ਜਾਬਾਜ਼ ਸਿਪਾਹੀ ਦੇ ਪਰਿਵਾਰ ਲਈ ਫ਼ਰਿਸ਼ਤਾ ਬਣ ਕੇ ਆਏ ਡਾ. ਓਬਰਾਏ

Wednesday, Aug 19, 2020 - 06:15 PM (IST)

ਜਾਬਾਜ਼ ਸਿਪਾਹੀ ਦੇ ਪਰਿਵਾਰ ਲਈ ਫ਼ਰਿਸ਼ਤਾ ਬਣ ਕੇ ਆਏ ਡਾ. ਓਬਰਾਏ

ਧੂਰੀ (ਅਸ਼ਵਨੀ): ਪਿੰਡ ਕੁੰਭੜਵਾਲ ਦੇ ਇਕ ਸਿਪਾਹੀ ਨਿਰਭੈ ਸਿੰਘ ਪੁੱਤਰ ਗੁਰਬਚਨ ਸਿੰਘ ਜੋ ਕਿ ਇੰਡੋ ਤਿਬੱਤ ਬਾਰਡਰ ਪੁਲਸ 'ਚ ਮੁਲਾਜ਼ਮ ਸੀ ਅਤੇ ਕਰੀਬ 15 ਸਾਲ ਪਹਿਲਾਂ ਡਿਊਟੀ ਦੌਰਾਨ ਹੋਏ ਇਕ ਬਲਾਸਟ 'ਚ ਜ਼ਖਮੀ ਹੋ ਗਏ ਸਨ। ਜ਼ਖ਼ਮੀ ਹੋਣ ਕਾਰਣ ਇਸ ਸਿਪਾਹੀ ਦੇ ਸਰੀਰ ਦਾ ਲੱਕ ਤੋਂ ਹੇਠਲਾ ਹਿੱਸਾ ਬਿਲਕੁਲ ਨਕਾਰਾ ਹੋ ਗਿਆ ਸੀ। ਇਸ ਦੇ ਚੱਲਦਿਆਂ ਨਿਰਭੈ ਸਿੰਘ ਪਿੰਡ ਕੁੰਭੜਵਾਲ ਵਿਖੇ ਮੰਜੇ 'ਤੇ ਪੈ ਕੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਅਤੇ ਕਰੀਬ 15 ਦਿਨ ਪਹਿਲਾਂ ਉਸਦੀ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਅਤੇ ਪਰਿਵਾਰ ਦੀ ਆਰਥਿਕ ਮਦਦ ਦੇਣ ਲਈ ਪਹੁੰਚੇ ਆਈ.ਟੀ.ਬੀ.ਪੀ. ਦੇ ਡਿਪਟੀ ਕਮਾਂਡੈਂਟ ਬਿਕਰਮਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਹੋਰਨਾਂ ਅਧਿਕਾਰੀਆਂ ਵਲੋਂ ਇਕੱਤਰ ਕੀਤੀ 1 ਲੱਖ 60 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਨਿਰਭੈ ਸਿੰਘ ਦੇ ਪਰਿਵਾਰ ਨੂੰ ਸੌਂਪੀ ਗਈ। ਉੱਥੇ ਹੀ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐੱਸ. ਪੀ. ਸਿੰਘ ਓਬਰਾਏ ਵਲੋਂ ਵੀ ਇਸ ਜਾਬਾਜ਼ ਸਿਪਾਹੀ ਦੇ ਪਰਿਵਾਰ ਲਈ ਸਾਢੇ ਸੱਤ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਲਾਈ ਗਈ ਹੈ ਅਤੇ ਇਸ ਸਿਪਾਹੀ ਦੇ ਬੱਚਿਆਂ ਦੀ ਉੱਚ ਸਿੱਖਿਆ ਦੇ ਖਰਚੇ ਦਾ ਜਿੰਮਾ ਵੀ ਚੁੱਕਿਆ ਹੈ। ਪਿੰਡ ਕੁੰਭੜਵਾਲ ਦੀ ਪੰਚਾਇਤ ਨੇ ਚਮਕੌਰ ਸਿੰਘ ਦੀ ਅਗਵਾਈ 'ਚ ਇਨ੍ਹਾਂ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਹਥਣੀ ਦੀ ਮੌਤ ਤੋਂ ਬਾਅਦ ਹੁਣ ਪੰਜਾਬ 'ਚ ਜਾਣਬੁੱਝ ਕੇ ਕੁੱਤੇ 'ਤੇ ਚੜ੍ਹਾਈ ਕਾਰ

ਇਸੇ ਲੜੀ 'ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਅਤੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਸਮਾਜਸੇਵੀ ਡਾ. ਓਬਰਾਏ ਵਲੋਂ ਧੂਰੀ ਦੇ ਰਹਿਣ ਵਾਲੇ ਇਕ ਅਤਿ ਗਰੀਬ ਪਰਿਵਾਰ ਦੇ ਨੌਜਵਾਨ ਗੁਰਮੁੱਖ ਸਿੰਘ ਜਿਸਦੀ ਬੀਤੀ 2 ਜੁਲਾਈ ਨੂੰ ਦੁਬਈ ਵਿਖੇ ਮੌਤ ਹੋ ਗਈ ਸੀ ਅਤੇ 17 ਜੁਲਾਈ ਨੂੰ ਲਾਸ਼ ਡਾ. ਓਬਰਾਏ ਨੇ ਆਪਣੇ ਖਰਚ 'ਤੇ ਮੰਗਵਾ ਕੇ ਵਾਰਸਾਂ ਨੂੰ ਸੌਂਪੀ ਸੀ, ਦੇ ਘਰ ਅੱਜ ਡਾ. ਓਬਰਾਏ ਨੇ ਜ਼ਿਲ੍ਹਾ ਪ੍ਰਧਾਨ 
ਸੁਖਵਿੰਦਰ ਸਿੰਘ ਹਰਮਨ ਨੂੰ ਨਾਲ ਲੈ ਕੇ ਪਰਿਵਾਰ ਦਾ ਹਾਲ-ਚਾਲ ਪੁੱਛਿਆ। ਮ੍ਰਿਤਕ ਗੁਰਮੁੱਖ ਸਿੰਘ ਦੇ ਬੱਚਿਆਂ ਦੀ ਉਚੇਰੀ ਪੜ੍ਹਾਈ ਦਾ ਖਰਚਾ ਆਉਣ ਵਾਲੇ ਸਮੇਂ 'ਚ ਕੋਲੋਂ ਦੇਣ ਦਾ ਵਾਅਦਾ ਕਰਦਿਆਂ ਅਤੇ ਪਰਿਵਾਰ ਦੀ ਤੰਗੀ-ਤੁਰਸ਼ੀ ਵਾਲੀ ਹਾਲਤ ਦੇਖਦਿਆਂ ਉਨ੍ਹਾਂ ਗੁਰਮੁੱਖ ਸਿੰਘ ਦੀ ਵਿਧਵਾ ਕਿਰਨਜੀਤ ਕੌਰ ਨੂੰ 5 ਹਜ਼ਾਰ ਰੁਪਏ ਦਾ ਚੈੱਕ ਦਿੰਦਿਆਂ ਹਰ ਮਹੀਨੇ 5 ਹਜ਼ਾਰ ਰੁਪਏ ਦੀ ਪੈਨਸ਼ਨ ਟਰੱਸਟ ਵੱਲੋਂ ਭੇਜਣ ਦਾ ਭਰੋਸਾ ਦਿਵਾਇਆ।

ਇਹ ਵੀ ਪੜ੍ਹੋ:  ਕੋਰੋਨਾ ਵਾਇਰਸ ਕਾਰਣ ਸਾਦੇ ਢੰਗ ਨਾਲ ਮਨਾਇਆ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 'ਵਿਆਹ-ਪੁਰਬ'

ਇਸ ਮੌਕੇ ਗੁਰਮੁੱਖ ਸਿੰਘ ਦੇ ਪਿਤਾ ਨੇ ਡਾ. ਓਬਰਾਏ ਦਾ ਭਰੇ ਮਨ ਨਾਲ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਡਾ. ਓਬਰਾਏ ਉਨ੍ਹਾਂ ਦੇ ਪੁੱਤਰ ਗੁਰਮੁੱਖ ਸਿੰਘ ਦੀ ਲਾਸ਼ ਦੁਬਈ ਤੋਂ ਧੂਰੀ ਲਿਆਉਣ 'ਚ ਮਦਦ ਨਾ ਕਰਦੇ ਤਾਂ ਉਹ ਅੰਤਿਮ ਸਸਕਾਰ ਬਾਰੇ ਸੋਚ ਵੀ ਨਹੀਂ ਸਕਦੇ ਸੀ।ਇਸ ਮੌਕੇ ਗੱਲਬਾਤ ਕਰਦਿਆਂ ਡਾ. ਓਬਰਾਏ ਨੇ ਕਿਹਾ ਕਿ ਟਰੱਸਟ ਵੱਲੋਂ ਹਜ਼ਾਰਾਂ ਲੋੜਵੰਦ ਪਰਿਵਾਰਾਂ ਦੀਆਂ ਵਿਧਵਾਵਾਂ ਨੂੰ ਹਰ ਮਹੀਨੇ ਕਰੋੜਾਂ ਰੁਪਏ ਲੋਕ ਭਲਾਈ ਸਕੀਮਾਂ ਤਹਿਤ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਲਈ ਵੀ ਟਰੱਸਟ ਨੇ ਲਗਭਗ 20 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਸੀ ਜਿਸ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਰਹਿਣ ਵਾਲੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਐਂਟੀ ਕੁਰੱਪਸ਼ਨ ਸੋਸਾਇਟੀ ਧੂਰੀ, ਵਪਾਰ ਮੰਡਲ ਅਤੇ ਪੰਜਾਬ ਜਰਨਲਿਸਟ ਯੂਨੀਅਨ ਵੱਲੋਂ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਲੋਈ ਭੇਟ ਕਰ ਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।ਇਸ ਸਮੇਂ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਹਰਮਨ, ਕੁਲਵੰਤ ਸਿੰਘ ਬਾਜਵਾ, ਸਤਨਾਮ ਸਿੰਘ ਦਮਦਮੀ, ਹੰਸ ਰਾਜ ਦੀਦਾਰਗੜ੍ਹ, ਤਰਸੇਮ ਵਰਮਾਂ, ਸੁਨੀਲ ਕੁਮਾਰ, ਰਾਜਿੰਦਰ ਕੁਮਾਰ ਬਿੱਲਾ ਅਤੇ ਇੰਦਰ ਸਿੰਘ ਆਦਿ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਅਕਾਲੀ ਆਗੂ ਨੇ ਭਗਵੰਤ ਮਾ ਨ ਖਿਲਾਫ ਕੀਤੀ ਪ੍ਰਧਾਨ ਮੰਤਰੀ ਅਤੇ ਐੱਸ. ਐੱਸ. ਪੀ. ਨੂੰ ਸ਼ਿਕਾਇਤ


author

Shyna

Content Editor

Related News