ਰਾਮ ਰਹੀਮ ਮਾਮਲਾ: ਪੰਜਾਬ ''ਚ ਧਾਰਾ 144 ਲਾਗੂ ਹੋਣ ਤੋਂ ਬਾਅਦ ਗੁਰਦਾਸਪੁਰ ਰੇਲਵੇ ਸਟੇਸ਼ਨ ''ਤੇ ਵਧੇ ਸੁਰੱਖਿਆ ਦੇ ਪ੍ਰਬੰਧ
Thursday, Aug 24, 2017 - 06:44 PM (IST)
ਗੁਰਦਾਸਪੁਰ(ਦੀਪਕ)— ਵੀਰਵਾਰ ਨੂੰ ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਡੇਰਾ ਮੁਖੀ ਰਾਮ ਰਹੀਮ ਦੇ ਮੁੱਦੇ 'ਤੇ ਚਲਦਿਆਂ ਪੰਜਾਬ 'ਚ ਧਾਰਾ 144 ਲਾਗੂ ਹੋਣ 'ਤੇ ਏ. ਡੀ. ਜੀ. ਪੀ. ਰੇਲਵੇ ਰੋਹਿਤ ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੇਲਵੇ ਪੁਲਸ ਗੁਰਦਾਸਪੁਰ ਵੱਲੋਂ ਰੇਲਵੇ ਚੌਂਕੀ ਇੰਚਾਰਜ ਪਲਵਿੰਦਰ ਸਿੰਘ ਦੀ ਅਗਵਾਈ ਵਿਚ ਰੇਲਵੇ ਪੁਲਸ ਵੱਲੋਂ ਰੇਲਵੇ ਸਟੇਸ਼ਨ ਦੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਚੌਂਕੀ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਧਾਰਾ 144 ਲਾਗੂ ਹੋਣ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਆਉਣ-ਜਾਣ ਵਾਲੇ ਰਸਤੇ 'ਤੇ ਹਥਿਆਰਬੰਦ ਪੁਲਸ ਕਰਮੀਆਂ ਨੂੰ ਤਹਿਨਾਤ ਕਰਕੇ ਸਖਤੀ ਨਾਲ ਪੁਲਸ ਵੱਲੋਂ ਸਟੇਸ਼ਨ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤੋਂ ਸਿੱਧੀਆਂ ਬਠਿੰਡਾ ਅਤੇ ਦਿੱਲੀ ਜਾਣ ਲਈ ਟਰੇਨਾਂ ਇਥੋਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਇਸ ਲਈ ਅਸੀਂ ਸ਼ਰਾਰਤੀ ਅਨਸਰਾਂ 'ਤੇ ਗੰਭੀਰਤਾ ਨਾਲ ਅੱਖ ਰੱਖੀ ਬੈਠੇ ਹਾਂ ਕਿ ਉਹ ਡੇਰਾ ਮੁਖੀ ਦੇ ਮੁੱਦੇ 'ਤੇ ਉਹ ਕਿਸੇ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕਣ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਟੇਸ਼ਨ ਜਾਂ ਇਸ ਦੇ ਆਸਪਾਸ ਦੇ ਇਲਾਕੇ ਵਿਚ ਘੁੰਮਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਕਿਸੇ ਨੂੰ ਰੇਲਵੇ ਸਟੇਸ਼ਨ ਦੇ ਜ਼ਿਆਦਾ ਸਮਾਂ ਰੁਕਣ ਦੀ ਇਜ਼ਾਜਤ ਦੇ ਰਹੇ ਹਾਂ।

ਉਨ੍ਹਾਂ ਕਿਹਾ ਕਿ ਅਸੀਂ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਆਉਣ-ਜਾਣ ਵਾਲੀਆਂ ਟਰੇਨਾਂ ਅਤੇ ਵਿਚ ਬੈਠੀਆਂ ਸਵਾਰੀਆਂ ਅਤੇ ਉਨ੍ਹਾਂ ਦੇ ਸਾਮਾਨ ਦੀ ਗੰਭੀਰਤਾ ਨਾਲ ਚੈਕਿੰਗ ਕਰ ਰਹੇ ਹਨ। ਚੌਂਕੀ ਇੰਚਾਰਜ ਪਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਅਸੀਂ ਵੀਰਵਾਰ ਨੂੰ ਰੇਲਵੇ ਸਟੇਸ਼ਨ 'ਤੇ ਬੈਠੇ ਪ੍ਰਵਾਸੀ ਲੋਕਾਂ ਨੂੰ ਵੀ ਸਟੇਸ਼ਨ ਤੋਂ ਉਠਾ ਕੇ ਸਟੇਸ਼ਨ ਨੂੰ ਖਾਲੀ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਟਰੇਨ 'ਤੇ ਬੈਠਣ ਅਤੇ ਉਤਰਣ ਵਾਲੇ ਯਾਤਰੀਆਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ,ਤਾਂ ਜੋ ਕੋਈ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਇਸ ਮੌਕੇ 'ਤੇ ਹੈੱਡ ਕਾਂਸਟੇਬਲ ਹਰਪਾਲ ਸਿੰਘ, ਪੁਨੀਤ ਸਿੰਘ, ਗੁਰਨਾਮ ਸਿੰਘ, ਹਰਵੇਲ ਸਿੰਘ, ਪੀ. ਐੱਚ. ਜੀ ਪ੍ਰਕਾਸ਼ ਚੰਦ, ਧਰਮਿੰਦਰ ਅਤੇ ਸਟੇਸ਼ਨ ਹੈੱਡ ਸ਼ਸ਼ੀ ਮੋਹਨ ਹਾਜ਼ਰ ਸਨ।
