ਕਾਂਗਰਸ, ਭਾਜਪਾ ਦੇ ਅੰਦਰੂਨੀ ਕਲੇਸ਼ ਨੇ ਰੋਕਿਆ ਗੁਰਦਾਸਪੁਰ ''ਚ ਉਮੀਦਵਾਰਾਂ ਦਾ ਰਾਹ

Wednesday, Sep 20, 2017 - 07:19 AM (IST)

ਕਾਂਗਰਸ, ਭਾਜਪਾ ਦੇ ਅੰਦਰੂਨੀ ਕਲੇਸ਼ ਨੇ ਰੋਕਿਆ ਗੁਰਦਾਸਪੁਰ ''ਚ ਉਮੀਦਵਾਰਾਂ ਦਾ ਰਾਹ

ਚੰਡੀਗੜ੍ਹ  (ਪਰਾਸ਼ਰ)  - ਪੰਜਾਬ ਦੀ ਗੁਰਦਾਸਪੁਰ ਸੰਸਦੀ ਸੀਟ ਦੀਆਂ ਦੋਵੇਂ ਪ੍ਰਮੁੱਖ ਦਾਅਵੇਦਾਰ ਪਾਰਟੀਆਂ ਕਾਂਗਰਸ ਤੇ ਭਾਜਪਾ ਨੂੰ ਆਪਸੀ ਗੁੱਟਬਾਜ਼ੀ ਅਤੇ ਅੰਦਰੂਨੀ ਕਲੇਸ਼ ਕਾਰਨ ਆਪਣੇ-ਆਪਣੇ ਉਮੀਦਵਾਰ ਤੈਅ ਕਰਨ 'ਚ ਦੇਰੀ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਉਪ ਚੋਣ ਭਾਜਪਾ ਨੇਤਾ ਅਤੇ ਸਿਨੇ ਸਟਾਰ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀਟ ਲਈ ਹੋ ਰਹੀ ਹੈ। ਜਿਸ ਤਰ੍ਹਾਂ ਕਾਂਗਰਸ 'ਚ ਇਸ ਸੀਟ ਲਈ ਟਿਕਟ ਦੇ ਕਈ ਦਾਅਵੇਦਾਰ ਹਨ, ਉਸੇ ਤਰ੍ਹਾਂ ਭਾਜਪਾ 'ਚ ਵੀ ਦਾਅਵੇਦਾਰਾਂ ਦੀ ਕਮੀ ਨਹੀਂ ਹੈ। ਕਾਂਗਰਸ 'ਚ ਟਿਕਟ ਦੀ ਦੌੜ 'ਚ ਮੁੱਖ ਤੌਰ 'ਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ ਸ਼ਾਮਲ ਹਨ। ਸੁਨੀਲ ਜਾਖੜ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਸ਼ੀਰਵਾਦ ਪ੍ਰਾਪਤ ਹੈ ਅਤੇ ਸਿਆਸੀ ਹਲਕਿਆਂ 'ਚ ਇਹ ਲੱਗਭਗ ਤੈਅ ਮੰਨਿਆ ਜਾ ਰਿਹਾ ਹੈ ਕਿ ਟਿਕਟ ਉਨ੍ਹਾਂ ਨੂੰ ਹੀ ਦਿੱਤੀ ਜਾਵੇਗੀ ਪਰ ਪ੍ਰਤਾਪ ਸਿੰਘ ਬਾਜਵਾ ਹਾਲੇ ਤਕ ਆਪਣੀ ਪਤਨੀ ਨੂੰ ਟਿਕਟ ਦਿਵਾਉਣ ਲਈ ਦਿੱਲੀ 'ਚ ਜ਼ੋਰਦਾਰ ਲਾਬਿੰਗ ਕਰ ਰਹੇ ਹਨ।
ਸੀਟ 'ਤੇ ਕਾਬਜ਼
ਇਸ ਸੀਟ 'ਤੇ 2009 ਦੀਆਂ ਲੋਕਸਭਾ ਚੋਣਾਂ 'ਚ ਪ੍ਰਤਾਪ ਸਿੰਘ ਬਾਜਵਾ ਵਿਨੋਦ ਖੰਨਾ ਨੂੰ ਹਰਾ ਕੇ ਕਾਬਜ਼ ਹੋਏ ਸਨ ਪਰ 2014 ਦੀਆਂ ਚੋਣਾਂ 'ਚ ਬਾਜਵਾ ਖੰਨਾ ਤੋਂ ਮਾਤ ਖਾ ਗਏ। ਬਾਜਵਾ ਦਾ ਦਾਅਵਾ ਹੈ ਕਿ ਜੇਕਰ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਭਾਜਪਾ ਨੂੰ ਇਕ ਵਾਰ ਮੁੜ ਮਾਤ ਦੇਣ ਦੀ ਸਥਿਤੀ 'ਚ ਹੋਣਗੇ। ਚਰਨਜੀਤ ਕੌਰ ਇਕ ਵਾਰ ਪੰਜਾਬ ਵਿਧਾਨ ਸਭਾ ਦੀ ਐੱਮ. ਐੱਲ. ਏ. ਵੀ ਰਹਿ ਚੁੱਕੀ ਹੈ।
ਸਥਾਨਕ ਉਮੀਦਵਾਰ
2017 ਦੀਆਂ ਵਿਧਾਨਸਭਾ ਚੋਣਾਂ 'ਚ ਕਾਂਗਰਸ ਦੀ ਟਿਕਟ ਉਨ੍ਹਾਂ ਦੀ ਥਾਂ ਪ੍ਰਤਾਪ ਬਾਜਵਾ ਦੇ ਭਰਾ ਫਤਿਹ ਜੰਗ ਸਿੰਘ ਬਾਜਵਾ ਨੂੰ ਅਲਾਟ ਕੀਤੀ ਗਈ ਅਤੇ ਉਹ ਜੇਤੂ ਰਹੇ। ਬਾਜਵਾ ਦਾ ਦਾਅਵਾ ਹੈ ਕਿ ਇਸ ਹਲਕੇ 'ਚ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਦਾ ਕਾਫੀ ਪ੍ਰਭਾਵ ਹੈ। ਇਸ ਲਈ ਟਿਕਟ ਕਿਸੇ ਬਾਹਰੀ ਨੂੰ ਨਾ ਦੇ ਕੇ ਸਥਾਨਕ ਉਮੀਦਵਾਰ ਨੂੰ ਦਿੱਤੀ ਜਾਣੀ ਚਾਹੀਦੀ ਜਦਕਿ ਸੁਨੀਲ ਜਾਖੜ ਅਬੋਹਰ ਨਾਲ ਸੰਬੰਧਤ ਹਨ।
ਕਵਿਤਾ ਬਨਾਮ ਸਲਾਰੀਆ
ਉਧਰ, ਭਾਜਪਾ 'ਚ ਟਿਕਟ ਦੀ ਰੇਸ 'ਚ ਮੁੱਖ ਤੌਰ 'ਤੇ ਸਵ. ਵਿਨੋਦ ਖੰਨਾ ਦੀ ਧਰਮ ਪਤਨੀ ਕਵਿਤਾ ਖੰਨਾ ਅਤੇ ਮੁੰਬਈ ਦੇ ਪ੍ਰਮੁੱਖ ਬਿਜ਼ਨੈੱਸਮੈਨ ਸਵਰਨ ਸਿੰਘ ਸਲਾਰੀਆ ਸ਼ਾਮਲ ਹਨ। ਇਨ੍ਹਾਂ ਦੇ ਇਲਾਵਾ ਸਾਬਕਾ ਮੰਤਰੀ ਮੋਹਨ ਲਾਲ ਤੇ ਮਨੋਰੰਜਨ ਕਾਲੀਆ ਦੇ ਇਲਾਵਾ ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ਵਨੀ
ਸ਼ਰਮਾ ਅਤੇ ਅਵਿਨਾਸ਼ ਰਾਏ ਵੀ ਸ਼ਾਮਲ ਹਨ।
ਸਵਰਨ ਸਲਾਰੀਆ ਵੀ ਰੇਸ 'ਚ
ਸਲਾਰੀਆ ਨੇ ਇਸ ਹਲਕੇ ਤੋਂ ਟਿਕਟ ਪ੍ਰਾਪਤ ਕਰਨ ਦਾ ਪਹਿਲਾਂ ਵੀ ਕਈ ਵਾਰ ਯਤਨ ਕੀਤਾ ਹੈ ਪਰ ਹਾਲੇ ਤਕ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਨੂੰ ਯੋਗ ਗੁਰੂ ਬਾਬਾ ਰਾਮਦੇਵ ਦਾ ਆਸ਼ੀਰਵਾਦ ਪ੍ਰਾਪਤ ਹੈ। ਉਹ ਰਾਜਪੂਤ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ, ਜਿਨ੍ਹਾਂ ਦੀ ਗੁਰਦਾਸਪੁਰ ਸੰਸਦੀ ਹਲਕੇ 'ਚ ਕਾਫੀ ਗਿਣਤੀ ਹੈ। ਉਧਰ ਕਵਿਤਾ ਖੰਨਾ ਨੂੰ ਇਕ ਹੋਰ ਧਾਰਮਿਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਸਮਰਥਨ ਹਾਸਲ ਹੈ। ਆਪਣੇ ਪਤੀ ਦੀ ਮੌਤ ਮਗਰੋਂ ਕਵਿਤਾ ਇਸ ਹਲਕੇ 'ਤੇ ਆਪਣਾ ਕੁਦਰਤੀ ਹੱਕ ਮੰਨਦੀ ਹੈ। ਕਵਿਤਾ ਗੁਜਰਾਤ ਨਾਲ ਸੰਬੰਧਤ ਹੈ। ਇਹ ਫੈਕਟਰ ਵੀ ਉਨ੍ਹਾਂ ਦੇ ਹੱਕ 'ਚ ਦੱਸਿਆ ਜਾ ਰਿਹਾ ਹੈ ਕਿਉਂਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੀ ਗੁਜਰਾਤੀ ਹਨ।


Related News