2 ਗੁਰਦੁਆਰਿਆਂ ''ਚ ਚੋਰੀ, 24000 ਦੀ ਨਕਦੀ ਲੈ ਉੱਡੇ ਚੋਰ
Tuesday, Jun 11, 2019 - 03:53 PM (IST)
ਬਟਾਲਾ/ਗੁਰਦਾਸਪੁਰ (ਬੇਰੀ, ਵਿਨੋਦ, ਹਰਮਨ) : ਪਿੰਡ ਚੀਮਾ ਖੁੱਡੀ ਦੇ ਗੁਰਦੁਆਰਾ ਸਾਹਿਬ 'ਚ ਚੋਰਾਂ ਨੇ ਸੰਗਤ ਵਲੋਂ ਚੜ੍ਹਾਇਆ ਗਿਆ ਚੜ੍ਹਾਵਾ ਚੋਰੀ ਕਰ ਲਿਆ। ਇਸ ਸਬੰਧ ਵਿਚ ਮਹਿੰਦਰ ਸਿੰਘ ਗ੍ਰੰਥੀ ਪੁੱਤਰ ਜਗਤ ਸਿੰਘ ਵਾਸੀ ਪਿੰਡ ਧਾਰੀਵਾਲ ਸੋਹੀਆਂ ਨੇ ਦੱਸਿਆ ਕਿ ਉਹ ਪਿੰਡ ਚੀਮਾ ਖੁੱਡੀ ਸਥਿਤ ਗੁਰਦੁਆਰਾ ਬੇਰੀ ਸ਼ਾਹ ਵਿਖੇ ਬਤੌਰ ਗ੍ਰੰਥੀ ਸੇਵਾ ਕਰਦਾ ਹੈ ਅਤੇ ਬੀਤੀ 9 ਜੂਨ ਨੂੰ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਕੇ ਆਪਣੇ ਘਰ ਚਲਾ ਗਿਆ ਅਤੇ ਅਗਲੇ ਦਿਨ ਸਵੇਰੇ ਜਦੋਂ ਆਇਆ ਤਾਂ ਦੇਖਿਆ ਕਿ ਗੁਰਦੁਆਰੇ ਦੇ ਮੇਨ ਗੇਟ ਦੇ ਦੋਵੇਂ ਤਾਲੇ ਟੁੱਟੇ ਪਏ ਸਨ।
ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਗੁਰਦੁਆਰੇ ਦੇ ਪ੍ਰਧਾਨ ਸੰਤਾ ਸਿੰਘ ਤੇ ਮੈਂਬਰ ਬਲਵੰਤ ਸਿੰਘ ਨੂੰ ਇਸ ਬਾਰੇ ਫੋਨ 'ਤੇ ਇਤਲਾਹ ਦਿੱਤੀ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਦੋਂ ਗੁਰਦੁਆਰੇ ਦੇ ਅੰਦਰ ਜਾ ਕੇ ਦੇਖਿਆ ਤਾਂ ਗੋਲਕ ਦੇ ਵੀ ਤਾਲੇ ਟੁੱਟੇ ਪਏ ਸਨ ਤੇ ਚੋਰ ਗੋਲਕ ਵਿਚੋਂ 8000 ਰੁਪਏ ਚੜ੍ਹਾਵਾ ਚੋਰੀ ਕਰਕੇ ਲੈ ਜਾ ਚੁੱਕੇ ਸਨ। ਇਹ ਵੀ ਪਤਾ ਲੱਗਾ ਹੈ ਕਿ ਇਸ ਬਾਰੇ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਕਾਰਵਾਈ ਕਰਦਿਆਂ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।
ਇਸੇ ਤਰ੍ਹਾਂ ਇਕ ਹੋਰੇ ਗੁਰਦੁਆਰੇ 'ਚੋਂ ਚੋਰ ਲਗਭਗ 16000 ਰੁਪਏ ਚੋਰੀ ਕਰਕੇ ਲੋ ਗਏ। ਭੈਣੀ ਮੀਆ ਖਾਂ ਪੁਲਸ ਨੇ ਅਣਪਛਾਤੇ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਭੈਣੀ ਮੀਆ ਖਾਂ ਪੁਲਸ ਸਟੇਸ਼ਨ 'ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਜਗਦੀਸ਼ ਸਿੰਘ ਨੇ ਦੱਸਿਆ ਕਿ ਮੰਗਤਾ ਸਿੰਘ ਪੁੱਤਰ ਸਵਰਨ ਸਿੰਘ ਨਿਵਾਸੀ ਪਿੰਡ ਭੈਣੀ ਮੀਆ ਖਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਪਿੰਡ 'ਚ ਗੁਰਦੁਆਰਾ ਬਾਗ ਵਾਲਾ 'ਚ ਗ੍ਰੰਥੀ ਦੇ ਰੂਪ 'ਚ ਕੰਮ ਕਰਦਾ ਹੈ। ਬੀਤੀ ਰਾਤ ਉਹ ਗੁਰਦੁਆਰੇ ਨੂੰ ਤਾਲੇ ਲਾ ਕੇ ਗਿਆ ਅਤੇ ਅੱਜ ਸਵੇਰੇ ਲਗਭਗ 5 ਵਜੇ ਜਦ ਉਹ ਵਾਪਸ ਗੁਰਦੁਆਰੇ ਆਇਆ ਤਾਂ ਦੇਖਿਆ ਗੁਰਦੁਆਰੇ ਦੇ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਗੁਰਦੁਆਰੇ ਦੀ ਗੋਲਕ ਚੋਰੀ ਹੋ ਚੁੱਕੀ ਸੀ, ਜਿਸ 'ਚ ਲਗਭਗ 6000 ਰੁਪਏ ਸਨ। ਇਸ ਤਰ੍ਹਾਂ ਗੁਰਦੁਆਰੇ ਦੀ ਅਲਮਾਰੀ 'ਚ ਰੱਖੇ ਲਗਭਗ 10 ਹਜ਼ਾਰ ਰੁਪਏ ਵੀ ਚੋਰੀ ਹੋ ਚੁੱਕੇ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੰਗਤਾ ਸਿੰਘ ਦੇ ਬਿਆਨ ਦੇ ਆਧਾਰ 'ਤੇ ਚੋਰ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।