ਦਿਮਾਗ 'ਚ ਚਿੱਟੇ ਦਾ ਟੀਕਾ ਲਾਉਣ ਦਾ ਆਦੀ ਸੀ ਨੌਜਵਾਨ, ਝੰਜੋੜ ਦੇਵੇਗੀ ਦਾਸਤਾਨ

9/15/2019 4:14:20 PM

ਗੁਰਦਾਸਪੁਰ (ਗੁਰਪ੍ਰੀਤ) : ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਹਿ ਰਹੀ ਹੈ ਪਰ ਨਸ਼ੇ ਦੀ ਦਲਦਲ 'ਚ ਫਸੇ ਕਈ ਨੌਜਵਾਨ ਆਪਣੇ-ਆਪ ਨੂੰ ਬਰਬਾਦ ਕਰ ਚੁੱਕੇ ਤੇ ਕਈ ਇਸ ਦਲਦਲ 'ਚੋਂ ਖੁਦ ਨਿਕਲ ਰਹੇ ਹਨ। ਅਜਿਹੀ ਹੀ ਦਸਤਾਨ ਹੈ ਗੁਰਦਾਸਪੁਰ ਦੇ ਰਹਿਣ ਵਾਲੇ ਪੰਕਜ ਮਹਾਜਨ ਦੀ, ਜਿਸ ਬਾਰੇ ਜਾਣ ਕੇ ਹਰ ਕੋਈ ਅੰਦਰ ਤੱਕ ਝੰਜੋੜਿਆ ਗਿਆ। ਪੰਕਜ ਨੇ ਦੱਸਿਆ ਕਿ ਨਸ਼ੇ ਨੇ ਉਸ ਦਾ ਸਭ ਕੁਝ ਉਜਾੜ ਕੇ ਰੱਖ ਦਿੱਤਾ ਤੇ ਪਰਿਵਾਰਕ ਮੈਂਬਰ ਵੀ ਉਸ ਨੂੰ ਛੱਡ ਕੇ ਚਲੇ ਗਏ। ਜਦੋਂ ਉਸ ਨੂੰ ਸਮਝ ਆਈ ਤਾਂ ਉਸ ਨੇ ਖੁਦ ਨੂੰ ਬਿਨ੍ਹਾਂ ਕੋਈ ਦਵਾਈ ਖਾਧੇ ਇਸ ਦਲਦਲ 'ਚੋਂ ਬਾਹਰ ਕੱਢਿਆ।

ਪੰਕਜ ਨੇ ਦੱਸਿਆ ਕਿ ਸਕੂਲ ਸਮੇਂ ਤੋਂ ਉਸ ਨੇ ਫਰੂਟ ਬੀਅਰ ਤੋਂ ਇਸ ਦੀ ਸ਼ੁਰੂਆਤ ਕੀਤੀ ਤੇ ਲਗਾਤਾਰ ਨਸ਼ੇ ਵੱਲ ਵੱਧਦਾ ਗਿਆ। ਉਸ ਨੇ ਹਰ ਤਰ੍ਹਾਂ ਦਾ ਨਸ਼ਾ ਕੀਤਾ। ਨਸ਼ੇ ਦੇ ਟੀਕੇ ਲਗਾ ਕੇ ਉਸਦੇ ਸਰੀਰ ਦੀਆਂ ਸਾਰੀਆਂ ਨਸਾਂ ਬੰਦ ਹੋ ਚੁੱਕੀਆਂ ਸਨ। ਆਖੀਰ 'ਚ ਨਸ਼ੇ ਦੀ ਪੂਰਤੀ ਲਈ ਉਸ ਨੇ ਆਪਣੇ ਦਿਮਾਗ 'ਚ ਚਿੱਟੇ ਦੇ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ। ਜਦੋਂ ਨਸ਼ੇ ਮਿਲਣਾ ਘੱਟ ਹੋਇਆ ਤਾਂ ਉਸ ਨੇ ਦਿਮਾਗ 'ਚ ਓਵਰਡੋਜ਼ ਦਾ ਟੀਕਾ ਲਗਾ ਕੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਬਚ ਗਿਆ। ਨਸ਼ੇ ਦੀ ਆਦਤ ਕਾਰਨ ਉਸ ਦੀ ਪਤਨੀ ਆਪਣੀ ਤਿੰਨ ਸਾਲ ਦੀ ਬੱਚੀ ਸਮੇਤ ਘਰ ਛੱਡ ਕੇ ਚਲੀ ਗਈ। ਉਸ ਨੇ ਕਿਹਾ ਕਿ ਕੁਝ ਵਿਅਕਤੀਆਂ ਨੇ ਮੈਨੂੰ ਸਮਝਾਇਆ ਕਿ ਨਸ਼ਾ ਕਰਕੇ ਵਿਅਕਤੀ ਮਰਦਾ ਹੈ, ਨਸ਼ਾ ਛੱਡਣ ਨਾਲ ਕੋਈ ਨਹੀਂ ਮਰਦਾ, ਜਿਸ ਤੋਂ ਬਾਅਦ ਹੌਲੀ-ਹੌਲੀ ਮੈਂ ਖੁਦ ਨਸ਼ੇ ਨੂੰ ਛੱਡ ਦਿੱਤਾ, ਉਹ ਵੀ ਕਿਸੇ ਦਵਾਈ ਤੋਂ ਬਿਨਾਂ। ਉਸ ਨੇ ਆਪਣੀ ਹੱਡ-ਬੀਤੀ ਆਪਣੀ ਬਾਂਹ 'ਤੇ ਵੀ ਲਿਖਵਾਈ ਹੈ ਤਾਂ ਜੋ ਹੋਰ ਨੌਜਵਾਨ ਵੀ ਇਸ ਦਲਦਲ 'ਚੋਂ ਨਿਕਲ ਸਕਣ। ਉਸ ਨੇ ਕਿਹਾ ਕਿ ਪੰਜਾਬ 'ਚੋਂ ਕਦੀ ਨਸ਼ਾ ਖਤਮ ਨਹੀਂ ਹੋ ਸਕਦਾ ਤੇ ਨਾ ਹੀ ਨਸ਼ਾ ਛੱਡਣ ਦੀ ਕੋਈ ਦਵਾਈ ਬਣੀ ਹੈ। ਇਸ ਲਈ ਨੌਜਵਾਨਾਂ ਨੂੰ ਸਮਝਾ ਕੇ ਹੀ ਨਸ਼ਿਆਂ ਦੀ ਦਲਦਲ 'ਚੋਂ ਕੱਢਿਆ ਜਾ ਸਕਦਾ ਹੈ। ਇਸ ਲਈ ਉਸ ਵਲੋਂ ਇਕ ਫ੍ਰੀਡਮ ਫਾਰਮ ਡਰੱਗ ਗਰੁੱਪ ਵੀ ਬਣਾਇਆ ਗਿਆ ਹੈ ਤਾਂ ਜੋਂ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਸਮਝਾਅ ਕੇ ਇਸ 'ਚੋਂ ਕੱਢਿਆ ਜਾਵੇ।


Baljeet Kaur

Edited By Baljeet Kaur