ਗੁਰਦਾਸਪੁਰ ਦੇ ਫੁੱਲੜਾ ਵਿਖੇ ਗੋਲੀਬਾਰੀ ’ਚ 4 ਵਿਅਕਤੀਆਂ ਦੀ ਮੌਤ ਦੇ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ
Wednesday, Apr 06, 2022 - 06:21 PM (IST)
![ਗੁਰਦਾਸਪੁਰ ਦੇ ਫੁੱਲੜਾ ਵਿਖੇ ਗੋਲੀਬਾਰੀ ’ਚ 4 ਵਿਅਕਤੀਆਂ ਦੀ ਮੌਤ ਦੇ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ](https://static.jagbani.com/multimedia/2022_4image_14_09_298154446gdpcrtv.jpg)
ਗੁਰਦਾਸਪੁਰ (ਜੀਤ ਮਠਾਰੂ) : ਬੀਤੇ ਦਿਨ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਫੁੱਲੜਾ ਵਿਖੇ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਚੱਲੀਆਂ ਗੋਲੀਆਂ ਨਾਲ 4 ਵਿਅਕਤੀਆਂ ਦੀ ਮੌਤ ਹੋਣ ਕਾਰਨ ਪੁਲਸ ਨੇ 14 ਲੋਕਾਂ ਖ਼ਿਲਾਫ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸੁਖਰਾਜ ਸਿੰਘ ਦੀ ਪਤਨੀ ਤੇ ਪਿੰਡ ਫੁੱਲੜਾ ਦੀ ਸਰਪੰਚ ਲਵਲੀ ਦੇਵੀ ਦੇ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਕੀਤਾ ਹੈ, ਜਿਸ ’ਚ ਲਵਲੀ ਦੇਵੀ ਨੇ ਕਿਹਾ ਕਿ ਉਸ ਦਾ ਪਤੀ ਸੁਖਰਾਜ ਸਿੰਘ ਖੇਤਾਂ ’ਚ ਕਣਕ ਦੀ ਫਸਲ ਨੂੰ ਪਾਣੀ ਲਾਉਣ ਗਿਆ ਸੀ ਅਤੇ ਉਹ ਉਸ ਨੂੰ ਖਾਣਾ ਦੇਣ ਲਈ ਗਈ ਸੀ। ਇਸ ਦੌਰਾਨ 3 ਵੱਡੀਆਂ ਕਾਰਾਂ, 2 ਛੋਟੀਆਂ ਕਾਰਾਂ, ਥਾਰ ਜੀਪ, ਨੀਲੇ ਰੰਗ ਦਾ ਹਾਲੈਂਡ ਫੋਰਟ ਟਰੈਕਟਰ ਅਤੇ ਲਾਲ ਰੰਗ ਦਾ ਸਵਰਾਜ ਟਰੈਕਟਰ ’ਤੇ ਸਵਾਰ ਹੋ ਕੇ ਵਿਅਕਤੀ ਆਏ।
ਇਹ ਵੀ ਪੜ੍ਹੋ : ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ, ਲੁਧਿਆਣਾ ਪੁਲਸ ਨੂੰ ਪਿਆ ਵਖ਼ਤ
ਇਨ੍ਹਾਂ ’ਚ ਨਿਰਮਲ ਸਿੰਘ, ਝਿਰਮਲ ਸਿੰਘ, ਉਮਿੰਦਰ ਸਿੰਘ, ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਹਿੰਮਤ ਸਿੰਘ, ਗਗਨਦੀਪ ਸਿੰਘ ਸਾਰੇ ਵਾਸੀ ਖਹਿਰਾਬਾਦ ਥਾਣਾ ਦਸੂਹਾ, ਰਵਿੰਦਰ ਸਿੰਘ ਮਾਣਾ ਸਰਪੰਚ ਤੇ ਉਸ ਦਾ ਛੋਟਾ ਭਰਾ ਵਾਸੀ ਟੇਰਕਿਆਣਾ, ਰਮੇਸ਼ ਸਿੰਘ ਉਰਫ ਵਿਜੇ ਨੰਬਰਦਾਰ, ਲਾਡੀ ਵਾਸੀ ਵਧਾਈਆਂ, ਪਰਮਜੀਤ ਸਿੰਘ ਉਰਫ ਪੰਮਾ ਪਿੰਡ ਹਰਦੋਥਲੇ, ਅਜੇਪਾਲ ਉਰਫ ਅੰਜੂ ਵਾਸੀ ਮਾਂਗਟ, ਨੋਨੀ ਲਾਹੌਰੀਆ ਕੈਂਠਾ ਮੁਹੱਲਾ ਦਸੂਹਾ ਨੇ ਆਉਂਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਹ ਆਪਣੀ ਜਾਨ ਬਚਾਉਣ ਲਈ ਕਣਕ ਦੇ ਖੇਤ ’ਚ ਲੰਮੇ ਪੈ ਗਏ।
ਇਹ ਵੀ ਪੜ੍ਹੋ : ਨਸ਼ਿਆਂ ਦੇ ਦੈਂਤ ਨੇ ਇਕ ਹੋਰ ਨੌਜਵਾਨ ਨਿਗਲਿਆ, ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ-ਮਾਰ ਰੋਈ ਮਾਂ
ਹਮਲਾਵਰਾਂ ਨੇ ਉਸ ਦੇ ਪਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਮੌਕੇ ’ਤੇ ਨਾਲ ਦੇ ਪਿੰਡ ਦੇ ਜੈਮਲ ਸਿੰਘ ਅਤੇ ਨਿਸ਼ਾਨ ਸਿੰਘ ਜਦੋਂ ਉਸ ਦੇ ਪਤੀ ਨੂੰ ਬਚਾਉਣ ਲਈ ਅੱਗੇ ਹੋਏ ਤਾਂ ਉਨ੍ਹਾਂ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ। ਪੁਲਸ ਨੇ ਉਕਤ 14 ਵਿਅਕਤੀਆਂ ਖ਼ਿਲਾਫ ਆਈ. ਪੀ. ਸੀ. ਦੀ ਧਾਰਾ 302, 148, 149 ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਕੋਈ ਵੀ ਮੁਲਜ਼ਮ ਪੁਲਸ ਦੀ ਗ੍ਰਿਫਤ ’ਚ ਨਹੀਂ ਆਇਆ।
ਇਹ ਵੀ ਪੜ੍ਹੋ : 5 ਧੀਆਂ ਦੀ ਮਾਂ ਨੇ ਚਾੜ੍ਹਿਆ ਚੰਨ, ਪੂਰੀ ਘਟਨਾ ਜਾਣ ਹੋਵੋਗੇ ਹੈਰਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?