ਸਾਲ-2018 'ਚ ਇਨ੍ਹਾਂ ਅਪਰਾਧੀਆਂ 'ਤੇ ਭਾਰੀ ਪਈ ਪੁਲਸ
Friday, Dec 28, 2018 - 02:07 PM (IST)
ਗੁਰਦਾਸਪੁਰ (ਹਰਮਨਪ੍ਰੀਤ) : ਵੱਖ-ਵੱਖ ਸਿਆਸੀ ਤੇ ਸਮਾਜਕ ਘਟਨਾਕ੍ਰਮਾਂ ਦੀਆਂ ਦਿਲਚਸਪ ਯਾਦਾਂ ਛੱਡ ਕੇ ਜਾ ਰਿਹਾ ਸਾਲ-2018 ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਸਮੱਗਲਰਾਂ ਲਈ ਕਾਫੀ ਭਾਰੂ ਸਿੱਧ ਹੋਇਆ ਹੈ। ਇਸ ਵਰ੍ਹੇ ਜ਼ਿਲਾ ਗੁਰਦਾਸਪੁਰ ਅੰਦਰ ਭਾਵੇਂ ਕੋਈ ਵੀ ਵੱਡਾ ਨਸ਼ਾ ਸਮੱਗਲਰ ਪੁਲਸ ਦੇ ਹੱਥੀਂ ਨਹੀਂ ਚੜ੍ਹਿਆ ਪਰ ਇਸ ਦੇ ਬਾਵਜੂਦ ਪੁਲਸ ਨੇ ਪੌਣੇ ਦੋ ਸੌ ਤੋਂ ਵੀ ਜ਼ਿਆਦਾ ਵਿਅਕਤੀਆਂ ਨੂੰ ਨਸ਼ਿਆਂ ਨਾਲ ਜੁੜੇ ਮਾਮਲਿਆਂ 'ਚ ਸਲਾਖਾਂ ਦੇ ਪਿੱਛੇ ਬੰਦ ਕੀਤਾ ਹੈ। ਇਸ ਨਾਲ ਹੀ ਭਾਵੇਂ ਗੈਂਗਸਟਰਾਂ ਵੱਲੋਂ ਜ਼ਿਲੇ ਅੰਦਰ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਗਿਆ ਪਰ ਸਾਲ 'ਚ ਕਈ ਵਾਰ ਗੈਂਗਸਟਰਾਂ ਦੀਆਂ ਗਤੀਵਿਧੀਆਂ ਵੀ ਪੁਲਸ ਲਈ ਚੁਣੌਤੀ ਬਣੀਆਂ ਰਹੀਆਂ। ਤਕਰੀਬਨ ਸਾਰਾ ਸਾਲ ਹੀ ਜ਼ਿਲੇ ਅੰਦਰ ਭਾਰਤ-ਪਾਕਿ ਸਰਹੱਦ 'ਤੇ ਵੀ ਸ਼ਾਂਤੀ ਰਹੀ ਪਰ ਸੁਜਾਨਪੁਰ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਖੋਹੀ ਗਈ ਇਨੋਵਾ ਗੱਡੀ ਨਾਲ ਜੁੜੇ ਮਾਮਲੇ ਦਾ ਅਸਰ ਗੁਰਦਾਸਪੁਰ 'ਚ ਵੀ ਦੇਖਣ ਨੂੰ ਮਿਲਿਆ, ਜਿਸ ਤਹਿਤ ਪੁਲਸ ਨੇ ਸਖਤ ਨਾਕਾਬੰਦੀ ਕਰ ਕੇ ਚੈਕਿੰਗ ਜਾਰੀ ਰੱਖੀ। ਇਸ ਵਾਰ ਪੁਲਸ ਨੇ ਜਿਥੇ ਲੁੱਟਾਂ-ਖੋਹਾਂ ਕਰਨ ਵਾਲੇ ਅੱਧੀ ਦਰਜਨ ਦੇ ਕਰੀਬ ਵੱਡੇ ਗਿਰੋਹਾਂ ਨੂੰ ਇਕ ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੇ ਸਾਮਾਨ ਸਮੇਤ ਕਾਬੂ ਕੀਤਾ ਹੈ ਤੇ ਉਥੇ ਦੋ ਦਰਜਨ ਤੋਂ ਜ਼ਿਆਦਾ ਅੰਨ੍ਹੇ ਕਤਲਾਂ ਤੇ ਲੁੱਟਾਂ-ਖੋਹਾਂ ਦੀਆਂ ਗੁੱਥੀਆਂ ਸੁਲਝਾਈਆਂ ਹਨ। ਜ਼ਿਲਾ ਗੁਰਦਾਸਪੁਰ ਦੇ ਪੁਲਸ ਮੁਖੀ ਸਵਰਨਦੀਪ ਸਿੰਘ ਅਨੁਸਾਰ ਪੁਲਸ ਨੇ ਇਸ ਸਾਲ ਹੋਏ ਕਤਲਾਂ ਤੇ ਹੋਰ ਵੱਡੀਆਂ ਵਾਰਦਾਤਾਂ ਨਾਲ ਸਬੰਧਤ ਤਕਰੀਬਨ ਸਾਰੇ ਮਾਮਲੇ ਸੁਲਝਾ ਲਏ ਹਨ ਤੇ ਕੁਝ ਚੋਣਵੇਂ ਮਾਮਲਿਆਂ 'ਚ ਪੁਲਸ ਨੂੰ ਲੋੜੀਂਦੇ ਭਗੌੜਿਆਂ ਸਮੇਤ ਇਕ ਵੱਡੇ ਗੈਂਗਸਟਰ ਦੀ ਭਾਲ ਹੈ ਜਦੋਂਕਿ ਬੱਬੇਹਾਲੀ ਵਿਖੇ ਗੋਲੀ ਚਲਾਉਣ ਵਾਲੇ ਅਣਪਛਾਤੇ ਵਿਅਕਤੀਆਂ ਦੀ ਗੁੱਥੀ ਵੀ ਅਜੇ ਤੱਕ ਅਣਸੁਲਝੀ ਪਈ ਹੈ।
ਨਸ਼ਿਆਂ ਨਾਲ ਸਬੰਧਤ 187 ਵਿਅਕਤੀ ਚੜ੍ਹੇ ਪੁਲਸ ਅੜਿੱਕੇ
ਪੁਲਸ ਜ਼ਿਲਾ ਗੁਰਦਾਸਪੁਰ ਦੇ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਇਸ ਸਾਲ ਜ਼ਿਲੇ ਅੰਦਰ ਐੱਨ. ਡੀ. ਪੀ. ਐੱਸ. ਐਕਟ ਤਹਿਤ 168 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਨਾਲ ਸਬੰਧਤ 187 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਗਈ। ਇੰਨਾ ਹੀ ਨਹੀਂ ਪੁਲਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਸ਼ਿਕੰਜਾ ਕੱਸਦੇ ਹੋਏ ਇਸ ਵਰ੍ਹੇ ਜ਼ਿਲੇ ਅੰਦਰੋਂ 1 ਕਿਲੋ 237 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਦੋਂਕਿ 11356 ਨਸ਼ੇ ਵਾਲੇ ਕੈਪਸੂਲਾਂ ਤੋਂ ਇਲਾਵਾ 14584 ਗੋਲੀਆਂ ਵੀ ਬਰਾਮਦ ਕੀਤੀਆਂ। ਪੁਲਸ ਮੁਖੀ ਨੇ ਦੱਸਿਆ ਕਿ 850 ਗ੍ਰਾਮ ਨਸ਼ੇ ਵਾਲੇ ਪਾਊਡਰ ਬਰਾਮਦ ਕਰਨ ਤੋਂ ਇਲਾਵਾ ਪੁਲਸ ਨੇ 3 ਕਿਲੋ ਚਰਸ, 217 ਕਿਲੋ ਭੁੱਕੀ ਤੇ 23 ਗ੍ਰਾਮ ਸਮੈਕ ਵੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਸਖਤੀ ਕਰ ਕੇ ਨਸ਼ੇ ਦੀ ਸਪਲਾਈ ਲਾਈਨ ਕੱਟੀ ਹੈ, ਜਿਸ ਕਾਰਨ ਇਸ ਵਰ੍ਹੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ। ਇਸੇ ਤਰ੍ਹਾਂ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਫੜਨ 'ਚ ਵੀ ਸਰਗਰਮੀ ਦਿਖਾਉਂਦਿਆਂ 3 ਵਾਰ ਨਾਜਾਇਜ਼ ਸ਼ਰਾਬ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਹਨ। ਇਸ ਤਹਿਤ ਪੁਲਸ ਨੇ ਦੋ ਵਾਰ ਨਾਜਾਇਜ਼ ਸ਼ਰਾਬ ਦੀਆਂ 388 ਪੇਟੀਆਂ ਤੇ 490 ਪੇਟੀਆਂ ਬਰਾਮਦ ਕਰਨ ਤੋਂ ਇਲਾਵਾ ਇਕ ਵਾਰ ਪਲਾਸਟਿਕ ਦੇ 25 ਕੇਨਾਂ 'ਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਨਾਜਾਇਜ਼ ਸ਼ਰਾਬ ਵੇਚਣ ਵਾਲੇ
6700 ਤੋਂ ਜ਼ਿਆਦਾ ਨਸ਼ੇੜੀ ਪਹੁੰਚੇ ਓਟ ਸੈਂਟਰਾਂ 'ਚ
ਨਸ਼ਿਆਂ ਦੀ ਸਪਲਾਈ ਲਾਈਨ ਪ੍ਰਭਾਵਿਤ ਹੋਣ ਨਾਲ ਜਿਥੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ 'ਚ ਮਰੀਜ਼ਾਂ ਦੀ ਗਿਣਤੀ ਵਧੀ ਹੈ, ਉਥੇ ਜ਼ਿਲੇ ਅੰਦਰ ਚੱਲ ਰਹੇ 12 ਓਟ ਕੇਂਦਰਾਂ 'ਚ ਵੀ 6737 ਨਸ਼ੇੜੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਨੌਜਵਾਨਾਂ ਦੀ ਗਿਣਤੀ ਵਧਣ ਕਾਰਨ ਇਸ ਵਾਰ ਅਜਿਹੀ ਸਥਿਤੀ ਵੀ ਬਣ ਗਈ ਸੀ ਕਿ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਨਾ ਮਿਲਣ ਕਾਰਨ ਨਸ਼ੇੜੀਆਂ ਨੇ ਸਿਵਲ ਹਸਪਤਾਲ ਗੁਰਦਾਸਪੁਰ ਦਾ ਮੁੱਖ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ। ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਨੌਜਵਾਨ ਤੇ ਉਨ੍ਹਾਂ ਦੇ ਮਾਪੇ ਕਾਫੀ ਸੁਚੇਤ ਹੋਏ ਹਨ। ਇਸੇ ਤਰ੍ਹਾਂ ਸਿਵਲ ਹਸਪਤਾਲ ਬੱਬਰੀ ਨੇੜੇ ਚਲਾਏ ਜਾ ਰਹੇ ਕੇਂਦਰ ਦੇ ਮਨੋਵਿਗਿਆਨੀ ਡਾ. ਵਰਿੰਦਰ ਮੋਹਨ ਨੇ ਦੱਸਿਆ ਕਿ 12 ਓਟ ਕੇਂਦਰਾਂ 'ਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।
ਅੰਨ੍ਹੇ ਕਤਲ ਦੇ 7 ਮਾਮਲਿਆਂ ਸਮੇਤ 27 ਅਹਿਮ ਕੇਸ ਕੀਤੇ ਹੱਲ
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਵਰ੍ਹੇ ਦੌਰਾਨ ਕਤਲ ਤੇ ਲੁੱਟਾਂ-ਖੋਹਾਂ ਦੇ 27 ਮਾਮਲੇ ਬੇਹੱਦ ਪੇਚੀਦਾ ਸਨ ਜਿਨ੍ਹਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ 7 ਕੇਸ ਕਤਲਾਂ ਦੇ ਸਨ ਜਿਨ੍ਹਾਂ ਨੂੰ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਪੂਰੀ ਸੰਜੀਦਗੀ ਨਾਲ ਕੰਮ ਕਰ ਕੇ ਹੱਲ ਕਰ ਲਿਆ ਤੇ ਦੋਸ਼ੀਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਕਰੀਬ 20 ਕੇਸ ਹੋਰ ਮਾਮਲਿਆਂ ਨਾਲ ਜੁੜੇ ਸਨ ਜਿਨ੍ਹਾਂ ਬਾਰੇ ਪੁਲਸ ਨੇ ਟੀਮਾਂ ਗਠਿਤ ਕਰ ਕੇ ਬਾਰੀਕੀ ਨਾਲ ਜਾਂਚ ਕੀਤੀ ਤੇ ਅਖੀਰ ਸਾਰੀਆਂ ਪਹੇਲੀਆਂ ਨੂੰ ਸੁਲਝਾ ਲਿਆ ਗਿਆ। ਗੈਂਗਸਟਰਾਂ ਸਬੰਧੀ ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਸਾਲ ਜ਼ਿਲੇ ਅੰਦਰ ਮਾਹੌਲ ਕਾਫੀ ਸੁਖਾਵਾਂ ਰਿਹਾ ਹੈ। ਸਿਰਫ ਇੱਕਾ-ਦੁੱਕਾ ਘਟਨਾਵਾਂ ਤੋਂ ਇਲਾਵਾ ਗੈਂਗਸਟਰ ਵੀ ਜ਼ਿਆਦਾ ਸਰਗਰਮ ਨਹੀਂ ਰਹੇ। ਇਸ ਤਹਿਤ ਜਿਥੇ ਸੁੱਖ ਭਿਖਾਰੀਵਾਲ ਪੁਲਸ ਨੂੰ ਅਜੇ ਵੀ ਲੋੜੀਂਦਾ ਹੈ ਤੇ ਤਰਨਜੋਤ ਸਿੰਘ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਹੋਈ ਹੈ।
ਲੁੱਟਾਂ-ਖੋਹਾਂ ਕਰਨ ਵਾਲੇ 4 ਵੱਡੇ ਗਿਰੋਹ ਆਏ ਸ਼ਿਕੰਜੇ 'ਚ
ਐੱਸ. ਪੀ. ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਾਲ ਦੌਰਾਨ ਪੁਲਸ ਨੇ ਜਿਥੇ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਜਾ ਚੁੱਕੇ 68 ਭਗੌੜਿਆਂ ਨੂੰ ਕਾਬੂ ਕੀਤਾ ਹੈ, ਉਥੇ ਲੁੱਟਾਂ-ਖੋਹਾਂ ਕਰਨ ਵਾਲੇ 4 ਵੱਡੇ ਗਿਰੋਹਾਂ ਨੂੰ ਕਾਬੂ ਕਰ ਕੇ 1 ਕਰੋੜ 12 ਲੱਖ ਦਾ ਸਾਮਾਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਕ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰ ਕੇ ਚੋਰੀ ਦੇ 2 ਮੋਟਰਸਾਈਕਲ ਤੇ 1 ਲੱਖ 60 ਹਜ਼ਾਰ ਰੁਪਏ ਬਰਾਮਦ ਕੀਤੇ ਸਨ ਜਦੋਂਕਿ ਇਕ ਹੋਰ ਗਿਰੋਹ ਦੇ ਮੈਂਬਰਾਂ ਕੋਲੋਂ ਕਰੀਬ 72 ਲੱਖ ਰੁਪਏ ਦੀ ਕੀਮਤ ਦੇ 5 ਟਰੱਕ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਇਕ ਹੋਰ ਗੈਂਗ ਦੇ ਮੈਂਬਰਾਂ ਨੂੰ ਕਾਬੂ ਕਰ ਕੇ 4 ਟਰੱਕ ਅਤੇ ਇਕ ਟਰੱਕ ਦਾ ਇੰਜਣ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੋਟਰਸਾਈਕਲ ਚੋਰੀ ਹੋਣ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਪੂਰੀ ਮੁਸਤੈਦੀ ਨਾਲ ਕੰਮ ਕੀਤਾ, ਜਿਸ ਤਹਿਤ ਇਕ ਗਿਰੋਹ ਕੋਲੋਂ ਚੋਰੀ ਦੇ 17 ਮੋਟਰਸਾਈਕਲ ਬਰਾਮਦ ਕੀਤੇ ਗਏ।
ਕੇਂਦਰੀ ਜੇਲ ਵੀ ਰਹੀ ਚਰਚਾ 'ਚ
ਇਸ ਸਾਲ ਕੇਂਦਰੀ ਜੇਲ ਗੁਰਦਾਸਪੁਰ ਵੀ ਪੂਰੀ ਤਰ੍ਹਾਂ ਚਰਚਾ 'ਚ ਰਹੀ ਜਿਥੇ ਸਾਲ ਦੇ ਪਹਿਲੇ 5 ਮਹੀਨਿਆਂ ਦੌਰਾਨ ਤਾਂ ਕੈਦੀਆਂ ਕੋਲੋਂ ਮੋਬਾਇਲ ਅਤੇ ਨਸ਼ੇ ਵਾਲੇ ਪਦਾਰਥ ਮਿਲਣ ਕਾਰਨ ਕਈ ਜੇਲ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ ਵੀ ਗਾਜ ਡਿੱਗੀ। ਇਥੋਂ ਤੱਕ ਕਿ ਤਤਕਾਲੀ ਐੱਸ. ਐੱਸ. ਪੀ. ਤੋਂ ਇਲਾਵਾ ਹੋਰ ਪੁਲਸ ਦੇ ਅਧਿਕਾਰੀਆਂ ਵੱਲੋਂ ਵਾਰ-ਵਾਰ ਜੇਲ ਦੀ ਅਚਨਚੇਤ ਚੈਕਿੰਗ ਕਰ ਕੇ ਪਹਿਲੇ ਕੁਝ ਮਹੀਨਿਆਂ ਦੌਰਾਨ ਹੀ ਜੇਲ ਦੀਆਂ ਬੈਰਕਾਂ 'ਚੋਂ 2 ਦਰਜਨ ਦੇ ਕਰੀਬ ਮੋਬਾਇਲ ਬਰਾਮਦ ਹੋਏ ਸਨ। ਇਸ ਤੋਂ ਬਾਅਦ ਉੱਚ ਅਧਿਕਾਰੀਆਂ ਦੀ ਸਖਤੀ ਕਾਰਨ ਮਈ ਮਹੀਨੇ ਜੇਲ 'ਚ ਨਵੇਂ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ, ਜਿਸ ਤੋਂ ਬਾਅਦ ਇਸ ਰੁਝਾਨ ਨੂੰ ਠੱਲ੍ਹ ਪਈ ਤੇ ਸਾਲ ਦੇ ਬੀਤੇ 6 ਮਹੀਨਿਆਂ ਦੌਰਾਨ ਕੈਦੀਆਂ ਕੋਲੋਂ ਮੋਬਾਇਲ ਮਿਲਣ ਦੇ ਕੁਝ ਮਾਮਲੇ ਸਾਹਮਣੇ ਆਏ। ਇਸ ਸਾਲ ਕੈਦੀਆਂ ਵੱਲੋਂ ਬਹੁਤ ਹੈਰਾਨੀਜਨਕ ਢੰਗਾਂ ਨਾਲ ਜੇਲ ਅੰਦਰ ਨਸ਼ੇ ਵਾਲੇ ਪਾਊਡਰ ਅਤੇ ਕੈਪਸੂਲ ਆਦਿ ਲਿਜਾਣ ਦੀਆਂ ਕੋਸ਼ਿਸ਼ਾਂ ਵੀ ਚਰਚਾ 'ਚ ਰਹੀਆਂ ਹਨ। ਇੰਨਾ ਹੀ ਨਹੀਂ ਕਠੂਆ ਜਬਰ-ਜ਼ਨਾਹ ਨਾਲ ਸਬੰਧਤ ਦੋਸ਼ੀਆਂ ਨੂੰ ਇਸ ਜੇਲ 'ਚ ਤਬਦੀਲ ਕੀਤੇ ਜਾਣ ਕਾਰਨ ਇਹ ਜੇਲ ਸੁਰਖੀਆਂ 'ਚ ਰਹੀ। ਜੇਲ ਦੇ ਡਿਪਟੀ ਸੁਪਰਡੈਂਟ ਸਤਨਾਮ ਸਿੰਘ ਨੇ ਦੱਸਿਆ ਕਿ ਹੁਣ ਜੇਲ ਅੰਦਰ ਜੇਲ ਨਿਯਮਾਂ ਨੂੰ 100 ਫੀਸਦੀ ਲਾਗੂ ਕਰ ਦਿੱਤਾ ਗਿਆ ਹੈ ਤੇ ਜਿਹੜਾ ਵੀ ਕੋਈ ਕੈਦੀ ਜੇਲ ਅੰਦਰ ਕਿਸੇ ਪਾਬੰਦੀਸ਼ੁਦਾ ਚੀਜ਼ ਨੂੰ ਲਿਜਾਣ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਪਹਿਲੇ ਪੜਾਅ 'ਤੇ ਚੈਕਿੰਗ ਦੌਰਾਨ ਕਾਬੂ ਕਰ ਲਿਆ ਜਾਂਦਾ ਹੈ, ਜਿਸ ਤਹਿਤ ਸਾਲ ਦੌਰਾਨ ਦਰਜਨ ਦੇ ਕਰੀਬ ਮਾਮਲੇ ਦਰਜ ਕੀਤੇ ਗਏ ਹਨ।
