ਐੱਸ.ਐੱਫ. ਜੇ. 'ਤੇ ਪੰਜਾਬ ਪੁਲਸ ਦੀ ਕਾਰਵਾਈ, ਕਪੂਰਥਲਾ ਤੋਂ ਗ੍ਰਿਫ਼ਤਾਰ ਕੀਤਾ ਪੰਨੂ ਦਾ ਸਾਥੀ
Saturday, Jul 04, 2020 - 07:48 PM (IST)
![ਐੱਸ.ਐੱਫ. ਜੇ. 'ਤੇ ਪੰਜਾਬ ਪੁਲਸ ਦੀ ਕਾਰਵਾਈ, ਕਪੂਰਥਲਾ ਤੋਂ ਗ੍ਰਿਫ਼ਤਾਰ ਕੀਤਾ ਪੰਨੂ ਦਾ ਸਾਥੀ](https://static.jagbani.com/multimedia/2020_7image_12_28_227303980untitled-4copy.jpg)
ਕਪੂਰਥਲਾ (ਓਬਰਾਏ)— ਸਿੱਖਸ ਫਾਰ ਜਸਟਿਸ 'ਤੇ ਜਿੱਥੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਨੇ ਚੌਕਸੀ ਵਰਤਨੀ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਪੰਜਾਬ ਪੁਲਸ ਨੇ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਅੱਜ ਕਪੂਰਥਲਾ 'ਚ ਭੁਲੱਥ ਪੁਲਸ ਨੇ ਐੱਸ. ਐੱਫ. ਜੇ. ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦੇ ਹੋਏ ਉਸ ਦੇ ਸਾਥੀ ਐੱਸ. ਐੱਫ. ਜੇ. ਦੇ ਸਰਗਰਮ ਮੈਂਬਰ ਜੋਗਿੰਦਰ ਸਿੰਘ ਗੁੱਜਰ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਭੁਲੱਥ ਦੀ ਪੁਲਸ ਵੱਲੋਂ ਉਸ ਨੂੰ ਉਸ ਦੇ ਪਿੰਡ ਅਕਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਡੀ.ਐੱਸ.ਪੀ. ਭੁਲੱਥ ਵੱਲੋਂ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ 12 ਸਾਲਾਂ ਤੋਂ ਇਟਲੀ 'ਚ ਰਹਿ ਰਿਹਾ ਸੀ ਅਤੇ ਇਟਲੀ 'ਚ ਰਹਿੰਦੇ ਹੋਏ ਜੋਗਿੰਦਰ ਸਿੰਘ ਨੇ ਪਨੂੰ ਦੇ ਨਾਲ ਕੰਮ ਕੀਤਾ ਹੈ। ਜੋਗਿੰਦਰ ਇਸੇ ਸਾਲ ਹੀ ਭਾਰਤ ਪਰਤਿਆ ਸੀ।
ਇਹ ਵੀ ਪੜ੍ਹੋ: ਪ੍ਰੇਮ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮੀ ਦੀ ਮੌਤ ਤੋਂ ਬਾਅਦ ਕੁਝ ਘੰਟਿਆਂ 'ਚ ਪ੍ਰੇਮਿਕਾ ਨੇ ਵੀ ਤੋੜਿਆ ਦਮ
ਥਾਣਾ ਮੁਖੀ ਬਿਕਰਮ ਸਿੰਘ ਨੇ ਦੱਸਿਆ ਕਿ ਜੋਗਿੰਦਰ ਕੋਲੋਂ ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਇਕ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ, ਜਿਸ ਦੀ ਵਰਤੋਂ ਉਹ ਆਪਣੇ ਨੈੱਟਵਰਕ ਨੂੰ ਚਲਾਉਣ ਲਈ ਕਰਦਾ ਸੀ। ਉਸ ਦੀ ਜਾਂਚ ਨੂੰ ਲੈ ਕੇ ਤਕਨੀਕੀ ਲੈਬ 'ਚ ਭੇਜਿਆ ਗਿਆ ਹੈ। ਇਸੇ ਤਰ੍ਹਾਂ ਕੁਝ ਇਤਰਾਜ਼ਯੋਗ ਤਸਵੀਰਾਂ ਅਤੇ ਸਾਹਤਿਕ ਪੈਂਫ਼ਲਿਟ (ਕਿਤਾਬਚਾ) ਵੀ ਬਰਾਮਦ ਹੋਏ ਹਨ। ਜੋਗਿੰਦਰ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਗੁਰਪਤਵੰਤ ਸਿੰਘ ਪੰਨੂ ਨੂੰ ਅੱਤਵਾਦੀ ਐਲਾਨ ਕੀਤੇ ਜਾਣ ਤੋਂ ਇਕ ਦਿਨ ਬਾਅਦ ਪੰਜਾਬ ਪੁਲਸ ਨੇ ਵੀਰਵਾਰ ਨੂੰ ਉਸ ਅਤੇ ਉਸ ਦੇ ਸਹਿਯੋਗੀ ਐੱਸ. ਐੱਫ. ਜੇ. ਦੇ ਐਕਟਿਵ ਮੈਂਬਰ ਜੋਗਿੰਦਰ ਸਿੰਘ ਗੁੱਜਰ ਖ਼ਿਲਾਫ਼ ਅੰਮ੍ਰਿਤਸਰ ਅਤੇ ਕਪੂਰਥਲਾ 'ਚ 2 ਵੱਖ-ਵੱਖ ਐੱਫ. ਆਈ. ਆਰਜ਼ ਦਰਜ ਕੀਤੀਆਂ ਸਨ, ਜੋ ਇਸ ਸਾਲ ਫਰਵਰੀ 'ਚ ਇਟਲੀ ਤੋਂ ਭਾਰਤ ਆਇਆ ਸੀ।
ਖਾਲਿਸਤਾਨ ਦਾ ਸਮਰਥਨ ਕਰਨ ਵਾਲਾ ਪੰਨੂ, ਜਿਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ 'ਚ ਕਿਹਾ ਸੀ ਕਿ ਉਹ ਪੰਜਾਬ 'ਚ ਅੱਤਵਾਦ ਨੂੰ ਉਤਸ਼ਾਹਿਤ ਕਰਨ 'ਚ ਸਰਗਰਮ ਤੌਰ 'ਤੇ ਸ਼ਾਮਲ ਸੀ, ਨੂੰ ਗ੍ਰਹਿ ਮੰਤਰਾਲੇ ਨੇ ਯੂ. ਏ. ਪੀ. ਏ. ਅਧੀਨ ਅੱਤਵਾਦੀ ਵਜੋਂ ਨਾਮਜ਼ਦ 9 ਵਿਅਕਤੀਆਂ 'ਚ ਸ਼ਾਮਲ ਕੀਤਾ ਹੈ, ਜੋ ਪੰਜਾਬ 'ਚ ਅੱਤਵਾਦ ਨੂੰ ਉਤਸ਼ਾਹਤ ਕਰਨ ਅਤੇ ਵਿਦੇਸ਼ੀ ਧਰਤੀ ਤੋਂ ਅੱਤਵਾਦ ਦੀਆਂ ਵੱਖ-ਵੱਖ ਕਾਰਵਾਈਆਂ 'ਚ ਸ਼ਾਮਲ ਸਨ। ਐੱਮ. ਐੱਚ. ਏ. ਨੇ ਪੰਨੂ ਨੂੰ ਭਾਰਤ ਵਿਰੁੱਧ ਵੱਖਵਾਦੀ ਮੁਹਿੰਮ ਨੂੰ ਸਰਗਰਮੀ ਨਾਲ ਚਲਾਉਣ ਅਤੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਕਤਾਰਾਂ 'ਚ ਸ਼ਾਮਲ ਹੋਣ ਲਈ ਉਤਸਾਹਤ ਕਰਨ ਲਈ ਅੱਤਵਾਦੀ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ: ਪਤਨੀ ਤੇ ਉਸ ਦੇ ਆਸ਼ਿਕ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ