ਦਰਿਆ ਬਿਆਸ ''ਚ ਪਾਣੀ ਦੇ ਤੇਜ਼ ਵਹਾਅ ਕਾਰਣ ਹਜ਼ਾਰਾਂ ਏਕੜ ਫਸਲ ਤਬਾਹ

Friday, Jan 10, 2020 - 11:04 AM (IST)

ਚੋਹਲਾ ਸਾਹਿਬ (ਮਨਜੀਤ) : ਲਗਾਤਾਰ ਹੋਈ ਬਾਰਸ਼ ਕਾਰਣ ਦਰਿਆ ਬਿਆਸ 'ਚ ਪਾਣੀ ਦਾ ਵਹਾਅ ਤੇਜ਼ ਹੋ ਗਿਆ, ਜਿਸ ਕਾਰਣ ਕਈ ਪਿੰਡਾਂ ਦੀਆਂ ਫਸਲਾਂ ਤਬਾਹ ਹੋ ਗਈਆਂ। ਇਸ ਸਬੰਧੀ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਤਰਨਤਾਰਨ ਦੇ ਹੈੱਡ ਕੈਪਟਨ ਮੇਵਾ ਸਿੰਘ, ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ, ਸੂਬੇਦਾਰ ਕੁਲਵੰਤ ਸਿੰਘ ਘੜਕਾ, ਪਾਲ ਸਿੰਘ ਮੁੰਡਾ ਪਿੰਡ, ਸੁਲੱਖਣ ਸਿੰਘ ਗੁੱਜਰਪੁਰ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਵਲੋਂ ਦਰਿਆ ਬਿਆਸ ਦੇ ਪਾਣੀ 'ਚ ਡੁੱਬੀਆਂ ਫਸਲਾਂ ਦਾ ਦੌਰਾ ਕੀਤਾ। ਇਸ ਸਮੇਂ ਕੈਪਟਨ ਮੇਵਾ ਸਿੰਘ ਨੇ ਦੱਸਿਆ ਕਿ ਦਰਿਆ ਬਿਆਸ ਨਜ਼ਦੀਕ ਵੱਸੇ ਪਿੰਡ ਘੜਕਾ, ਗੁੱਜਰਪੁਰ ਅਤੇ ਮੁੰਡਾ ਪਿੰਡ ਆਦਿ ਪਿੰਡਾਂ ਦੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਰਿਆ ਬਿਆਸ ਦੇ ਪਾਣੀ ਦੇ ਵਹਾਅ ਕਾਰਣ ਤਬਾਹ ਹੋ ਚੁੱਕੀਆਂ ਹਨ ਅਤੇ ਲਗਭਗ 1500 ਏਕੜ ਫਸਲ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ।

ਇਸ ਸਮੇਂ ਚੇਅਰਮੈਨ ਪੂਰਨ ਸਿੰਘ ਘੜਕਾ, ਮਨਦੀਪ ਸਿੰਘ ਸਰਪੰਚ, ਅਵਤਾਰ ਸਿੰਘ, ਨਛੱਤਰ ਸਿੰਘ, ਅਵਤਾਰ ਸਿੰਘ, ਜਥੇਦਾਰ ਸਾਹਿਬ ਸਿੰਘ ਗੁੱਜਰਪੁਰ ਆਦਿ ਨੇ ਦਰਿਆ ਬਿਆਸ ਦੇ ਪਾਣੀ 'ਚ ਤਬਾਹ ਹੋਈਆਂ ਫਸਲਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦਰਿਆ 'ਚ ਪਾਣੀ ਦਾ ਵਹਾਅ ਵਧਣ ਕਾਰਣ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਣ ਹਰ ਸਾਲ ਅਜਿਹਾ ਹੁੰਦਾ ਹੈ, ਜਿਸ ਕਾਰਣ ਕਿਸਾਨਾਂ ਅਤੇ ਮਜ਼ਦੂਰਾਂ ਦੀ ਮਿਹਨਤ ਦਾ ਜਨਾਜ਼ਾ ਨਿਕਲ ਜਾਂਦਾ ਹੈ ਅਤੇ ਕਿਸਾਨ ਅਤੇ ਮਜ਼ਦੂਰ ਕਰਜ਼ੇ ਹੇਠ ਆ ਜਾਂਦੇ ਹਨ। ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਜੇਕਰ ਪ੍ਰਸ਼ਾਸਨ ਇਸਦੇ ਪੁਖਤਾ ਪ੍ਰਬੰਧ ਕਰ ਦੇਵੇ ਤਾਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਮਿਹਨਤ ਬਚ ਜਾਵੇ ਅਤੇ ਉਨ੍ਹਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਵੀ ਬਚ ਜਾਣ। ਇਸ ਮੌਕੇ ਸਮੂਹ ਜੀ. ਓ. ਜੀ. ਮੈਂਬਰਾਂ ਅਤੇ ਅਹੁਦੇਦਾਰਾਂ, ਪਿੰਡਾਂ ਦੇ ਸਰਪੰਚਾਂ, ਅਹੁਦੇਦਾਰਾਂ, ਪੀੜਤ ਕਿਸਾਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਤਬਾਹ ਹੋਈਆਂ ਫਸਲਾਂ ਦਾ ਘੱਟੋ- ਘੱਟ 30 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।


Baljeet Kaur

Content Editor

Related News