ਪੰਜਾਬੀ ਗੱਭਰੂ ਇਕ ਵਾਰ ਫਿਰ ਰੌਸ਼ਨ ਕਰੇਗਾ ਨਾਂ, ਬਰੈਂਪਟਨ ਤੋਂ ਲੜੇਗਾ ਰੀਜਨਲ ਕੌਂਸਲਰ ਲਈ ਚੋਣ

11/07/2017 3:52:36 PM

ਟੋਰਾਂਟੋ,(ਬਿਊਰੋ)— ਬਰੈਂਪਟਨ ਦੇ ਵਾਰਡ 9-10 ਤੋਂ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਬਰੈਂਪਟਨ ਦੇ 'ਗੁਰਦੁਆਰਾ ਸ੍ਰੀ ਜੋਤ ਪ੍ਰਕਾਸ਼ ਸਾਹਿਬ' ਵਿਖੇ ਕਰਵਾਏ ਕੀਰਤਨ ਸਮਾਗਮ 'ਚ ਪੁੱਜੇ। ਇਸ ਮੌਕੇ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ, ਰੂਬੀ ਸਹੋਤਾ, ਰਮੇਸ਼ਵਰ ਸਿੰਘ ਸੰਘਾ, ਸੋਨੀਆ ਸਿੱਧੂ, ਕਮਲ ਖਹਿਰਾ, ਬੌਬ ਸਰੋਆ, ਬਰੈਂਪਟਨ ਦੀ ਮੇਅਰ ਲਿੰਦਾ ਜ਼ਾਫਰੀ, ਸਕੂਲ ਟਰੱਸਟੀ ਹਰਕੀਰਤ ਸਿੰਘ, ਅਵਤਾਰ ਸਿੰਘ ਮਿਨਹਾਸ, ਕੌਂਸਲਰ ਪੈਟ ਫੋਰਟੀਨੀ, ਮਾਰਟਿਨ ਮੈਡਆਈਰਸ ਸਮੇਤ ਹੋਰ ਵੀ ਕਾਫੀ ਲੋਕ ਹਾਜ਼ਰ ਸਨ। ਗੁਰਪ੍ਰੀਤ ਸਿੰਘ ਢਿੱਲੋਂ ਨੇ ਇਕ ਇਕੱਠ ਦੌਰਾਨ ਦੱਸਿਆ ਕਿ ਬਰੈਂਪਟਨ ਦੇ ਵਾਰਡ 9 ਤੇ 10 ਤੋਂ ਰੀਜਨਲ ਕੌਂਸਲਰ ਜੌਹਨ ਸੁਪਰੋਵਰੀ ਦੇ ਸਿਆਸਤ ਤੋਂ ਸੰਨਿਆਸ ਲੈਣ ਕਾਰਨ ਉਹ ਰੀਜਨਲ ਕੌਂਸਲਰ ਲਈ ਚੋਣ ਲੜਨਗੇ। ਇਸ ਮੌਕੇ ਜੌਹਨ ਸੁਪਰੋਵਰੀ ਵੀ ਪੁੱਜੇ ਹੋਏ ਸਨ ਤੇ ਉਨ੍ਹਾਂ ਕਿਹਾ ਕਿ ਪਰਿਵਾਰਕ ਮਜਬੂਰੀਆਂ ਤੇ ਰੁਝੇਵਿਆਂ ਕਾਰਨ ਹੁਣ ਉਹ ਸਿਆਸਤ ਛੱਡ ਰਹੇ ਹਨ । ਇਸ ਅਹੁਦੇ ਲਈ ਉਨ੍ਹਾਂ ਗੁਰਪ੍ਰੀਤ ਸਿੰਘ ਢਿੱਲੋਂ ਦਾ ਨਾਮ ਲੈਂਦਿਆਂ ਕਿਹਾ ਕਿ ਇਹ ਉਤਸ਼ਾਹੀ ਨੌਜਵਾਨ ਇਸ ਅਹੁਦੇ ਲਈ ਯੋਗ ਉਮੀਦਵਾਰ ਹੋ ਸਕਦਾ ਹੈ, ਜੋ ਸਾਲ 2014 ਤੋਂ ਲਗਾਤਾਰ ਸਿਟੀ ਕੌਂਸਲਰ ਦੇ ਤੌਰ 'ਤੇ ਲੋਕਾਂ ਲਈ ਕੰਮ ਕਰ ਰਿਹਾ ਹੈ। 
ਜ਼ਿਕਰਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਢਿਲਵਾਂ ਦੇ ਪਿੰਡ ਚੱਕੋਕੀ ਨਾਲ ਸਬੰਧਤ ਜਰਨੈਲ ਸਿੰਘ ਢਿੱਲੋਂ ਦੇ ਕੈਨੇਡਾ 'ਚ ਜਨਮੇ ਸਪੁੱਤਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਉੱਚ ਵਿੱਦਿਆ ਪ੍ਰਾਪਤ ਕਰਨ ਉਪਰੰਤ ਸਿਆਸਤ 'ਚ ਆਉਣ ਦਾ ਫ਼ੈਸਲਾ ਕੀਤਾ ਤੇ ਸਾਲ 2014 'ਚ ਉਨ੍ਹਾਂ ਸਿਟੀ ਕੌਂਸਲਰ ਦੀ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ। ਇਸ ਮਗਰੋਂ ਵਧੀਆ ਕਾਰਗੁਜ਼ਾਰੀ ਤੇ ਮਿੱਠਬੋਲੜੇ ਸੁਭਾਅ ਕਾਰਨ ਥੋੜੇ ਸਮੇਂ 'ਚ ਹੀ ਲੋਕਾਂ 'ਚ ਬਹੁਤ ਹਰਮਨ ਪਿਆਰਾ ਹੋ ਗਿਆ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਇਹ ਗੱਲ ਮਾਣ ਨਾਲ ਕਹਿ ਸਕਦਾ ਹੈ ਕਿ ਉਹ ਛੇਤੀ ਹੀ ਬਰੈਂਪਟਨ 'ਚ ਯੂਨੀਵਰਸਿਟੀ ਲਿਆ ਰਹੇ ਹਨ ਤਾਂ ਕਿ ਵਿਦਿਆਰਥੀ ਨੂੰ ਉਚੇਰੀ ਪੜ੍ਹਾਈ ਲਈ ਦੂਰ-ਦੁਰਾਡੇ ਦੀਆਂ ਯੂਨੀਵਰਸਿਟੀਆਂ 'ਚ ਧੱਕੇ ਨਾ ਖਾਣੇ ਪੈਣ। ਸਾਡਾ ਟੀਚਾ ਆਉਣ ਵਾਲੇ ਸਮੇਂ 'ਚ 25,000 ਦੇ ਕਰੀਬ ਨੌਕਰੀਆਂ ਪੈਦਾ ਕਰਨ ਦਾ ਹੈ ਤਾਂ ਕਿ ਉੱਚ ਵਿੱਦਿਆ ਪ੍ਰਾਪਤ ਤੇ ਵੱਖ-ਵੱਖ ਕਿੱਤਿਆਂ ਦੇ ਮਾਹਰ ਵਿਦਿਆਰਥੀਆਂ ਨੂੰ ਦੂਰ-ਦੁਰਾਡੇ ਨੌਕਰੀਆਂ ਲੱਭਣ ਲਈ ਸੰਘਰਸ਼ ਨਾ ਕਰਨਾ ਪਵੇ।


Related News