ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ (ਵੀਡੀਓ)
Monday, Sep 21, 2015 - 01:09 PM (IST)
ਬਟਾਲਾ- ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 528ਵੇਂ ਵਿਆਹ ਪੁਰਬ ਦੇ ਸੰਬੰਧ ਵਿਚ ਬਟਾਲਾ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਗੁਰੂ ਜੀ ਦਾ ਆਨੰਦ ਕਾਰਜ ਮਾਤਾ ਸੁਲੱਖਣੀ ਜੀ ਨਾਲ ਹੋਇਆ। ਅੱਜ ਤੋਂ 528 ਸਾਲ ਪਹਿਲਾਂ ਸੰਨ 1487 ਵਿਚ ਸੁਲਤਾਨਪੁਰ ਲੋਧੀ ਤੋਂ ਗੁਰੂ ਨਾਨਕ ਦੇਵ ਜੀ ਦੀ ਬਰਾਤ ਬਟਾਲਾ ਆਈ ਸੀ ਅਤੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਉਨ੍ਹਾਂ ਦਾ ਵਿਆਹ ਹੋਇਆ ਸੀ।
ਉਸ ਸਮੇਂ ਤੋਂ ਹੀ ਬਟਾਲਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਬਰਾਤ ਦੇ ਸੰਬੰਧ ਵਿਚ ਨਗਰ ਕੀਰਤਨ ਕੱਢਿਆ ਜਾਂਦਾ ਹੈ। ਇਹ ਨਗਰ ਕੀਰਤਨ ਬਟਾਲਾ ਦੇ ਵੱਖ-ਵੱਖ ਬਜ਼ਾਰਾਂ ''ਚੋਂ ਹੁੰਦਾ ਹੋਇਆ ਕੱਲ ਦੇਰ ਸ਼ਾਮ ਗੁਰਦੁਆਰਾ ਡੇਰਾ ਸਾਹਿਬ ਵਿਖੇ ਸੰਪੰਨ ਹੋਇਆ। ਸਿੱਖ ਧਰਮ ਦੇ ਲੋਕ ਆਪਣੇ 10 ਗੁਰੂ ਸਾਹਿਬਾਨਾਂ ''ਚੋਂ ਸਿਰਫ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਉਂਦੇ ਹਨ ਅਤੇ ਇਹ ਵਿਆਹ ਪੁਰਬ ਪੁਰਾਣੇ ਰੀਤੀ-ਰਿਵਾਜ਼ਾਂ ਨਾਲ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਪਾਲਕੀ ''ਚ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਮੰਨ ਕੇ ਸਜਾਇਆ ਜਾਂਦਾ ਹੈ ਅਤੇ ਬੈਂਡ ਵਾਜਿਆਂ ਨਾਲ ਬਰਾਤ ਕੱਢੀ ਜਾਂਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵਿਆਹ ਪੁਰਬ ਲਈ ਬਟਾਲਾ ਵਿਚ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਸਨ ਅਤੇ ਪ੍ਰਸ਼ਾਸਨ ਤੇ ਪੁਲਸ ਨੇ ਵੀ ਇਸ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ। ਹਰ ਸਾਲ ਵਾਂਗ ਇਸ ਸਾਲ ਵੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਇਸ ਬਰਾਤ ਵਿਚ ਸ਼ਾਮਲ ਹੋਈਆਂ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।