ਪ੍ਰੇਮ ਸਬੰਧਾਂ ਨੇ ਲਈ 17 ਸਾਲਾ ਨੌਜਵਾਨ ਦੀ ਜਾਨ (ਵੀਡੀਓ)

Sunday, Sep 08, 2019 - 01:48 PM (IST)

ਗੁਰਹਰਸਹਾਏ (ਆਵਲਾ) - ਬਸਤੀ ਗੁਰੂ ਕਰਮ ਸਿੰਘ 'ਚ ਰਹਿੰਦੇ ਇਕ ਮੁੰਡੇ ਨੇ ਪ੍ਰੇਮ ਸਬੰਧਾਂ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਰੰਗਾ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਪਾਲੀ ਨਾਮੀ ਔਰਤ ਕੰਮ ਕਰਦੀ ਸੀ, ਜਿਸ ਦੀ ਕੁੜੀ ਨੰਦਨੀ ਨਾਲ ਉਸ ਦੇ ਪੁੱਤਰ ਬੌਬੀ ਦੇ ਪ੍ਰੇਮ ਸਬੰਧ ਬਣੇ ਗਏ ਅਤੇ ਪਾਲੀ ਨੇ ਦੋਵਾਂ ਦੀ ਮੰਗਣੀ ਕਰਵਾ ਦਿੱਤੀ। 2 ਦਿਨ ਪਹਿਲਾਂ ਬੌਬੀ ਪਾਲੀ ਦੇ ਘਰ ਅੱਗੋਂ ਲੰਘ ਰਿਹਾ ਸੀ ਤਾਂ ਉਹ ਨੰਦਨੀ ਨਾਲ ਗੱਲ ਕਰਨ ਲੱਗ ਪਿਆ ਅਤੇ ਪਾਲੀ ਨੇ ਬਾਹਰ ਆ ਕੇ ਬੌਬੀ ਨੂੰ ਗਾਲੀ-ਗਲੋਚ ਕੀਤੀ ਅਤੇ ਥੱਪੜ ਮਾਰੇ, ਜਿਸ ਦੇ ਬਾਰੇ ਉਸ ਨੇ ਘਰ ਆ ਕੇ ਦੱਸਿਆ। 

PunjabKesari

ਕੁਝ ਦਿਨਾਂ ਬਾਅਦ ਬੌਬੀ ਪਾਲੀ ਦੇ ਘਰ ਸਾਹਮਣਿਓਂ ਜਦੋਂ ਮੁੜ ਲੰਘ ਰਿਹਾ ਸੀ ਤਾਂ ਪਾਲੀ ਤੇ ਪੰਜੂ ਨਾਮੀ ਵਿਅਕਤੀ ਨੇ ਉਸ ਨੂੰ ਰੋਕ ਲਿਆ ਅਤੇ ਕਿਹਾ ਕਿ ਤੁਸੀਂ ਇਸ ਗਲੀ 'ਚ ਨਾ ਆਇਆ ਕਰੋ, ਨਹੀਂ ਤਾਂ ਅਸੀਂ ਆਪਣੀ ਕੁੜੀ ਤੋਂ ਤੁਹਾਡੇ 'ਤੇ ਪਰਚਾ ਦਰਜ ਕਰਵਾ ਦੇਵਾਂਗੇ। ਇਸੇ ਗੱਲ ਤੋਂ ਪ੍ਰੇਸ਼ਾਨ ਹੋ ਕੇ ਬੌਬੀ ਘਰ ਆਇਆ ਅਤੇ ਫਿਰ ਆਪਣੇ ਤਾਏ ਦੇ ਘਰ ਚਲਾ ਗਿਆ। ਇਕ ਕਮਰੇ 'ਚ ਪਰਿਵਾਰ ਦੇ ਸਾਰੇ ਮੈਂਬਰ ਬੈਠੇ ਹੋਣ ਕਾਰਨ ਉਹ ਦੂਜੇ ਕਮਰੇ 'ਚ ਚਲਾ ਗਿਆ ਅਤੇ ਛੱਤ ਦੇ ਗਾਡਰ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਲਿਆ। ਜਦੋਂ ਉਸ ਨੂੰ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ਲਿਆਂਦਾ ਤਾਂ ਡਾਕਟਰ ਵਿਸ਼ਾਲ ਸੋਨੇ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਜਸਵਿੰਦਰ ਸਿੰਘ ਅਤੇ ਏ. ਐੱਸ. ਆਈ. ਦਰਸ਼ਨ ਲਾਲ ਨੇ ਦੱਸਿਆ ਕਿ ਬੌਬੀ ਦੇ ਪਿਤਾ ਦੇ ਬਿਆਨਾਂ 'ਤੇ ਪੰਜੂ ਅਤੇ ਪਾਲੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਜਾਵੇਗੀ।


author

rajwinder kaur

Content Editor

Related News