10 ਤੋਂ 12 ਨੌਜਵਾਨਾਂ ਨੇ ਬਾਜ਼ਾਰ ''ਚ ਸ਼ਰੇਆਮ ਕੀਤੀ ਗੁੰਡਾਗਰਦੀ, ਸੀ.ਸੀ.ਟੀ.ਵੀ. ''ਚ ਕੈਦ

12/02/2019 2:57:14 PM

ਗੁਰੂਹਰਸਹਾਏ (ਆਵਲਾ) : ਸ਼ਹਿਰ ਦੇ ਮੁਕਤਸਰ ਰੋਡ 'ਤੇ 10 ਤੋਂ 12 ਦੇ ਕਰੀਬ ਅਣਪਛਾਤੇ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਆਦਿ ਦੇ ਜ਼ੋਰ 'ਤੇ ਮੁਕਤਸਰ ਰੋਡ ਦੇ ਬਾਜ਼ਾਰ ਦੇ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਅਤੇ ਇਕ ਦੁਕਾਨ 'ਚ ਦਾਖਲ ਹੋ ਕੇ ਕੁੱਟ-ਮਾਰ ਕਰਦੇ ਹੋਏ ਦੁਕਾਨ 'ਚ ਪਏ ਸਾਮਾਨ ਦੀ ਭੰਨ-ਤੋੜ ਵੀ ਕੀਤੀ ਗਈ। ਇਸ ਗੁੰਡਾਗਰਦੀ ਤੋਂ ਪੀੜਤ ਨੌਜਵਾਨ ਨੂੰ ਸਿਵਲ ਹਸਪਤਾਲ ਗੁਰੂਹਰਸਹਾਏ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਦੂਜੇ ਪਾਸੇ ਪੁਲਸ ਨੇ ਗੁੰਡਾਗਰਦੀ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਬਣਾ ਕੇ ਛਾਪਾਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਗੁੰਡਿਆਂ ਦੀ ਕੁੱਟ-ਮਾਰ ਕਰਨ ਦੀ ਤਸਵੀਰ ਬਾਜ਼ਾਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ।

ਕਟਾਰੀਆ ਬੁੱਕ ਸੈਂਟਰ ਦੇ ਮਾਲਕ ਮੁਨੀਸ਼ ਕਟਾਰੀਆ ਨੇ ਦੱਸਿਆ ਕਿ ਉਸ ਦੀ ਦੁਕਾਨ 'ਤੇ ਕੰਮ ਕਰਣ ਵਾਲਾ ਕਰਮਚਾਰੀ ਨਿਰਮਲ ਜਦੋਂ ਦੁਕਾਨ ਦੇ ਅੱਗੇ ਮੋਟਰਸਾਈਕਲ ਖੜ੍ਹਾ ਕਰ ਰਿਹਾ ਸੀ ਤਾਂ ਉਸ ਦੇ ਮੋਟਰਸਾਈਕਲ ਦੇ ਵਿਚ ਇਕ ਨੌਜਵਾਨ ਨੇ ਮੋਟਰਸਾਈਕਲ ਨਾਲ ਟੱਕਰ ਮਾਰ ਦਿੱਤੀ ਅਤੇ ਬਿਨਾਂ ਕਿਸੇ ਵਜ੍ਹਾ ਹੀ ਗੁੰਡਾਗਰਦੀ ਕਰਦੇ ਹੋਏ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਨੀਸ਼ ਨੇ ਦੱਸਿਆ ਕਿ ਜਦੋਂ ਉਹ ਇਸ ਗੱਲ ਦਾ ਰੌਲਾ ਸੁਣ ਕੇ ਉਸ ਨੂੰ ਛੁਡਾਉਣ ਆਇਆ ਤਾਂ ਉਕਤ ਨੌਜਵਾਨ ਨੇ ਉਸ ਨਾਲ ਗਾਲੀ-ਗਲੋਚ ਕਰਦੇ ਹੋਏ ਆਪਣੇ ਦਰਜਨ ਭਰ ਅਣਪਛਾਤੇ ਸਾਥੀਆਂ ਨੂੰ ਸੱਦ ਲਿਆ। ਉਸ ਨੇ ਦੱਸਿਆ ਕਿ ਉਕਤ ਨੌਜਵਾਨ ਵੱਲੋਂ ਫੋਨ ਕਰਨ ਤੋਂ ਬਾਅਦ ਤੁਰੰਤ ਹੀ ਭਾਰੀ ਗਿਣਤੀ 'ਚ ਨੌਜਵਾਨਾਂ ਜਿਨ੍ਹਾਂ ਦੇ ਹੱਥਾਂ 'ਚ ਤੇਜ਼ਧਾਰ ਹਥਿਆਰ ਸਨ, ਨੇ ਗੁੰਡਾਗਰਦੀ ਦਾ ਨੰਗਾ-ਨਾਚ ਕਰਦੇ ਹੋਏ ਉਨ੍ਹਾਂ ਦੀ ਦੁਕਾਨ ਦੀ ਭੰਨ-ਤੋੜ ਕੀਤੀ ਅਤੇ ਉਨ੍ਹਾਂ ਦੀ ਕੁੱਟ-ਮਾਰ ਕੀਤੀ, ਜਿਸ ਤੋਂ ਬਾਅਦ ਇਕੱਠੇ ਹੋਏ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਉਨ੍ਹਾਂ ਦੀ ਜਾਨ ਗੁੰਡਿਆਂ ਤੋਂ ਬਚਾਈ। ਮੁਨੀਸ਼ ਨੇ ਦੱਸਿਆ ਕਿ ਜ਼ਖਮੀ ਨਿਰਮਲ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਰੋਸ ਵਿਚ ਆਏ ਦੁਕਾਨਦਾਰਾਂ ਨੇ ਪੂਰਨ ਤੌਰ 'ਤੇ ਦੁਕਾਨਾਂ ਬੰਦ ਕਰ ਕੇ ਧਰਨਾ ਲਾ ਦਿੱਤਾ ਅਤੇ ਪੁਲਸ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ। ਘਟਨਾ ਸਥਾਨ 'ਤੇ ਪੁੱਜੇ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਜਿਨ੍ਹਾਂ ਲੋਕਾਂ ਨੇ ਗੁੰਡਾਗਰਦੀ ਕੀਤੀ ਹੈ, ਉਨ੍ਹਾਂ ਲੋਕਾਂ ਨੂੰ ਛੇਤੀ ਤੋਂ ਛੇਤੀ ਫੜ ਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਸਤਵਿੰਦਰ ਭੰਡਾਰੀ ਅਤੇ ਕਈ ਯੂਨੀਅਨ ਦੇ ਪ੍ਰਧਾਨ ਵੀ ਹਾਜ਼ਰ ਸਨ।


Baljeet Kaur

Content Editor

Related News