ਮੋਟਰਸਾਈਕਲ ਦਾ ਕੱਟਿਆ ਗਿਆ ਚਾਲਾਨ, ਜ਼ੁਰਮਾਨਾ ਸੁਣ ਬੇਹੋਸ਼ ਹੋਇਆ ਵਿਅਕਤੀ

Saturday, Jan 04, 2020 - 01:12 PM (IST)

ਮੋਟਰਸਾਈਕਲ ਦਾ ਕੱਟਿਆ ਗਿਆ ਚਾਲਾਨ, ਜ਼ੁਰਮਾਨਾ ਸੁਣ ਬੇਹੋਸ਼ ਹੋਇਆ ਵਿਅਕਤੀ

ਗੁਰਦਾਸਪੁਰ : ਗੁਰਦਾਸਪੁਰ ਦੇ ਧਾਲੀਵਾਲ ਤੋਂ ਚਾਲਾਨ ਦਾ ਭੁਗਤਾਨ ਕਰਨ ਆਇਆ ਦਲਬੀਰ ਸਿੰਘ 10,000 ਰੁਪਏ ਜੁਰਮਾਨੇ ਸੁਣ ਦੇ ਹੀ ਬੇਹੋਸ਼ ਹੋ ਗਿਆ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਸੰਭਾਲਿਆ ਅਤੇ ਪਾਣੀ ਪਿਲਾਇਆ। ਜਾਣਕਾਰੀ ਮੁਤਾਬਕ ਦਲਬੀਰ ਸਿੰਘ ਦੇ ਮੋਟਰਸਾਈਕਲ ਦਾ ਕਰੀਬ ਇਕ ਹਫਤਾ ਪਹਿਲਾਂ ਧਾਲੀਵਾਲ ਪੁਲਸ ਨੇ ਚਲਾਨ ਕੱਟਿਆ ਸੀ। ਉਸ ਦੇ ਕੋਲ ਲਾਇਸੈਂਸ ਨਹੀਂ ਅਤੇ ਪ੍ਰਦੂਸ਼ਣ ਪ੍ਰਮਾਣ ਪੱਤਰ ਨਹੀਂ ਸੀ। ਜਦੋਂ ਉਹ ਖੇਤਰੀ ਟਰਾਂਸਪੋਰਟ ਦਫਤਰ ਗੁਰਦਾਸਪੁਰ ਪਹੁੰਚਿਆ ਤਾਂ ਮੁਲਾਜ਼ਮਾਂ ਨੇ ਚਾਲਾਨ ਦੇ 10 ਹਜ਼ਾਰ ਰੁਪਏ ਮੰਗੇ। ਇੰਨਾਂ ਜੁਰਮਾਨਾ ਸੁਣ ਕੇ ਹੀ ਉਹ ਜ਼ਮੀਨ 'ਤੇ ਡਿੱਗ ਗਿਆ। ਉਸ ਦੇ ਨਾਲ ਆਏ ਲੋਕਾਂ ਨੇ ਉਸ ਨੂੰ ਸੰਭਾਲਿਆ ਅਤੇ ਉਥੋਂ ਲੈ ਗਏ। ਦਲਬੀਰ ਸਿੰਘ ਨੇ ਦੱਸਿਆ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ ਕਿ ਮੋਟਰਸਾਈਕਲ ਦਾ 10 ਹਜ਼ਾਰ ਜ਼ੁਰਮਾਨਾ ਦੇ ਸਕੇ।  

22 ਹਜ਼ਾਰ ਜ਼ੁਰਮਾਨਾ ਜਮ੍ਹਾ ਕਰਵਾਇਆ ਤਾਂ ਇਕ ਮਹੀਨੇ ਬਾਅਦ ਛੱਡਿਆ ਆਟੋ
ਖੇਤਰੀ ਟਰਾਂਸਪੋਰਟ ਦਫਤਰ 'ਚ ਸ਼ੁੱਕਰਵਾਰ ਨੂੰ ਪਠਾਨਕੋਟ 'ਚ ਇਕ ਬਜ਼ਰੁਗ ਪੁਲਸ ਦੇ ਕਬਜ਼ੇ 'ਚੋਂ ਆਟੋ ਛੁਡਵਾਉਣ ਲਈ ਪਹੁੰਚਿਆ। ਉਸ ਨੂੰ 22 ਹਜ਼ਾਰ ਰੁਪਏ ਜ਼ੁਰਮਾਨਾ ਜਮ੍ਹਾ ਕਰਵਾਉਣਾ ਪਿਆ। ਬਜ਼ੁਰਗ ਨੇ ਦੱਸਿਆ ਕਿ ਘਰ ਦਾ ਖਰਚ ਚਲਾਉਣ ਲਈ ਉਸ ਨੇ ਪਤਨੀ ਅਤੇ ਨੂੰਹ ਦੇ ਗਹਿਣੇ ਵੇਚ ਕੇ ਆਟੋ ਖਰੀਦਿਆਂ ਸੀ। ਕੁਝ ਦਿਨ ਪਹਿਲਾਂ ਪਠਾਨਕੋਟ 'ਚ ਪੁਲਸ ਨੇ ਆਟੋ ਜ਼ਬਤ ਕਰ ਲਿਆ ਸੀ। ਆਟੋ ਦਾ ਪਰਮਿਟ, ਲਾਇਸੈਂਸ, ਬੀਮਾ ਅਤੇ ਰਾਜਿਸਟ੍ਰੇਸ਼ਨ ਨਾ ਹੋਣ ਕਾਰਨ ਚਾਲਾਨ ਕੱਟਿਆ ਗਿਆ ਸੀ। ਆਟੋ ਇਕ ਮਹੀਨੇ ਤੋਂ ਥਾਣੇ 'ਚ ਹੀ ਬੰਦ ਸੀ, ਜਿਸ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਸ ਨੇ ਇਹ 22 ਹਜ਼ਾਰ ਰੁਪਏ ਉਧਾਰ ਲੈ ਕੇ ਜਮ੍ਹਾ ਕਰਵਾਏ ਹਨ।

ਚਾਲਾਨ ਭੁਗਤਾਨ ਦੀ ਗਿਣਤੀ ਹੋਈ ਘੱਟ
ਜ਼ੁਰਮਾਨੇ ਦੀਆਂ ਦਰਾਂ ਵੱਧਣ ਤੋਂ ਬਾਅਦ ਚਾਲਾਨ ਭੁਗਤਣ ਦੇ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੋ ਗਈ ਹੈ। ਪਹਿਲੇ ਇਕ ਦਿਨ 'ਚ 100 ਤੋਂ ਵੱਧ ਲੋਕ ਰੋਜ਼ਾਨਾ ਚਾਲਾਨ ਭੁਗਤਣ ਲਈ ਆਉਂਦੇ ਸਨ ਹੁਣ ਦਿਨ 'ਚ ਕੇਵਲ 10 ਤੋਂ 15 ਲੋਕ ਹੀ ਆ ਰਹੇ ਹਨ। 

ਇਸ ਸਬੰਧੀ ਇਕ ਹਿੰਦੀ ਅਖਬਾਰ ਨਾਲ ਗੱਲਬਾਤ ਕਰਦਿਆਂ ਆਰ.ਟੀ.ਓ. ਬਲਦੇਵ ਸਿੰਘ ਨੇ ਲੋਕਾਂ ਨੂੰ ਆਪਣੇ ਕੋਲ ਪੂਰੇ ਦਸਤਾਵੇਜ਼ ਰੱਖਣ ਲਈ ਕਿਹਾ ਤਾਂ ਜੋ ਉਹ ਜ਼ੁਰਮਾਨੇ ਤੋਂ ਬਚ ਸੱਕਣ। ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਅਭਿਆਨ ਵੀ ਚਲਾਇਆ ਜਾ ਰਿਹਾ ਹੈ।


author

Baljeet Kaur

Content Editor

Related News