ਪੁਲਸ ਹਿਰਾਸਤ 'ਚ ਵਿਅਕਤੀ ਦੀ ਮੌਤ,ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

07/20/2020 1:14:03 PM

ਗੁਰਦਾਸਪੁਰ/ਹਰਚੋਵਾਲ (ਵਿਨੋਦ) : ਪੁਲਸ ਹਿਰਾਸਤ 'ਚ ਇਕ ਵਿਅਕਤੀ ਦੀ ਮੌਤ ਹੋਣ ਕਾਰਣ ਹਰਚੋਵਾਲ ਪੁਲਸ ਥਾਣੇ ਦੇ ਬਾਹਰ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਹਰਚੋਵਾਲ ਪੁਲਸ ਨੇ ਬੁੱਧਵਾਰ ਨੂੰ ਨਵਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਤੁਪਈ ਨੂੰ ਸ਼ਰਾਬ ਦੇ ਕੇਸ 'ਚ ਗ੍ਰਿਫ਼ਤਾਰ ਕੀਤਾ ਸੀ, ਉਸ ਦਾ ਅਦਾਲਤ ਤੋਂ 4 ਦਿਨ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿਛ ਲਈ ਹਰਚੋਵਾਲ ਪੁਲਸ ਸਟੇਸ਼ਨ 'ਚ ਰੱਖਿਆ ਗਿਆ ਸੀ। ਅੱਜ ਉਸ ਦੀ ਪੁਲਸ ਹਿਰਾਸਤ ਵਿਚ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਉਸ ਦੀ ਮੌਤ ਅਚਾਨਕ ਹੋਈ ਹੈ। ਜਦਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਦੇ ਪਿਛੇ ਇਕ ਵੱਡੇ ਵਿਅਕਤੀ ਦਾ ਹੱਥ ਹੈ ਜੋ ਸਾਡੇ ਨਾਲ ਰੰਜਿਸ਼ ਰੱਖਦਾ ਹੈ।

ਇਹ ਵੀ ਪੜ੍ਹੋਂ : ਪੁਲਸ ਮੁਲਾਜ਼ਮ ਦੀ ਕਰਤੂਤ: ਪਹਿਲਾਂ ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਗਰਭਵਤੀ, ਫਿਰ ਕਰ ਦਿੱਤਾ ਕਾਰਾ

ਮੇਰੇ ਪਤੀ ਦੀ ਹੱਤਿਆ ਕੀਤੀ ਗਈ : ਮ੍ਰਿਤਕ ਦੀ ਪਤਨੀ
ਮ੍ਰਿਤਕ ਨਵਦੀਪ ਸਿੰਘ ਦੀ ਪਤਨੀ ਬਲਜਿੰਦਰ ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੂੰ 4 ਦਿਨ ਪਹਿਲੇ ਪੁਲਸ ਘਰੋਂ ਫੜ ਕੇ ਲਿਆਈ ਸੀ ਅਤੇ ਉਦੋਂ ਤੋਂ ਸਾਨੂੰ ਇਹ ਨਹੀਂ ਦੱਸਿਆ ਜਾ ਰਿਹਾ ਸੀ ਕਿ ਨਵਦੀਪ ਕਿੱਥੇ ਹੈ, ਪਰ ਅੱਜ ਜਦ ਨਵਦੀਪ ਸਿੰਘ ਦੀ ਮੌਤ ਹੋ ਗਈ ਤਾਂ ਸਾਨੂੰ ਦੱਸਿਆ ਗਿਆ ਕਿ ਉਸ ਨੂੰ ਬੁੱਧਵਾਰ ਨੂੰ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤ ਤੋਂ ਉਸ ਦਾ ਪੁਲਸ ਰਿਮਾਂਡ ਚਲ ਰਿਹਾ ਸੀ। ਅੱਜ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨ ਲਈ ਲੈ ਜਾਇਆ ਜਾ ਰਿਹਾ ਸੀ ਕਿ ਰਸਤੇ ਵਿਚ ਉਸਦੀ ਮੌਤ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਸਾਡੇ ਪਰਿਵਾਰ ਦੀ ਇਕ ਵਿਅਕਤੀ ਨਾਲ ਰਾਜਨੀਤਕ ਰੰਜਿਸ਼ ਸੀ ਅਤੇ ਉਸ ਨੇ ਮੇਰੇ ਪਤੀ ਨੂੰ ਗ੍ਰਿਫ਼ਤਾਰ ਕਰਵਾਇਆ ਸੀ ਅਤੇ ਉਸ ਦੇ ਇਸ਼ਾਰੇ 'ਤੇ ਹੀ ਕਤਲ ਕੀਤਾ ਗਿਆ ਹੈ। ਬਲਜਿੰਦਰ ਕੌਰ ਅਤੇ ਮ੍ਰਿਤਕ ਦੀ ਭੈਣ ਰਮਨਦੀਪ ਕੌਰ ਅਨੁਸਾਰ ਨਵਦੀਪ ਸਿੰਘ ਦਾ ਕਤਲ ਕੀਤਾ ਗਿਆ ਹੈ ਅਤੇ ਜੋ ਵੀ ਉਸ ਦੇ ਕਤਲ ਲਈ ਜ਼ਿੰਮੇਵਾਰ ਹੈ, ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ।

ਇਹ ਵੀ ਪੜ੍ਹੋਂ : ਸਾਊਦੀ ਅਰਬ 'ਚ ਬੰਧੂਆ ਮਜ਼ਦੂਰ ਬਣਾਏ ਪੁੱਤ ਨੂੰ ਛੁਡਾਉਣ ਲਈ ਮਾਪਿਆਂ ਨੇ ਕੀਤੀ ਅਪੀਲ

ਮਾਮਲੇ ਦੀ ਜਾਂਚ ਕੀਤੀ ਜਾਵੇਗੀ : ਡੀ. ਐੱਸ. ਪੀ.
ਇਸ ਸਬੰਧੀ ਸ੍ਰੀ ਹਰਗੋਬਿੰਦਪੁਰ ਦੇ ਡੀ. ਐੱਸ. ਪੀ. ਲਖਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਠੀਕ ਹੈ ਕਿ ਨਵਦੀਪ ਸਿੰਘ ਨੂੰ ਪੁਲਸ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਅੱਜ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿਚ ਬਹੁਤ ਜ਼ਿਆਦਾ ਗਰਮੀ ਕਾਰਣ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਨਵਦੀਪ ਸਿੰਘ ਦੀ ਪੁਲਸ ਹਿਰਾਸਤ ਵਿਚ ਮੌਤ ਹੋਈ ਹੈ। ਇਸ ਲਈ ਇਸ ਦੀ ਜਾਂਚ ਵੀ ਹੋਣੀ ਜ਼ਰੂਰੀ ਹੈ। ਇਸ ਸਬੰਧੀ ਮੈਜਿਸਟ੍ਰੇਟ ਜਾਂਚ ਕਰਵਾਈ ਜਾਵੇਗੀ ਅਤੇ ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਂਚ ਨਿਰਦੇਸ਼ ਦਿੱਤੇ ਜਾਣਗੇ। ਫਿਲਹਾਲ ਤਾਂ ਨਵਦੀਪ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਜਦ ਜਾਂਚ ਰਿਪੋਰਟ ਵਿਚ ਕੁਝ ਗਲਤ ਪਾਇਆ ਗਿਆ ਤਾਂ ਉਸ ਅਨੁਸਾਰ ਕਾਰਵਾਈ ਹੋਵੇਗੀ।


Baljeet Kaur

Content Editor

Related News