'ਪਬਜੀ ਗੇਮ' ਦੇ ਸ਼ਿਕੰਜੇ 'ਚ ਫਸੇ ਨੌਜਵਾਨ ਨੇ ਦੋ ਵਾਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Friday, Feb 08, 2019 - 05:21 PM (IST)

ਗੁਰਦਾਸਪੁਰ : ਆਨਲਾਈਨ ਗੇਮ 'ਪਬਜੀ' ਦੇ ਸ਼ਿਕੰਜੇ 'ਚ ਫਸ ਗਿਆ। ਇਸ ਖਤਰਨਾਕ ਖੇਡ ਨੇ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ। ਉਸ ਨੂੰ ਜ਼ਿੰਦਗੀ ਬੋਝ ਲੱਗਣ ਲੱਗੀ। ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪਹੁੰਚਾਇਆ ਪਰ ਉਥੇ ਵੀ ਆਪਣੇ ਹੱਥਾਂ ਨਾਲ ਆਪਣਾ ਗਲ਼ਾ ਘੁੱਟ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਅਸਲ ਵਿਚ ਨੌਜਵਾਨ ਨੂੰ ਇਸ ਆਨਲਾਈਨ ਗੇਮ ਨੇ ਉਸ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਕਿ ਉਸ ਨੂੰ ਲੱਗਾ ਕਿ ਉਹ ਮਰ ਜਾਵੇਗਾ। ਉਸ ਦੇ ਦਿਮਾਗ 'ਚ ਇਹ ਗੱਲ ਘਰ ਕਰ ਗਈ ਕਿ ਅੱਤਵਾਦੀ ਉਸ ਨੂੰ ਗੋਲੀਆਂ ਮਾਰ ਦੇਣਗੇ।
ਦਰਅਸਲ 16 ਸਾਲਾ ਇਹ ਨੌਜਵਾਨ ਗੁਰਦਾਸਪੁਰ ਦੇ ਕਾਦੀਆਂ ਦਾ ਰਹਿਣ ਵਾਲਾ ਹੈ। ਉਹ ਪਿਛਲੇ ਕਈ ਦਿਨਾਂ ਤੋਂ ਆਪਣੀ ਮਾਂ ਤੋਂ ਮੋਬਾਈਲ ਦੀ ਮੰਗ ਕਰ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਪੜ੍ਹਾਈ ਲਈ ਉਸ ਨੂੰ ਮੋਬਾਈਲ ਚਾਹੀਦਾ ਹੈ। ਮਾਂ ਨੇ ਪੁੱਤਰ ਦੀ ਖਾਹਿਸ਼ ਪੂਰੀ ਕਰ ਦਿੱਤੀ। ਪਿਛਲੇ ਹਫਤੇ ਉਨ੍ਹਾਂ ਨੇ ਉਸ ਨੂੰ ਮੋਬਾਈਲ ਖਰੀਦ ਕੇ ਦੇ ਦਿੱਤਾ। ਬੱਸ ਫਿਰ ਕੀ ਸੀ, ਇਹ ਨੌਜਵਾਨ ਦਿਨ ਰਾਤ ਮੋਬਾਈਲ ਵਿਚ ਹੀ ਡੁੱਬਾ ਰਹਿਣ ਲੱਗ ਪਿਆ। ਪਰਿਵਾਰਕ ਮੈਂਬਰਾਂ ਨੂੰ ਇਹੀ ਲੱਗਾ ਕਿ ਸ਼ਾਇਦ ਉਹ ਪੜ੍ਹਾਈ ਕਰਦਾ ਹੈ, ਕਿਸੇ ਨੇ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਕੀ ਕਰ ਰਿਹਾ ਹੈ। ਅੰਤ ਉਹ ਹੋਇਆ ਜਿਸ ਦਾ ਅੰਦਾਜ਼ਾ ਪਰਿਵਾਰ ਨੂੰ ਨਹੀਂ ਸੀ।
ਚਾਰ ਦਿਨ ਪਹਿਲਾਂ ਮੁੰਡੇ ਨੇ ਅਚਾਨਕ ਛੱਤ ਤੋਂ ਛਾਲ ਮਾਰ ਦਿੱਤੀ। ਪਰਿਵਾਰ ਵਾਲਿਆਂ ਨੇ ਉਸ ਦੀਆਂ ਚੀਕਾਂ ਸੁਣੀਆਂ ਤਾਂ ਉਸ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ 'ਚ ਵੀ ਵਾਰ-ਵਾਰ ਕਹਿੰਦਾ ਰਿਹਾ ਕਿ ਉਹ ਜਿਉਣਾ ਨਹੀਂ ਚਾਹੁੰਦਾ। ਇਸੇ ਦੌਰਾਨ ਬੁੱਧਵਾਰ ਨੂੰ ਉਸ ਨੇ ਆਪਣੇ ਦੋਵੇਂ ਹੱਥਾਂ ਨਾਲ ਆਪਣਾ ਗਲ਼ਾ ਘੁੱਟਣ ਦੀ ਕੋਸ਼ਿਸ਼ ਕੀਤੀ। ਹਸਪਤਾਲ ਦੇ ਸਟਾਫ ਨੇ ਉਸ ਨੂੰ ਬਚਾਅ ਲਿਆ।