ਸਕੂਲੋਂ ਬੱਚਿਆਂ ਨੂੰ ਲੈਣ ਗਈ ਔਰਤ ਦੀ ਕੱਟੀ ਗਈ ਗੁੱਤ, ਲੱਗਾ ਅਜਿਹਾ ਸਦਮਾ ਕਿ ਪੁੱਜੀ ਹਸਪਤਾਲ
Sunday, Aug 13, 2017 - 07:12 PM (IST)
ਜਲੰਧਰ(ਸ਼ੋਰੀ)— ਵਾਲਾਂ ਦੇ ਕੱਟੇ ਜਾਣ ਦਾ ਸਿਲਸਿਲਾ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਪੰਜਾਬ ਦੇ ਕਈ ਸ਼ਹਿਰਾਂ 'ਚ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਸ ਨਾਲ ਹਰ ਸ਼ਹਿਰ ਦੇ ਹਰ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਗੁੱਤ ਦੇ ਕੱਟੇ ਜਾਣ ਦੀ ਇਕ ਹੋਰ ਵਾਰਦਾਤ ਜਲੰਧਰ ਦੇ ਗਾਂਧੀ ਕੈਂਪ ਦੇ ਕੋਲ ਦੇਖਣ ਨੂੰ ਮਿਲੀ, ਜਿੱਥੇ ਇਥੇ ਸਥਿਤ ਇਕ ਪ੍ਰਾਈਵੇਟ ਸਕੂਲ ਵਿਚ ਸ਼ਨੀਵਾਰ ਨੂੰ ਦੁਪਹਿਰ ਦੇ ਸਮੇਂ ਬੱਚਿਆਂ ਨੂੰ ਲੈਣ ਗਈ ਔਰਤ ਗੁੱਤੇ ਕੱਟੇ ਜਾਣ ਤੋਂ ਬਾਅਦ ਬੇਹੋਸ਼ ਹੋ ਗਈ। ਬੱਚਿਆਂ ਨੂੰ ਲੈਣ ਗਈ ਇਹ ਔਰਤ ਬੇਹੋਸ਼ੀ ਦੀ ਹਾਲਤ 'ਚ ਪਾਰਕ 'ਚ ਮਿਲੀ। ਔਰਤ ਨੂੰ ਸਕੂਲ ਦੀਆਂ ਟੀਚਰਾਂ ਨੇ ਦੇਖ ਉਸ ਦੇ ਪਤੀ ਨੂੰ ਸੂਚਨਾ ਦਿੱਤੀ। ਬੇਹੋਸ਼ੀ ਦੀ ਹਾਲਤ ਵਿਚ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਔਰਤ ਦਾ ਬੀ. ਪੀ. ਘੱਟ ਹੋਣ ਕਾਰਨ ਉਹ ਡਿਪ੍ਰੈਸ਼ਨ ਵਿਚ ਹੈ। ਔਰਤ ਦੀ ਪਛਾਣ ਕਿਰਨ ਪਤਨੀ ਬੰਟੀ ਵਾਸੀ ਗਾਂਧੀ ਕੈਂਪ ਦੇ ਤੌਰ 'ਤੇ ਹੋਈ ਹੈ। ਬੰਟੀ ਨੇ ਦੱਸਿਆ ਕਿ ਪਤਨੀ ਬੱਚਿਆਂ ਨੂੰ ਸਕੂਲ ਤੋਂ ਲੈਣ ਲਈ ਗਈ ਹੋਈ ਸੀ। ਉਸ ਨੂੰ ਫੋਨ ਆਇਆ ਕਿ ਉਹ ਪਾਰਕ ਵਿਚ ਬੇਹੋਸ਼ ਪਈ ਹੈ ਅਤੇ ਉਸ ਦੇ ਕੋਲ ਉਸ ਦੀ ਗੁੱਤ ਕੱਟੀ ਹੋਈ ਮਿਲੀ। ਪਤਨੀ ਨੇ ਦੱਸਿਆ ਕਿ ਉਸ ਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ ਅਤੇ ਸਿਰਦਰਦ ਹੋਣਾ ਸ਼ੁਰੂ ਹੋ ਗਿਆ।
