ਲਾਲਜੀਤ ਭੁੱਲਰ 'ਤੇ ਕਰੋ ਕਤਲ ਦਾ ਮਾਮਲਾ ਦਰਜ : ਗੁਰਜੀਤ ਔਜਲਾ

Saturday, Mar 21, 2026 - 11:51 AM (IST)

ਲਾਲਜੀਤ ਭੁੱਲਰ 'ਤੇ ਕਰੋ ਕਤਲ ਦਾ ਮਾਮਲਾ ਦਰਜ : ਗੁਰਜੀਤ ਔਜਲਾ

ਅੰਮ੍ਰਿਤਸਰ(ਵੈੱਬ ਡੈਸਕ/ਨੀਰਜ)- ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੇ ਖੁਦਕੁਸ਼ੀ ਕਰ ਲਈ ਹੈ। ਰਿਪੋਰਟਾਂ ਅਨੁਸਾਰ ਰੰਧਾਵਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀ, ਜਿਸ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਨਾਮ ਲਿਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਘਟਨਾ ਸਾਹਮਣੇ ਆਉਣ ਤੋਂ ਬਾਅਦ ਟਰਾਂਸਪੋਰਟ ਮੰਤਰੀ ਨੇ ਅਸਤੀਫਾ ਦੇ ਦਿੱਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੰਜਾਬ ਸਰਕਾਰ ਨੇ ਸੀਨੀਅਰ ਆਈਏਐਸ ਅਧਿਕਾਰੀ ਕੇਪੀ ਸਿਨਹਾ ਤੋਂ ਜਾਂਚ ਦੇ ਹੁਕਮ ਦਿੱਤੇ ਹਨ। ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਹਾਲਾਤਾਂ ਦਾ ਖੁਲਾਸਾ ਜਾਂਚ ਤੋਂ ਬਾਅਦ ਹੀ ਹੋਵੇਗਾ। ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ 'ਚ ਸਨਸਨੀ ਫੈਲਾ ਦਿੱਤੀ ਹੈ।

ਇਸ ਦੌਰਾਨ ਜਦੋਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਿੱਜੀ ਹਸਪਤਾਲ ਗਏ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਹੋ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅੱਜ ਸਵੇਰੇ ਗਗਨਦੀਪ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਨਾਂ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭੁੱਲਰ ਤੋਂ ਸਿਰਫ ਅਸਤੀਫਾ ਹੀ ਨਹੀਂ, ਸਗੋਂ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਰਕਾਰ ਅਤੇ ਸੰਬੰਧਤ ਲੋਕਾਂ ਨੂੰ “ਕਾਲੀਆਂ ਭੇਡਾਂ” ਕਰਾਰ ਦਿੰਦੇ ਹੋਏ ਕਿਹਾ ਕਿ ਇਹ ਲੋਕ ਰਾਜਨੀਤੀ ਨੂੰ ਗਲਤ ਦਿਸ਼ਾ ਵਿੱਚ ਲੈ ਕੇ ਜਾ ਰਹੇ ਹਨ। ਉਨ੍ਹਾਂ ਦੇ ਮੁਤਾਬਕ ਕੁਝ ਲੋਕ ਰਾਜਨੀਤੀ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਹਨ ਅਤੇ ਸਿਰਫ ਆਪਣੇ ਪਰਿਵਾਰਕ ਫਾਇਦੇ ਬਾਰੇ ਸੋਚਦੇ ਹਨ।

ਉਨ੍ਹਾਂ ਨੇ ਦੋਸ਼ ਲਾਇਆ ਕਿ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਪਿਤਾ ਦੇ ਨਾਂ ‘ਤੇ ਸਰਕਾਰੀ ਟੈਂਡਰ ਅਪਲਾਈ ਕੀਤੇ ਸੀ, ਜੋ ਕਿ ਕੇਂਦਰ ਸਰਕਾਰ ਏਜੰਸੀ ਹੈ। ਜਦੋਂ ਟੈਡਰ ਨਹੀਂ ਮਿਲਿਆ ਤਾਂ ਉਨ੍ਹਾਂ ਉਸ ਨੂੰ ਬੁਲਾ ਕੇ ਕਿਹਾ ਤੂੰ ਪੈਸੇ ਲੈਣੇ ਹਨ ਅਤੇ ਧਮਕੀਆਂ ਦੇ ਮਾਰ-ਕੁਟਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਕੋਈ ਗੱਲ ਸੀ ਤਾਂ ਇਸਨੂੰ ਵਿਧਾਨ ਸਭਾ ਵਿੱਚ ਉਠਾਇਆ ਜਾਣਾ ਚਾਹੀਦਾ ਸੀ, ਪਰ ਇਸ ਦੀ ਬਜਾਏ ਉਸ ਵਿਅਕਤੀ ਨਾਲ ਮਾਰ-ਕੁਟਾਈ ਕੀਤੀ ਗਈ। ਉਸ ਦੀ ਵੀਡੀਓ ਬਣਾਕੇ ਟਾਰਚਰ ਕੀਤਾ ਗਿਆ ਅਤੇ ਗੈਂਗਸਟਰਾਂ ਰਾਹੀਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਪ੍ਰਸ਼ਾਸਨ ਮ੍ਰਿਤਕ ਦੇ ਪਰਿਵਾਰ ‘ਤੇ ਦਬਾਅ ਪਾ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਲੱਕ 'ਚ ਦਮ ਰੱਖੋ , ਕਿਉਂਕਿ ਕੱਲ੍ਹ ਨੂੰ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਹੋ ਸਕਦੀ ਹੈ।


author

Shivani Bassan

Content Editor

Related News