇ ਵਿਚ ਕਿਹਾ ਗਿਆ ਹੈ ਕਿ ਦੇਖ ਲਓ ਸਾਡੇ ਦੇਸ਼ ਦਾ ਹਾਲ, ਚਾਇਨਾ ਸਾਡੇ ਦੇਸ਼ 'ਤੇ ਹਮਲਾ ਕਰਨ ਦੀਆਂ ਤਿਆਰੀ ਕਰ ਰਿਹਾ ਹੈ ਤੇ ਅਸੀਂ ਅਜੇ ਗੁੱਤਾਂ ਕੱਟਣ ਵਾਲਿਆਂ ਦੀ ਭਾਲ ਕਰਨ ਵਿਚ ਲੱਗੇ ਹੋਏ ਹਾਂ। ਹਾਲਾਂਕਿ ਤਰਕਸ਼ੀਲ ਸੁਸਾਇਟੀਆਂ, ਬੁੱਧੀਜੀਵੀ ਤੇ ਮੀਡੀਆ ਵਲੋਂ ਵਾਰ-ਵਾਰ ਲੋਕਾਂ ਨੂੰ ਆਗਾਹ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਲੋਕ ਇਸ ਭੇਡ-ਚਾਲ, ਅਫਵਾਹਾਂ ਤੇ ਅਡੰਬਰਾਂ ਦੇ ਚੱਕਰਵਿਊ ਤੋਂ ਬਾਹਰ ਨਹੀਂ ਨਿਕਲ ਰਹੇ।


Related News