ਹੈਰੋਇਨ ਤਸਕਰੀ ਕਰਨ ਤੇ ਬੈਂਕ ਲੁੱਟਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ,ਪਾਕਿ ਨਾਲ ਜੁੜੀਆਂ ਤਾਰਾਂ

Monday, Oct 26, 2020 - 04:36 PM (IST)

ਗੁਰਦਾਸਪੁਰ (ਜ.ਬ.): ਪੁਲਸ ਜ਼ਿਲਾ ਗੁਰਦਾਸਪੁਰ ਦੇ ਐੱਸ. ਐੱਸ. ਪੀ. ਡਾ. ਰਜਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਅੰਤਰਰਾਸ਼ਟਰੀ ਪੱਧਰ ’ਤੇ ਹੈਰੋਇਨ ਦੀ ਸਮੱਗਲਿੰਗ ਅਤੇ ਬੈਂਕ ਡਕੈਤੀ ਸਮੇਤ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਗੈਂਗ ਦੇ ਸਰਗਨੇ ਸਮੇਤ 3 ਮੁਲਜ਼ਮਾਂ ਨੂੰ ਕਾਰਾਂ, 3 ਪਿਸਟਲਾਂ ਅਤੇ ਪੈਸਿਆਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਬਾਰਡਰ ਰੇਂਜ ਦੇ ਆਈ. ਜੀ. ਸੁਰਿੰਦਰਪਾਲ ਸਿੰਘ ਪਰਮਾਰ ਅਤੇ ਐੱਸ. ਐੱਸ. ਪੀ. ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ 17 ਜਨਵਰੀ ਨੂੰ ਭਾਰਤ ਪਾਕਿਸਤਾਨ ਸਰਹੱਦ ’ਤੇ ਪਾਕਿਸਤਾਨ ਦੇ ਸਮੱਗਲਰਾਂ ਨੇ ਭਾਰਤ ’ਚ ਕਰੋੜਾਂ ਰੁਪਏ ਦੀ ਕੀਮਤ ਵਾਲੀ ਹੈਰੋਇਨ ਦੇ 22 ਪੈਕਟ ਸਮੱਗਲਿੰਗ ਕੀਤੇ ਸਨ। ਉਸ ਮੌਕੇ ਸਰਹੱਦ ’ਤੇ ਹੋਈ ਫਾਇਰਿੰਗ ਦੌਰਾਨ ਮੁਲਜ਼ਮ ਫਰਾਰ ਹੋ ਗਏ ਸਨ ਜਦੋਂ ਕਿ ਉਕਤ ਹੈਰੋਇਨ ਅਤੇ ਹੋਰ ਸਾਮਾਨ ਬਰਾਮਦ ਕਰ ਕੇ ਪੁਲਸ ਨੇ ਥਾਣਾ ਦੋਰਾਂਗਲਾ ’ਚ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਸ ਸਮੱਗਲਿੰਗ ’ਚ ਸੁਖਦੀਪ ਸਿੰਘ ਉਰਫ ਘੁੱਦਾ ਪੁੱਤਰ ਨੱਥਾ ਸਿੰਘ ਵਾਸੀ ਰੁਡਿਆਣਾ ਅਤੇ ਉਸ ਦੇ ਸਾਥੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਉਨ੍ਹਾਂ ਨੇ ਦੱਸਿਆ ਕਿ ਰੁਡਿਆਣਾ ਸਥਿਤ ਸਹਿਕਾਰੀ ਬੈਂਕ ’ਚ 29 ਜੁਲਾਈ ਨੂੰ ਹੋਈ 5 ਲੱਖ 50 ਹਜ਼ਾਰ ਦੀ ਡਕੈਤੀ ਦੇ ਮਾਮਲੇ ਵਿਚ ਵੀ ਉਕਤ ਮੁਲਜ਼ਮ ਲੋੜੀਂਦੇ ਸਨ ਜਦੋਂ ਕਿ ਹਰਦੋਛੰਨੀ ਮੰਡੀ ਹਰਪ੍ਰੀਤ ਸਿੰਘ ਵਾਸੀ ਬਥਵਾਲਾ ਦੇ ਗੋਲੀ ਮਾਰਨ ਦੇ ਦੋਸ਼ਾਂ ਹੇਠ ਵੀ ਸੁਖਦੀਪ ਸਿੰਘ ਉਰਫ ਘੁੱਦਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਰੋਜ਼ੀ ਰੋਟੀ ਕਮਾਉਣ ਦੁਬਾਈ ਗਏ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਕਾਬੂ ਕਰਨ ਲਈ ਇਕ ਸਪੈਸ਼ਲ ਟੀਮ ਗਠਿਤ ਕੀਤੀ ਸੀ, ਜਿਸਨੇ ਗੁਪਤ ਸੂਚਨਾ ਦੇ ਅਾਧਾਰ ’ਤੇ ਰੁਡਿਆਣਾ ਬੈਂਕ ਵਿਚ ਡਕੈਤੀ ਮਾਰਨ ਲਈ ਵਰਤੀ ਸਵਿਫਟ ਕਾਰ ਨੰਬਰ ਡੀ. ਐੱਲ-2ਸੀ, ਏ. ਐੱਫ-9754 ਸਮੇਤ ਮੁੱਖ ਸਰਗਨੇ ਸੁਖਦੀਪ ਸਿੰਘ ਘੁੱਦਾ ਅਤੇ ਹਰਵਿੰਦਰ ਸਿੰਘ ਉਰਫ ਦੋਧੀ ਵਾਸੀ ਮੁਰਾਦਪੁਰ ਥਾਣਾ ਕੰਬੋਜ (ਅੰਮ੍ਰਿਤਸਰ) ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ 30 ਬੋਰ ਪਿਸਟਲ ਅਤੇ 15 ਜਿੰਦਾ ਰੋਂਦ ਅਤੇ 32 ਬੋਰ ਦੇ ਪਿਸਟਲ ਸਮੇਤ 6 ਜਿੰਦਾ ਰੋਂਦ ਅਤੇ ਗੱਡੀ ਦੀ ਤਲਾਸ਼ੀ ਲੈਣ ’ਤੇ ਡੈੱਸ਼ ਬੋਰਡ ’ਚੋਂ 40 ਹਜ਼ਾਰ ਰੁਪਏ ਬਰਾਮਦ ਕੀਤੇ। ਉਕਤ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ 17 ਜਨਵਰੀ ਨੂੰ ਚੌਂਤਰਾ ਪੋਸਟ ਰਾਹੀਂ ਪਾਕਿਸਤਾਨ ਦੇ ਸਮੱਗਲਰਾਂ ਨਾਲ ਮਿਲ ਕੇ 22 ਪੈਕਟ ਹੈਰੋਇਨ ਮੰਗਵਾਈ ਸੀ ਜੋ ਬੀ. ਐੱਸ. ਐੱਫ. ਨੇ ਫੜ ਲਈ ਸੀ। ਉਸ ਮੌਕੇ ਹਰਜੀਤ ਸਿੰਘ ਜੀਤਾ ਪੁੱਤਰ ਗੁਰਮੇਜ ਸਿੰਘ ਵਾਸੀ ਸਹੂਰ ਕਲਾਂ ਵੀ ਨਾਲ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਕੋਆਪਰੇਟਵ ਬੈਂਕ ’ਚ ਡਕੈਤੀ ਦੀ ਵਾਰਦਾਤ ਵੀ ਕਬੂਲ ਕਰ ਲਈ ਹੈ ਅਤੇ ਮੁਲਜ਼ਮਾਂ ਵੱਲੋਂ ਇਸ ਵਾਰਦਾਤ ’ਚ ਵਰਤੀ ਡਿਜਾਇਰ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਦੋਰਾਂਗਲਾ ਪੁਲਸ ਨੇ ਇਨ੍ਹਾਂ ਦੇ ਤੀਸਰੇ ਸਾਥੀ ਹਰਜੀਤ ਸਿੰਘ ਜੀਤਾ ਪੁੱਤਰ ਗੁਰਮੇਜ ਸਿੰਘ ਵਾਸੀ ਸਹੂਰ ਕਲਾਂ ਨੂੰ ਵੀ 32 ਬੋਰ ਦੇ ਪਿਸਟਲ ਸਮੇਤ 6 ਜਿੰਦਾ ਰੌਂਦ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਭਾਈ ਲੌਂਗੋਵਾਲ ਦਾ ਵੱਡਾ ਬਿਆਨ, ਕਿਹਾ-ਧਰਨੇ 'ਤੇ ਬੈਠੇ ਲੋਕ ਕਰਦੇ ਹਨ ਨਸ਼ੇ (ਵੀਡੀਓ)

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਮੈਕਲੋਡਗੰਜ ਚਲੇ ਗਏ ਸਨ, ਜਿਸ ਦੇ ਬਾਅਦ ਇਹ ਕਲਕੱਤੇ ਅਤੇ ਗੁਜਰਾਤ ਵਿਚ ਵੀ ਰਹੇ। ਇਹ ਮੁਲਜ਼ਮ ਲੁੱਟ ਦੇ ਪੈਸਿਆਂ ਨਾਲ ਮੌਜ ਮਸਤੀ ਕਰਦੇ ਰਹੇ, ਜਦੋਂ ਇਹ ਵਾਪਸ ਆਏ ਤਾਂ ਪੁਲਸ ਦੇ ਹੱਥੀਂ ਚੜ੍ਹ ਗਏ।

ਇਹ ਵੀ ਪੜ੍ਹੋ : ਜ਼ਖ਼ਮੀ ਸਿੱਖਾਂ ਦਾ ਹਾਲ ਵੇਖ ਰੋ ਪਏ ਸੰਧਵਾਂ, ਸ਼੍ਰੋਮਣੀ ਕਮੇਟੀ ਤੇ ਬਾਦਲਾਂ 'ਤੇ ਕੱਢੀ ਭੜਾਸ (ਵੀਡੀਓ)


Baljeet Kaur

Content Editor

Related News