ਔਰਤ ਦੇ ਵਾਲ ਕੱਟੇ
Friday, Aug 11, 2017 - 07:47 AM (IST)

ਸਮਾਧ ਭਾਈ (ਗੁਪਤਾ) - ਪੰਜਾਬ ਭਰ 'ਚ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਹਨ, ਜਿਸ ਨਾਲ ਪੰਜਾਬ ਦੇ ਪਿੰਡਾਂ ਦੇ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀ ਇਸ ਮੁਸ਼ਕਿਲ ਨੂੰ ਹੱਲ ਕਰਨ ਵਿਚ ਨਾ-ਕਾਮਯਾਬ ਰਿਹਾ ਹੈ ਅਤੇ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਇਸੇ ਤਰ੍ਹਾਂ ਦੀ ਘਟਨਾ ਬੀਤੀ ਰਾਤ ਮੋਗਾ ਜ਼ਿਲੇ ਦੇ ਪਿੰਡ ਗੁਲਾਬ ਸਿੰਘ ਵਾਲਾ ਵਿਖੇ ਹੋਈ।
ਇਸ ਘਟਨਾ ਸਬੰਧੀ ਪੀੜਤ ਔਰਤ ਕੁਲਵੰਤ ਕੌਰ (50) ਪਤਨੀ ਨਛੱਤਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਰਿਵਾਰ ਸਮੇਤ ਘਰ 'ਚ ਸੁੱਤੀ ਪਈ ਸੀ ਕਿ ਰਾਤ ਨੂੰ ਸਵਾ 12 ਵਜੇ ਇਕ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਦਾਖਲ ਹੋ ਗਿਆ ਅਤੇ ਉਸ ਦੇ ਪੈਰਾਂ ਨੂੰ ਫੜ ਲਿਆ। ਉਸ ਨੇ ਅਣਪਛਾਤੇ ਵਿਅਕਤੀ ਨੂੰ ਫੜਨ ਲਈ ਕਾਫੀ ਜੱਦੋ-ਜਹਿਦ ਕੀਤੀ ਪਰ ਉਕਤ ਦੋਸ਼ੀ ਭੱਜਣ 'ਚ ਕਾਮਯਾਬ ਹੋ ਗਿਆ, ਜਿਸ ਉਪਰੰਤ ਉਹ ਬੇਹੋਸ਼ ਹੋ ਗਈ, ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੇਖਿਆ ਕਿ ਉਸ ਦੇ ਵਾਲ ਕੱਟੇ ਗਏ ਹਨ ਅਤੇ ਘਰ 'ਚ ਮੇਨ ਗੇਟ ਦੇ ਨੇੜੇ ਉਕਤ ਵਿਅਕਤੀ ਦੇ ਪੈਰਾਂ ਦੇ ਨਿਸ਼ਾਨ ਵੀ ਮੌਜੂਦ ਸਨ। ਇਸ ਘਟਨਾ ਸਬੰਧੀ ਬਾਘਾਪੁਰਾਣਾ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਜਗਸੀਰ ਸਿੰਘ ਪੁਲਸ ਪਾਰਟੀ ਨਾਲ ਘਟਨਾ ਸਥਾਨ 'ਤੇ ਪਹੁੰਚੇ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ। ਇਸ ਮੌਕੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਦੱਸਣ ਅਨੁਸਾਰ ਅਣਪਛਾਤੇ ਵਿਅਕਤੀ ਦੇ ਪੈਰਾਂ ਦੇ ਨਿਸ਼ਾਨਾਂ ਦੇ ਨਮੂਨੇ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।