ਗੁਰਦੁਆਰਾ ਸਾਹਿਬ ''ਚ ਫੇਰੇ ਲੈਣ ਲੱਗੇ ਲਾੜੇ ''ਤੇ ਹਮਲਾ, ਮਚ ਗਿਆ ਚੀਕ ਚਿਹਾੜਾ
Monday, Apr 22, 2019 - 06:28 PM (IST)

ਜਲੰਧਰ (ਮ੍ਰਿਦੁਲ) : ਅੰਮ੍ਰਿਤਸਰ ਤੋਂ ਜਲੰਧਰ ਵਿਆਹ ਕਰਵਾਉਣ ਆਏ ਲਾੜੇ 'ਤੇ ਬਾਹਰੋਂ ਆਏ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਲਾੜੇ ਦੀ ਸੱਜੀ ਸਜਾਈ ਦੀ ਕਾਰ ਦੀ ਵੀ ਭੰਨ ਤੋੜ ਕੀਤੀ। ਹਮਲਾਵਰਾਂ ਨੇ ਹਮਲਾ ਗੁਰਦੁਆਰਾ ਸਾਹਿਬ ਦੇ ਅੰਦਰ ਕੀਤਾ, ਜਿੱਥੇ ਇਕ ਸਿੱਖ ਵਿਅਕਤੀ ਦੀ ਪੱਗ ਵੀ ਉਤਰ ਗਈ। ਇਸ ਹਮਲੇ ਵਿਚ ਲਾੜਾ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਬਸਤੀ ਸ਼ੇਖ ਦੇ ਗੁਰਦੁਆਰਾ ਸਾਹਿਬ ਵਿਚ ਵਿਆਹ ਸਮਾਗਮ ਚੱਲ ਰਿਹਾ ਸੀ। ਅਜੇ ਫੇਰਿਆਂ ਦੀ ਰਸਮ ਹੋਣ ਹੀ ਲੱਗੀ ਸੀ ਕਿ ਬਾਹਰੋਂ ਆਏ ਕੁਝ ਵਿਅਕਤੀਆਂ ਨੇ ਫੇਰੇ ਲੈ ਰਹੇ ਲਾੜੇ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਲਾੜੇ ਦਾ ਬਚਾਅ ਕਰਨ ਆਏ ਰਿਸ਼ਤੇਦਾਰ ਦੀ ਵੀ ਹਮਲਾਵਰਾਂ ਨੇ ਕੁੱਟਮਾਰ ਕੀਤੀ, ਜਿਸ ਵਿਚ ਉਸ ਦੀ ਪੱਗ ਉਤਰ ਗਈ।
ਹਮਲਾਵਰ ਗੁਰਦੁਆਰਾ ਵਿਚ ਗਾਲੀ-ਗਲੋਚ ਕਰਦੇ ਹੋਏ ਜਾਂਦੇ ਹੋਏ ਵਿਆਹ ਵਾਲੀ ਕਾਰ ਦੀ ਵੀ ਭੰਨ ਤੋੜ ਕਰ ਗਏ। ਉਪਰੰਤ ਗੁਰਦੁਆਰਾ ਕਮੇਟੀ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਗੁਰਦੁਆਰਾ ਸਾਹਿਬ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੂਟੇਜ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।