ਮੋਬਾਇਲ ਟਾਵਰ ਦੇ ਵਿਰੋਧ ''ਚ ਗੁਰੂ ਰਾਮਦਾਸ ਨਗਰ ਵਾਸੀ ਸੜਕਾਂ ''ਤੇ ਉਤਰੇ

Saturday, Jan 20, 2018 - 08:00 AM (IST)

ਜਲੰਧਰ, (ਪੁਨੀਤ)- ਸੰਤੋਖਪੁਰਾ ਦੇ ਨਾਲ ਲੱਗਦੇ ਗੁਰੂ ਰਾਮਦਾਸ ਨਗਰ ਵਾਸੀ ਇਲਾਕੇ 'ਚ ਲੱਗ ਰਹੇ ਮੋਬਾਇਲ ਟਾਵਰ ਦੇ ਵਿਰੋਧ ਵਿਚ ਸੜਕਾਂ 'ਤੇ ਉਤਰ ਆਏ ਅਤੇ ਇਸ ਦਾ ਵਿਰੋਧ ਜਤਾਇਆ। ਇਲਾਕਾ ਵਾਸੀ ਇਸ ਸਬੰਧ ਵਿਚ ਨਗਰ ਨਿਗਮ 'ਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਰੋਸ ਜਤਾਉਂਦੇ ਹੋਏ ਥਾਣਾ 3 ਵਿਚ ਪਹੁੰਚੇ। ਥਾਣੇ ਵਿਚ ਇਲਾਕਾ ਵਾਸੀਆਂ ਨੇ ਲਿਖਤ ਸ਼ਿਕਾਇਤ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਲਾਕੇ ਵਿਚ ਮਾਹੌਲ ਖਰਾਬ ਹੁੰਦਾ ਤਾਂ ਇਸ ਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਹੋਵੇਗਾ।
ਰਾਜੀਵ ਕੋਛੜ ਦੀ ਪਤਨੀ ਵੰਦਨਾ ਕੋਛੜ ਦੇ ਨਾਂ 'ਤੇ ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਟਾਵਰ ਲਾਉਣ ਦਾ ਕੰਮ ਜਲਦ ਰੁਕਵਾਇਆ ਜਾਵੇ। ਇਸ ਸ਼ਿਕਾਇਤ ਨਾਲ ਇਲਾਕਾ ਵਾਸੀ ਬਲਜੀਤ ਕੌਰ, ਹਰਿੰਦਰ ਸਿੰਘ, ਹਰੀਸ਼ ਕੁਮਾਰ, ਬਿਮਲਾ ਦੇਵੀ, ਸੁਖਦੇਵ ਸਿੰਘ, ਰਾਜ ਕੌਰ, ਹਰਜਿੰਦਰ ਸਿੰਘ, ਸੁਰਿੰਦਰ ਕੌਰ, ਜੀਵਨ, ਛਿੰਦਾ, ਬਲਵੀਰ ਸਿੰਘ, ਕੁਲਵੰਤ, ਸੰਤੋਸ਼ ਕੁਮਾਰੀ, ਸੁਮਨ, ਸ਼ਾਂਤੀ ਦੇਵੀ, ਨਵਦੀਪ, ਜਸਪਾਲ ਸਿੰਘ, ਸ਼ਾਂਤਾ ਦੇਵੀ, ਨਵਦੀਪ ਪੂਨਮ, ਜਸਪਾਲ ਸਿੰਘ ਨੇ ਸ਼ਿਕਾਇਤ 'ਤੇ ਦਸਤਖਤ ਕਰਕੇ ਵਿਰੋਧ ਜਤਾਇਆ ਹੈ। ਅੱਜ ਇਲਾਕਾ ਵਾਸੀਆਂ ਨੇ ਥਾਣਾ 3 ਵਿਚ ਵਿਰੋਧ ਜਤਾਉਂਦੇ ਹੋਏ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਇਥੇ ਟਾਵਰ ਨਹੀਂ ਲੱਗਣ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਟਾਵਰ ਲੱਗਣ ਦਾ ਕੰਮ ਨਿਗਮ ਤੇ ਪੁਲਸ ਨੇ ਨਾ ਰੁਕਵਾਇਆ ਤਾਂ ਕਿਸ਼ਨਪੁਰਾ ਚੌਕ ਜਾਮ ਕੀਤਾ ਜਾਵੇਗਾ, ਜਿਸ ਲਈ ਨਿਗਮ ਅਧਿਕਾਰੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤੇ ਟਾਵਰ ਮਾਲਕ ਦੇ ਪੱਖ ਵਿਚ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਮਿਲੀਭੁਗਤ ਕਰਨ ਵਾਲੇ ਨਿਗਮ ਅਧਿਕਾਰੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।


Related News