ਬੱਚਿਆਂ ਦੇ ਅਗਵਾ ਹੋਣ ਦਾ ਮਾਮਲਾ : ਮਾਂ ਨੇ ਸਹੁਰਾ ਪਰਿਵਾਰ 'ਤੇ ਲਗਾਏ ਗੰਭੀਰ ਦੋਸ਼
Thursday, Dec 19, 2019 - 01:29 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ ਤੇ ਦੀਪਕ ਕੁਮਾਰ) : ਅੱਜ ਗੁਰਦਾਸਪੁਰ ਦੇ ਪੁਰਾਣਾ ਸ਼ਾਨਾਂ ਦੇ ਅਧੀਨ ਆਉਂਦੇ ਪਿੰਡ ਨੰਗਲ 'ਚ ਦੋ ਬੱਚੇ ਅਗਵਾ ਹੋਣ ਦੇ ਮਾਮਲੇ 'ਚ ਬੱਚਿਆਂ ਦੀ ਮਾਂ ਨੇ ਆਪਣੇ ਪਤੀ 'ਤੇ ਸ਼ੱਕ ਜਤਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚਿਆਂ ਦੀ ਮਾਂ ਸੰਦੀਪ ਕੌਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ 9 ਤੇ 6 ਸਾਲਾ ਬੇਟਿਆਂ ਮਨਜੋਤ ਸਿੰਘ ਤੇ ਮਨਵੀਰ ਸਿੰਘ ਨੂੰ ਸਕੂਲ ਛੱਡਣ ਜਾ ਰਹੀ ਸੀ ਕਿ ਰਾਹ 'ਚ ਇਨੋਵਾ 'ਤੇ ਆਏ ਕੁਝ ਲੜਕਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਉਸਨੂੰ ਕੁੱਟਮਾਰ ਕੇ ਬੱਚੇ ਖੋਹ ਕੇ ਲੈ ਗਏ। ਉਸ ਨੇ ਸਹੁਰਾ ਪਰਿਵਾਰ 'ਤੇ ਸ਼ੱਕ ਜਤਾਉਂਦਿਆਂ ਕਿਹਾ ਕਿ ਇਸ ਘਟਨਾ ਪਿੱਛੇ ਉਸ ਦੇ ਪਤੀ ਦਾ ਹੱਥ ਹੋ ਸਕਦਾ ਹੈ। ਉਸ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਹੈ ਤੇ ਉਸਦੀ ਸੱਸ ਨੇ ਵੀ ਧਮਕੀਆਂ ਦਿੱਤੀਆਂ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ ਉਸ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।