ਅਕਸ਼ੈ ਖੰਨਾ ਨੂੰ ਟਿਕਟ ਨਾ ਦੇਣ ਦੇ ਪੱਖ ''ਚ ਪ੍ਰਦੇਸ਼ ਭਾਜਪਾ

Sunday, Sep 17, 2017 - 06:42 AM (IST)

ਅਕਸ਼ੈ ਖੰਨਾ ਨੂੰ ਟਿਕਟ ਨਾ ਦੇਣ ਦੇ ਪੱਖ ''ਚ ਪ੍ਰਦੇਸ਼ ਭਾਜਪਾ

ਜਲੰਧਰ  (ਅਨਿਲ ਪਾਹਵਾ)  - ਪੰਜਾਬ ਵਿਚ ਭਾਰਤੀ ਜਨਤਾ ਪਾਰਟੀ  ਦੇ ਆਗੂ ਚਾਹੁੰਦੇ ਹਨ ਕਿ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਪਾਰਟੀ ਵਲੋਂ ਕਿਸੇ ਸਟਾਰ ਪ੍ਰਚਾਰਕ ਨੂੰ ਟਿਕਟ ਦੇਣ ਦੀ ਬਜਾਏ ਪਾਰਟੀ ਵਿਚ ਹੀ ਟਿਕਟ ਦੀ ਵੰਡ ਕੀਤੀ ਜਾਵੇ। ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦੇ ਦਿਹਾਂਤ ਮਗਰੋਂ ਗੁਰਦਾਸਪੁਰ ਲੋਕ ਸਭਾ ਸੀਟ 'ਤੇ 11 ਅਕਤੂਬਰ  ਨੂੰ ਉੱਪ ਚੋਣ ਹੋਣੀ ਹੈ। ਇਸ ਸੀਟ ਨੂੰ ਲੈ ਕੇ ਭਾਜਪਾ ਵਿਚ ਕਾਫੀ ਖਿੱਚੋਤਾਣ ਚੱਲ ਰਹੀ ਹੈ, ਜਿਸ ਵਿਚ ਆਖਰੀ ਨਾਂ ਨੂੰ ਲੈ ਕੇ ਅਜੇ ਫੈਸਲਾ ਨਹੀਂ ਲਿਆ ਜਾ ਸਕਿਆ।
ਪੰਜਾਬ ਵਿਚ ਗੁਰਦਾਸਪੁਰ ਸੀਟ ਨੂੰ ਲੈ ਕੇ ਅੱਜ ਜਲੰਧਰ ਵਿਚ ਕੋਰ ਗਰੁੱਪ ਦੀ ਬੈਠਕ ਹੋਈ, ਜਿਸ ਵਿਚ ਪਾਰਟੀ ਨੇ ਦੋ ਨਾਵਾਂ ਦਾ ਪੈਨਲ ਬਣਾਇਆ ਹੈ, ਜਿਸ ਵਿਚ ਸਵਰਣ ਸਲਾਰੀਆ ਤੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦਾ ਨਾਂ ਸ਼ਾਮਲ ਕੀਤਾ ਹੈ।
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪਾਰਟੀ ਹਾਈਕਮਾਨ ਵਿਚ ਕਵਿਤਾ ਖੰਨਾ ਦੀ ਥਾਂ 'ਤੇ ਵਿਨੋਦ ਖੰਨਾ ਦੇ ਪੁੱਤਰ ਤੇ ਫਿਲਮ ਅਭਿਨੇਤਾ ਅਕਸ਼ੈ ਖੰਨਾ ਨੂੰ ਟਿਕਟ ਦੇਣ 'ਤੇ ਚਰਚਾ ਚੱਲ ਰਹੀ ਹੈ। ਪਾਰਟੀ ਦੇ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਜਿਸ ਤਰ੍ਹਾਂ ਵਿਨੋਦ ਖੰਨਾ ਸੈਲੀਬ੍ਰਿਟੀ ਸਨ, ਉਸੇ ਤਰ੍ਹਾਂ ਕਵਿਤਾ ਖੰਨਾ ਦੀ ਥਾਂ ਅਕਸ਼ੈ ਖੰਨਾ ਜ਼ਿਆਦਾ ਸ਼ਕਤੀਸ਼ਾਲੀ ਉਮੀਦਵਾਰ ਹੋ ਸਕਦੇ ਹਨ। ਅੱਜ ਇਥੇ ਹੋਈ ਕੋਰ ਗਰੁੱਪ ਦੀ ਬੈਠਕ ਵਿਚ ਇਸ ਮਸਲੇ 'ਤੇ ਵਿਚਾਰ ਕੀਤਾ ਗਿਆ।
ਪੰਜਾਬ ਕੋਰ ਗਰੁੱਪ ਨੇ ਸਾਫ ਤੌਰ 'ਤੇ ਅਕਸ਼ੈ ਖੰਨਾ ਦੇ ਨਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਸੂਬਾ ਕੋਰ ਗਰੁੱਪ ਨੇ ਦੋ ਵਿਅਕਤੀਆਂ ਦਾ ਪੈਨਲ ਬਣਾਉਂਦੇ ਹੋਏ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਸਵਰਣ ਸਲਾਰੀਆ ਜਾਂ ਕਵਿਤਾ ਦੋਵਾਂ ਵਿਚੋਂ ਕਿਸੇ ਇਕ ਨੂੰ ਟਿਕਟ ਦੇ ਦਿੱਤੀ ਜਾਵੇ ਕਿਉਂਕਿ ਅਕਸ਼ੈ ਖੰਨਾ ਜਿੱਤਣ ਦਾ ਦਮ ਨਹੀਂ ਰੱਖਦੇ।
ਵੈਸੇ ਗੁਰਦਾਸਪੁਰ ਸੀਟ 'ਤੇ ਮਾਸਟਰ ਮੋਹਨ ਲਾਲ ਦੇ ਨਾਂ ਦੇ ਨਾਲ ਹੁਣ ਦਿਨੇਸ਼ ਬੱਬੂ ਦੇ ਨਾਂ 'ਤੇ ਚਰਚਾ ਸ਼ੁਰੂ ਹੋ ਗਈ ਹੈ। ਕਈ ਹੁਣ ਬੱਬੂ ਦੇ ਨਾਂ ਨੂੰ ਲੈ ਕੇ ਚਰਚਾ ਫੈਲਾ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਬੱਬੂ ਨੂੰ ਟਿਕਟ ਦਿੱਤੀ ਜਾ ਰਹੀ ਹੈ।ਕੋਰ ਗਰੁੱਪ ਵਲੋਂ ਤੈਅ ਕੀਤੇ ਗਏ ਨਾਵਾਂ ਦਾ ਪੈਨਲ ਕੱਲ ਸਵੇਰੇ ਦਿੱਲੀ ਵਿਚ ਹਾਈਕਮਾਨ ਨੂੰ ਸੌਂਪ ਦਿੱਤਾ ਜਾਵੇਗਾ, ਜਿਸ ਦੇ ਮਗਰੋਂ ਅਗਲੇ ਦੋ ਦਿਨਾ ਵਿਚ ਭਾਜਪਾ ਵਲੋਂ ਗੁਰਦਾਸਪੁਰ ਸੀਟ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।


Related News