ਗੁੱਟ 'ਤੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਕੇ ਭੈਣਾਂ ਨੇ ਨਮ ਅੱਖਾਂ ਨਾਲ ਭਰਾ ਨੂੰ ਦਿੱਤੀ ਅੰਤਿਮ ਵਿਦਾਈ
Friday, Apr 22, 2022 - 06:34 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਜਸਵਿੰਦਰ,ਵਰਿੰਦਰ ਪੰਡਿਤ)- ਦੁਬਈ ਵਿੱਚ ਮੌਤ ਦਾ ਸ਼ਿਕਾਰ ਹੋਏ ਪਿੰਡ ਮੂਨਕ ਕਲਾਂ ਦੇ 22 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦਾ ਅੱਜ ਪਿੰਡ ਮੂਨਕ ਕਲਾਂ ਦੇ ਸ਼ਮਸ਼ਾਨਘਾਟ ਵਿੱਚ ਸੈਂਕੜੇ ਹੀ ਸੇਜਲ ਅੱਖਾਂ ਦੀ ਮੌਜੂਦਗੀ ਅਤੇ ਗਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰ ਵਿਚ ਇਕਲੌਤਾ ਆਪਣੇ 85 ਸਾਲਾ ਸੋਹਣ ਸਿੰਘ ਦਾ ਆਖ਼ਰੀ ਸਹਾਰਾ ਗੁਰਪ੍ਰੀਤ ਸਿੰਘ ਬੀਤੇ ਮਾਰਚ ਮਹੀਨੇ ਵਿਚ ਵਿਦੇਸ਼ ਪੁਰਤਗਾਲ ਜਾਣ ਲਈ ਦੁਬਈ ਦੇ ਇਕ ਹੋਟਲ ਵਿਚ ਠਹਿਰਿਆ ਹੋਇਆ ਸੀ ਕਿ ਜਿੱਥੇ ਇਕ ਮੰਦਭਾਗੀ ਅਤੇ ਦੁਖ਼ਦਾਇਕ ਘਟਨਾ ਵਿੱਚ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਜਾਰੀ ਕੀਤੀ ਐਡਵਾਈਜ਼ਰੀ
ਅੱਜ ਅੰਤਿਮ ਸੰਸਕਾਰ ਸਮੇਂ ਤਾਂ ਮ੍ਰਿਤਕ ਦੀ ਭੂਆ ਰਾਜਬੀਰ ਕੌਰ ਅਤੇ ਉਨ੍ਹਾਂ ਦੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਗੁਰਪ੍ਰੀਤ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਅਤੇ ਸਿਰ 'ਤੇ ਸਿਹਰਾ ਸਜਾ ਕੇ ਰੋਂਦਿਆਂ ਵਿਲਕਦਿਆਂ ਅੰਤਿਮ ਵਿਦਾਇਗੀ ਦਿੱਤੀ। ਅੰਤਿਮ ਸੰਸਕਾਰ ਮੌਕੇ ਪਹੁੰਚੇ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਨੇ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਾਬਤਾ ਕਾਇਮ ਕਰਕੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਨਗੇ।
ਇਸ ਮੌਕੇ ਸਰਬੱਤ ਦਾ ਭਲਾ ਸੇਵਾ ਸੋਸਾਇਟੀ ਦੇ ਵਾਲੰਟੀਅਰ ਜਥੇਦਾਰ ਦਵਿੰਦਰ ਸਿੰਘ ਮੂਨਕਾਂ, ਸਰਪੰਚ ਗੁਰਵਿੰਦਰ ਸਿੰਘ ਗੋਲਡੀ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਦੇ ਸੇਵਾਦਾਰ ਐੱਸ. ਪੀ. ਸਿੰਘ ਓਬਰਾਏ ਦਾ ਵਿਦੇਸ਼ ਤੋਂ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਕੀਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ, ਉੱਥੇ ਹੀ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਸਰਕਾਰਾਂ ਨੌਜਵਾਨਾਂ ਨੂੰ ਭਾਰਤ ਜਾਂ ਪੰਜਾਬ ਵਿੱਚ ਹੀ ਰੋਜ਼ਗਾਰ ਦੇਵੇ ਤਾਂ ਨੌਜਵਾਨਾਂ ਨੂੰ ਲੱਖਾਂ ਰੁਪਇਆ ਖ਼ਰਚ ਕੇ ਵਿਦੇਸ਼ ਨਾ ਜਾਣ ਅਤੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦਾ ਸ਼ਿਕਾਰ ਨਾ ਹੋਣ।
ਇਹ ਵੀ ਪੜ੍ਹੋ: ਜਲੰਧਰ ਦੇ ਪੁਲਸ ਕਮਿਸ਼ਨਰ ਦੀ ਸਖ਼ਤੀ, ਥਾਣਾ ਮੁਖੀਆਂ ਨੂੰ ਦਿੱਤੀ ਦੋ-ਟੁੱਕ ਚਿਤਾਵਨੀ
ਇਸ ਮੌਕੇ ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ, ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ, ਸੁਖਵਿੰਦਰ ਸਿੰਘ ਮੂਨਕਾਂ, ਸਾਬਕਾ ਸਰਪੰਚ ਹਰਬੰਸ ਸਿੰਘ ਮੂਨਕਾਂ, ਡਾ. ਗੁਰਚਰਨ ਸਿੰਘ,ਪਰਦੀਪ ਸਿੰਘ, ਕਰਨ ਸੈਣੀ, ਗਿਆਨੀ ਅਮਰਜੀਤ ਸਿੰਘ ਮੂਨਕਾਂ,ਪ੍ਰਿੰਸੀਪਲ ਗੁਰਦਿਆਲ ਸਿੰਘ, ਸਾਬੀ ਮੂਨਕਾਂ, ਚਰਨਜੀਤ ਸਿੰਘ ਲਾਡੀ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਸੈੱਲ ਭਾਜਪਾ, ਗੁਰਨਾਮ ਸਿੰਘ ਮੂਨਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ: ਉੱਜੜਿਆ ਇਕ ਹੋਰ ਪਰਿਵਾਰ, ਗੋਰਾਇਆ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ