ਕਈ ਗੰਭੀਰ ਚੁਣੌਤੀਆਂ ਦੇ ਬਾਵਜੂਦ ਨਵੇਂ ਮੀਲ ਪੱਥਰਾਂ ਦਾ ਗਵਾਹ ਬਣਿਆ ‘ਸਾਲ-2020’

01/01/2021 10:35:12 AM

ਗੁਰਦਾਸਪੁਰ (ਹਰਮਨ): ਸਾਲ 2020 ਦੌਰਾਨ ਕੋਰੋਨਾ ਵਾਇਰਸ ਸਮੇਤ ਹੋਰ ਕਈ ਗੰਭੀਰ ਚੁਣੌਤੀਆਂ ਦੇ ਬਾਵਜੂਦ ਇਹ ਸਾਲ ਵਿਕਾਸ ਕਾਰਜਾਂ ਦੇ ਨਾਂ ਰਿਹਾ ਹੈ, ਜਿਸ ਦੇ ਚਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਕਈ ਨਵੇਂ ਮੀਲ ਪੱਥਰ ਵੀ ਸਥਾਪਿਤ ਕੀਤੇ ਹਨ। ਖ਼ਾਸ ਤੌਰ ’ਤੇ ਇਸ ਸਾਲ ਦੌਰਾਨ ਡੀ.ਸੀ. ਦੀ ਅਗਵਾਈ ਹੇਠ ਕੋਰੋਨਾ ਵਾਇਰਸ ਵਿਰੁੱਧ ਚੁੱਕੇ ਗਏ ਕਦਮਾਂ ਅਤੇ ਕੀਤੇ ਗਏ ਸਫ਼ਲ ਉਪਰਾਲਿਆਂ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਉਮੀਦ, ਸਦਭਾਵਨਾ ਤੇ ਵਿਕਾਸ ਦੀ ਕਿਰਨ ਜਗਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਜਿੱਥੇ ਅਨੇਕਾਂ ਕੰਮ ਕਰਵਾਏ ਜਾ ਚੁੱਕੇ ਹਨ ਉਥੇ ਸਾਲ 2021 ਦੌਰਾਨ 650 ਕਰੋੜ ਰੁਪਏ ਖ਼ਰਚੇ ਜਾਣਗੇ, ਜਿਨ੍ਹਾਂ ’ਚੋਂ ਪੇਂਡੂ ਖੇਤਰ ’ਚ 350 ਕਰੋੜ ਰੁਪਏ ਅਤੇ ਸ਼ਹਿਰੀ ਖੇਤਰ ਵਿਚ 300 ਰੁਪਏ ਮਨਜ਼ੂਰ ਹੋ ਗਏ ਹਨ।

ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਲੰਮਾ ਗੈਂਗ ਦੇ ਦੋ ਮੈਂਬਰ ਗਿ੍ਰਫ਼ਤਾਰ

ਜ਼ਿਲ੍ਹਾ ਗੁਰਦਾਸਪੁਰ ਅੰਦਰ ਮਗਨਰੇਗਾ ਸਕੀਮ ਤਹਿਤ ਵਿੱਤੀ ਸਾਲ 2019-20 ਦੌਰਾਨ 70 ਕਰੋੜ ਰੁਪਏ ਦੀ ਲਾਗਤ ਨਾਲ ਕਈ ਕੰਮ ਕਰਵਾਏ ਗਏ ਹਨ ਅਤੇ ਇਸ ਜ਼ਿਲ੍ਹੇ ਨੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਪਿੰਡਾਂ ਅੰਦਰ ਥਾਪਰ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ ਕਰਨ, ਪਾਰਕਾਂ ਦੀ ਉਸਾਰੀ ਕਰਨ, ਖੇਡ ਸਟੇਡੀਅਮ ਦੀ ਉਸਾਰੀ ਕਰਨ, ਕੈਟਲ ਸ਼ੈੱਡ ਬਣਾਉਣ, ਪਲਾਂਟੇਸ਼ਨ ਕਰਵਾਉਣ ਸਮੇਤ ਹੋਰ ਕਈ ਵਿਕਾਸ ਕੰਮ ਕਰਵਾਏ ਜਾਣਗੇ। ਸਮਾਰਟ ਵਿਲੇਜ਼ ਸਕੀਮ ਤਹਿਤ ਵਿੱਤੀ ਸਾਲ 2019-20 ਦੌਰਾਨ ਜ਼ਿਲ੍ਹੇ ਅੰਦਰ 1105 ਵਿਕਾਸ ਕੰਮ ਕਰਵਾਏ ਗਏ ਹਨ। ਇਨ੍ਹਾਂ ’ਚੋਂ ਗਲੀਆਂ ਨਾਲੀਆਂ ਦੀ ਉਸਾਰੀ, ਫਿਰਨੀਆਂ ਦੀ ਉਸਾਰੀ, ਸਕੂਲਾਂ ਦੀ ਇਮਾਰਤ ਦੀ ਉਸਾਰੀ ਆਦਿ ਦੇ ਕੰਮ 59.73 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਹਨ ਅਤੇ ਵਿੱਤੀ ਸਾਲ ਸਾਲ 2020-21 ਦੌਰਾਨ ਜ਼ਿਲੇ ਅੰਦਰ 4298 ਵਿਕਾਸ ਕਾਰਜ ਕਰਵਾਉਣ ਲਈ ਪ੍ਰਵਾਨ ਹੋਏ ਹਨ, ਜਿਸ ਲਈ 306.77 ਕਰੋੜ ਰੁਪਏ ਖਰਚੇ ਜਾਣਗੇ।

‘ਜਲ ਜੀਵਨ ਮਿਸ਼ਨ’ ਪ੍ਰੋਜੈਕਟ ਅਧੀਨ ਜ਼ਿਲ੍ਹਾ ਗੁਰਦਾਸਪੁਰ ਦੇ ਪੇਂਡੂ ਖੇਤਰ ਦੇ ਵਸਨੀਕਾਂ ਨੂੰ ਸਾਲ 2022 ਤੱਕ ‘ਹਰ ਘਰ ਜਲ ਹਰ ਘਰ ਨਲ’ ਦੇ ਨਾਅਰੇ ਤਹਿਤ ਘਰ-ਘਰ ਪਾਣੀ ਦੇ ਕੁਨੈਕਸ਼ਨ ਦੇਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲਾ ਗੁਰਦਾਸਪੁਰ ਦੇ ਸਾਰੇ ਪਿੰਡਾਂ ਵਿੱਚ ਚੱਲ ਰਹੀਆਂ ਜਲ ਸਪਲਾਈ ਸਕੀਮਾਂ ਅਧੀਨ ਰਹਿੰਦੀਆਂ ਪਾਈਪ ਲਾਈਨਾਂ ਵਿਛਾਉਣ, ਘਰ-ਘਰ ਪਾਣੀ ਦੇ ਕੁਨੈਕਸ਼ਨ ਦੇਣ ਦੀ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਜ਼ਿਲ੍ਹੇ ਅੰਦਰ 95 ਹਜ਼ਾਰ 295 ਘਰਾਂ ਨੂੰ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਦੁਖਦ ਖ਼ਬਰ : ਕਿਸਾਨੀ ਸੰਘਰਸ਼ ਦੌਰਾਨ ਦਸੂਹਾ ਦੇ ਕਿਸਾਨ ਦੀ ਮੌਤ

ਵਾਟਰ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ ਤਹਿਤ ਬਟਾਲਾ ਵਿਖੇ ਅਮਰੁਤ ਯੋਜਨਾ ਤਹਿਤ ਕਰੀਬ 141.08 ਕਰੋੜ ਰੁਪਏ ਦੀ ਲਾਗਤ ਨਾਲ ਹਰ ਘਰ ਨੂੰ ਜਲ ਸਪਲਾਈ ਅਤੇ ਸੀਵਰੇਜ ਨਾਲ ਜੋੜਨ ਲਈ ਵਿਕਾਸ ਕੰਮ ਤੇਜ਼ਗਤੀ ਨਾਲ ਚੱਲ ਰਿਹਾ ਹੈ। ਇਸੇ ਤਰ੍ਹਾਂ ਗੁਰਦਾਸਪੁਰ ਵਿਖੇ ਕਰੀਬ 43.05 ਕਰੋੜ ਰੁਪਏ ਅਤੇ ਦੀਨਾਨਗਰ ਵਿਖੇ 35.33 ਕਰੋੜ ਰੁਪਏ ਦੇ ਵਿਕਾਸ ਕੰਮ ਪ੍ਰਗਤੀ ਅਧੀਨ ਹਨ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਨੂੰ ਸਾਫ਼-ਸੁਥਰਾ ਬਣਾਉਣ ਦੇ ਮੰਤਵ ਨਾਲ ਸਫ਼ਲ ਯਤਨ ਕੀਤੇ ਗਏ ਹਨ, ਜਿਸ ਤਹਿਤ ‘ਮੇਰਾ ਕੂੜਾ ਮੇਰੀ ਜ਼ਿੰਮੇਵਾਰੀ’ ਤਹਿਤ ਸ਼ਹਿਰੀ ਖੇਤਰ ਨੂੰ ਸਾਫ਼-ਸੁਥਰਾ ਰੱਖਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕਰੀਬ 70 ਫੀਸਦੀ ਘਰਾਂ ’ਚੋ ਕੂੜਾ ਡੋਰ ਟੂ ਡੋਰ ਇਕੱਠਾ ਕੀਤਾ ਜਾ ਰਿਹਾ ਹੈ।  ਹਰ ਕਸਬੇ/ਸ਼ਹਿਰ ਨੂੰ 4-8 ਜ਼ੋਨਾਂ ਵਿਚ ਵੰਡਿਆ ਗਿਆ ਹੈ।

ਜ਼ਿਲ੍ਹੇ ਅੰਦਰ ਰੈਵੇਨਿਊ ਖੇਤਰ ਨੂੰ ਮਜ਼ਬੂਤੀ ਦੇਣ ਦੇ ਉਪਰਾਲੇ ਵੀ ਕੀਤੇ ਗਏ। ਅਕਤੂਬਰ ਤੱਕ 56.77 ਕਰੋੜ ਰੁਪਏ ਦੀ ਜੀ.ਐੱਸ.ਟੀ. ਕੁਲੈਕਸ਼ਨ ਕੀਤੀ ਗਈ ਜੋ 1-4-2019 ਤੋਂ 31-10-2029 ਦੇ ਮੁਕਾਬਲੇ 1.46 ਫੀਸਦ ਵੱਧ ਰਹੀ। ਕੋਰੋਨਾ ਕਾਰਨ ਭਾਵੇਂ ਸਟੈਂਪ ਡਿਊਟੀ/ਰਜਿਸ਼ਟੇਰਸ਼ਨ ਫੀਸ ਇਕਤੱਰ ਕਰਨ ਵਿਚ ਕਮੀ ਹੋਈ ਪਰ ਫਿਰ ਵੀ 30 ਨਵੰਬਰ 2020 ਤਕ 28.09 ਰੁਪਏ ਦੀ ਫੀਸ ਇਕੱਤਰ ਕੀਤੀ ਗਈ। ਜ਼ਿਲ੍ਹੇ ਦੀਆਂ ਸਾਰੀਆਂ ਰੈਵੇਨਿਊ ਕੋਰਟ ’ਚ ‘ਰੈਵੇਨਿਊ ਕੋਰਟ ਮੈਨੇਜਮੈਂਟ ਸਿਸਟਮ’ ਲਾਗੂ ਕੀਤਾ ਗਿਆ ਤੇ ਸਾਰੇ 2899 ਕੋਰਟ ਕੇਸ ਆਨਲਾਈਨ ਕੀਤੇ ਗਏ। ਇਸੇ ਤਰ੍ਹਾਂ 2019-20 ਦੀਆਂ ਸਾਰੀਆਂ ਜਮ੍ਹਾਂਬੰਦੀਆਂ ਦਾ ਕੰਪਿਊਟਰਜਾਈਡ ਕੀਤਾ ਗਿਆ। ਡਿਪਟੀ ਕਮਿਸ਼ਨਰ, ਐੱਸ.ਡੀ.ਐੱਮ., ਤਹਿਸੀਲਦਾਰਾਂ ਦੇ ਦਫਤਰ ਵਿਚ ਈ-ਆਫਿਸ ਲਾਗੂ ਕੀਤਾ ਗਿਆ। ਈ-ਸੇਵਾ ਦੀ ਪੈਡੰਸੀ ਨੂੰ ਖਤਮ ਕਰਨ ਲਈ ਠੋਸ ਉਪਰਾਲੇ ਕੀਤੇ ਅਤੇ ਪੈਡੰਸੀ ਘਟਾ ਕੇ 0.21 ਫੀਸਦੀ ਕੀਤੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਨਵੇਂ ਸਾਲ ਦੀ ਵਧਾਈ, ਲਿਆ ਇਹ ਅਹਿਦ

ਪਹਿਲੀ ਜਨਵਰੀ ਤੋਂ 21 ਦਸੰਬਰ ਤੱਕ 62 ਹਜ਼ਾਰ 301 ਨੌਜਵਾਨਾਂ ਦੀ ਰਜਿਸ਼ਟ੍ਰੇਸ਼ਨ ਕੀਤੀ ਜਾ ਚੁੱਕੀ ਹੈ। 83 ਪਲੇਸਮੈਂਟ ਕੈਂਪ ਲਗਾ ਕੇ 16 ਹਜ਼ਾਰ 459 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਕਰੀਬ 4 ਹਜ਼ਾਰ 13 ਪ੍ਰਾਰਥੀਆਂ ਦੀ ਕਾਊਂਸਲਿੰਗ ਕੀਤੀ ਗਈ ਅਤੇ 13 ਹਜ਼ਾਰ 866 ਪ੍ਰਾਰਥੀਆਂ ਨੂੰ ਸਵੈ-ਰੁਜ਼ਗਾਰ ਸਥਾਪਿਤ ਕਰਨ ਲਈ ਲੋਨ ਮੁਹੱਈਆ ਕਰਵਾਇਆ ਗਿਆ। ਜ਼ਿਲ੍ਹੇ ਅੰਦਰ ਕਰੀਬ 67 ਹਜ਼ਾਰ 500 ਡਰਾਈ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਜਦੋਂ ਕਿ ਭਾਰਤ ਸਰਕਾਰ ਦੀ ਆਤਮ ਨਿਰਭਰ ਸਕੀਮ ਤਹਿਤ 23 ਹਜ਼ਾਰ 805 ਡਰਾਈ ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਅਪ੍ਰੈਲ 2020 ਤੋਂ ਜੂਨ 2020 ਤਕ 210540 ਕਾਰਡ ਧਾਰਕਾਂ ਦੇ ਕੁਲ ਬਣਦੇ 833183 ਲਾਭਪਾਤਰੀਆਂ ਨੂੰ 124977.40 ਕੁਇੰਟਲ ਕਣਕ ਤੇ 6316.20 ਕੁਇੰਟਲ ਦਾਲ ਦੀ ਮੁਫਤ ਵੰਡ ਕੀਤੀ ਗਈ। ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਅਪ੍ਰੈਲ-ਸਤੰਬਰ ਤੱਕ ਕੁੱਲ 2 ਲੱਖ 17 ਹਜ਼ਾਰ 521 ਕਾਰਡ ਧਾਰਕਾਂ ਨੂੰ 263616.60 ਕੁਇੰਟਲ ਕਣਕ ਦੋ ਰੁਪਏ ਪ੍ਰਤੀ ਕਿਲੇ ਦੇ ਹਿਸਾਬ ਨਾਲ ਵੰਡੀ ਗਈ। ਜ਼ਿਲ੍ਹੇ ਅੰਦਰ 843 ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਿਤ ਕੀਤਾ ਗਿਆ ਹੈ ਅਤੇ ਸਮਾਰਟ ਮੋਬਾਇਲ ਫੋਨ ਸਕੀਮ ਤਹਿਤ 12703 ਸਮਾਰਟ ਫੋਨ ਅਤੇ 141 ਟੈਬਲੈੱਟ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਹਨ। ਜ਼ਿਲ੍ਹੇ ਅੰਦਰ ਕੁਲ 1 ਲੱਖ 94 ਹਜ਼ਾਰ 615 ਲਾਭਪਾਤਰੀਆਂ ਨਵੰਬਰ ਤੱਕ 130 ਕਰੋੜ 20 ਲੱਖ 67 ਹਜ਼ਾਰ 750 ਰੁਪਏ ਦੀ ਪੈਨਸ਼ਨ/ਲਾਭ ਮੁਹੱਈਆ ਕਰਵਾਇਆ ਜਾ ਚੁੱਕਾ ਹੈ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਦਫਤਰ ਡਿਪਟੀ ਕਮਿਸ਼ਨਰ) ਵਿਖੇ ਵੱਡੀਆਂ ਚਾਰ ਡਿਜੀਟਲ ਸਕਰੀਨਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿਚ ਜ਼ਿਲ੍ਹੇ ਦੇ ਸ਼ਹੀਦਾਂ, ਅਚੀਵਰਜ਼, ਜ਼ਿਲ੍ਹੇ ਦੇ ਮੁੱਖ ਸਮਾਰਕ ਅਤੇ ਵਿਕਾਸ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਜ਼ਿਲ੍ਹੇ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀ ਜੋ ਪੜ੍ਹਾਈ, ਖੇਡਾਂ ਜਾਂ ਹੋਰ ਕਿਸੇ ਮੁਕਾਮ ਵਿਚ ਅੱਗੇ ਵੱਧਣਾ ਚਾਹੁੰਦੇ ਹਨ, ਉਨ੍ਹਾਂ ਦੀ ਵਿੱਤੀ ਮਦਦ ਕਰਨ ਲਈ ‘ਗੁਰਦਾਸਪੁਰ ਅਚਵੀਰਜ਼ ਪ੍ਰਮੋਸ਼ਨ ਸੋਸਾਇਟੀ ਦਾ ਗਠਨ ਕੀਤਾ ਜਾ ਚੁੱਕਾ ਹੈ। ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ ਦੇ 21 ਐਡੀਸ਼ਨ ਸਫਲਤਾਪੂਰਵਕ ਸੰਪੰਨ ਹੋ ਚੁੱਕੇ ਹਨ। ਕੋਰੋਨਾ ਲਾਗ ਦੀ ਬੀਮਾਰੀ ਦੇ ਚੱਲਦਿਆਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਵੱਲੋਂ ਜ਼ੂਮ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਵੱਟਸਐਪ ਨੰਬਰ 70099-89791 ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਮਿਲਣਗੀਆਂ ਜਿਸਮਾਨੀ ਸੋਸ਼ਣ ਸਬੰਧੀ ਵਿਸ਼ੇਸ਼ ਰਿਸਪਾਂਸ ਟੀਮਾਂ


Baljeet Kaur

Content Editor

Related News