ਜ਼ਿੰਦਗੀ ਨੇ ਮੁੜ ਫੜੀ ਰਫਤਾਰ, ਮੀਂਹ ਨੇ ਹੌਲੀ ਕੀਤੀ ਚਾਲ

08/30/2017 6:37:55 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- 25 ਅਗਸਤ ਨੂੰ ਡੇਰਾ ਮੁਖੀ ਖਿਲਾਫ ਆਏ ਫੈਸਲੇ ਤੋਂ ਬਾਅਦ ਜ਼ਿਲਾ ਬਰਨਾਲਾ 'ਚ ਕਰਫਿਊ ਲਾ ਦਿੱਤਾ ਗਿਆ ਸੀ, ਜਿਸਨੂੰ ਮੰਗਲਵਾਰ ਨੂੰ ਜ਼ਿਲਾ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਹਟਾ ਦਿੱਤਾ। ਕਰਫਿਊ ਹਟਣ ਤੋਂ ਬਾਅਦ ਹੌਲੀ-ਹੌਲੀ ਜ਼ਿੰਦਗੀ ਲੀਹ 'ਤੇ ਚੜ੍ਹਨੀ ਸ਼ੁਰੂ ਹੋ ਗਈ ਹੈ। ਅੱਜ ਚਾਰ ਦਿਨਾਂ ਤੋਂ ਬਾਅਦ 5ਵੇਂ ਦਿਨ ਬੱਸ ਸੇਵਾ ਵੀ ਚਾਲੂ ਹੋ ਗਈ। ਸ਼ਾਮ ਤੋਂ ਰੇਲ ਗੱਡੀਆਂ ਦੀ ਆਵਾਜਾਈ ਵੀ ਰੇਲਵੇ ਵਿਭਾਗ ਨੇ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ 'ਚ ਭਾਰੀ ਕਮੀ ਆਈ ਹੈ। ਸਕੂਲ, ਕਾਲਜ ਬੰਦ ਹੋਣ ਕਾਰਨ ਵਿਦਿਆਰਥੀ ਨਿਰਾਸ਼ : ਜ਼ਿਲੇ 'ਚ ਸਕੂਲ ਅਤੇ ਕਾਲਜ ਬੰਦ ਹੋਣ ਕਾਰਨ ਵਿਦਿਆਰਥੀਆਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਅਮਨ ਅਲਾਪ, ਅਰਸ਼ਨੂਰ, ਰੌਬਿਨ, ਸੰਜੇ ਕੁਮਾਰ, ਮਮਤਾ ਰਾਣੀ ਆਦਿ ਨੇ ਕਿਹਾ ਕਿ ਪਿਛਲੇ ਇਕ ਹਫਤੇ ਤੋਂ ਸਕੂਲਾਂ ਅਤੇ ਕਾਲਜਾਂ 'ਚ ਪੜ੍ਹਾਈ ਨਹੀਂ ਹੋ ਰਹੀ। ਸਾਨੂੰ ਤਾਂ ਅਧਿਆਪਕਾਂ ਵੱਲੋਂ ਪਿਛਲਾ ਪੜ੍ਹਾਇਆ ਹੋਇਆ ਲੈਸਨ ਵੀ ਭੁੱਲਣਾ ਸ਼ੁਰੂ ਹੋ ਗਿਆ ਹੈ। ਕੱਲ ਦੀ ਫਿਰ ਸਰਕਾਰੀ ਛੁੱਟੀ ਹੈ। ਸਾਡੀ ਤਾਂ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਇੰਨੀਆਂ ਛੁੱਟੀਆਂ ਹੋਣ ਕਾਰਨ ਸਾਨੂੰ ਆਪਣਾ ਸਿਲੇਬਸ ਵੀ ਪੂਰਾ ਕਰਨਾ ਔਖਾ ਹੋ ਜਾਵੇਗਾ।
ਪਹਿਲਾਂ ਨੋਟਬੰਦੀ, ਫਿਰ ਜੀ. ਐੱਸ. ਟੀ. ਅਤੇ ਹੁਣ ਕਰਫਿਊ ਨੇ ਕੀਤਾ ਵਪਾਰ ਚੌਪਟ
ਸਮਾਜ ਸੇਵੀ ਜਗਜੀਤ ਧੌਲਾ ਨੇ ਕਿਹਾ ਕਿ ਪਹਿਲਾਂ ਤਾਂ ਨੋਟਬੰਦੀ ਨੇ ਵਪਾਰ ਨੂੰ ਖ਼ਤਮ ਕਰ ਕੇ ਰੱਖ ਦਿੱਤਾ। ਉਸ ਤੋਂ ਬਾਅਦ ਵਪਾਰ ਨੇ ਰਫਤਾਰ ਫੜਨੀ ਸ਼ੁਰੂ ਕੀਤੀ ਤਾਂ ਜੀ.ਐੱਸ.ਟੀ. ਕਾਨੂੰਨ ਨੇ ਕਾਰੋਬਾਰ ਦੀ ਚਾਲ ਮੱਠੀ ਕਰ ਦਿੱਤੀ। ਹੌਲੀ-ਹੌਲੀ ਵਪਾਰੀ ਜੀ.ਐੱਸ.ਟੀ. ਕਾਨੂੰਨ ਤੋਂ ਉਭਰਨਾ ਸ਼ੁਰੂ ਹੋਏ ਸਨ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਖਿਲਾਫ ਆਏ ਕੋਰਟ ਦੇ ਫੈਸਲੇ ਕਾਰਨ ਕਰਫਿਊ ਲੱਗ ਗਿਆ। ਇਨ੍ਹਾਂ ਤਿੰਨਾਂ ਚੀਜ਼ਾਂ ਨੇ ਤਾਂ ਵਪਾਰੀਆਂ ਦਾ ਭੱਠਾ ਹੀ ਬਿਠਾ ਕੇ ਰੱਖ ਦਿੱਤਾ। ਅੱਜ ਪੰਜ ਦਿਨਾਂ ਬਾਅਦ ਦੁਕਾਨਦਾਰਾਂ ਨੂੰ ਕੰਮ ਚੱਲਣ ਦੀ ਉਮੀਦ ਸੀ ਪਰ ਮੀਂਹ ਨੇ ਉਮੀਦਾਂ 'ਤੇ ਪਾਣੀ ਫੇਰ ਦਿੱਤਾ। 


Related News