ਸੰਦੀਪ ਸੰਧੂ ਦਾ ਓ. ਐੱਸ. ਡੀ. ਦੇ ਅਹੁਦੇ ਤੋਂ ਅਸਤੀਫਾ, ਗੁਰਦਾਸਪੁਰ ਉਪ ਚੋਣ ਦੀ ਕਮਾਨ ਸੰਭਾਲਣਗੇ

09/24/2017 9:38:23 AM

ਜਲੰਧਰ (ਰਵਿੰਦਰ ਸ਼ਰਮਾ)-ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ-ਖਾਸ ਸੰਦੀਪ ਸੰਧੂ ਨੇ ਆਫਿਸ ਆਨ ਸਪੈਸ਼ਲ ਡਿਊਟੀ (ਓ. ਐੱਸ. ਡੀ.) ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜੁੰਡਲੀ ਦੇ ਇਸ ਖਾਸ ਚਿਹਰੇ ਨੂੰ ਗੁਰਦਾਸਪੁਰ ਉਪ ਚੋਣ ਦੀ ਜ਼ਿੰਮੇਵਾਰੀ ਸੌਂਪੀ ਹੈ। ਸੰਦੀਪ ਸੰਧੂ ਗੁਰਦਾਸਪੁਰ ਕੂਚ ਕਰ ਗਏ ਹਨ ਤੇ ਉਥੇ ਪਾਰਟੀ ਉਮੀਦਵਾਰ ਸੁਨੀਲ ਜਾਖੜ ਦੀ ਚੋਣ ਮੈਨੇਜਮੈਂਟ ਤੇ ਕੰਪੇਨ ਦੀ ਕਮਾਨ ਸੰਭਾਲਣਗੇ।
ਕਾਂਗਰਸੀ ਹਲਕਿਆਂ ਵਿਚ ਇਸ ਗੱਲ ਦੀ ਚਰਚਾ ਹੈ ਕਿ ਸੰਦੀਪ ਸੰਧੂ ਨੇ ਗੁਰਦਾਸਪੁਰ ਉਪ ਚੋਣ ਦੇ ਮੱਦੇਨਜ਼ਰ ਓ. ਐੱਸ. ਡੀ. ਅਹੁਦੇ ਤੋਂ ਆਪਣਾ ਅਸਤੀਫਾ ਦਿੱਤਾ ਹੈ ਜਾਂ ਫਿਰ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਵਲੋਂ ਓ. ਐੱਸ. ਡੀ. ਦੇ ਪਰ ਕੁਤਰਨ ਤੋਂ ਬਾਅਦ ਅਸਤੀਫਾ ਦਿੱਤਾ ਹੈ। ਹੁਣ ਸੰਦੀਪ ਸੰਧੂ ਨੂੰ ਨਵੇਂ ਸਿਰਿਓਂ ਬੇਹੱਦ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਗੁਰਦਾਸਪੁਰ ਦੀ ਹਾਰ ਤੇ ਜਿੱਤ ਉਨ੍ਹਾਂ ਦਾ ਭਵਿੱਖ ਤੈਅ ਕਰੇਗੀ।
ਜ਼ਿਕਰਯੋਗ ਹੈ ਕਿ ਸੰਦੀਪ ਸੰਧੂ ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਹੋਏ ਹਨ। ਉਨ੍ਹਾਂ 'ਤੇ ਕੈਪਟਨ ਨੂੰ ਇੰਨਾ ਵਿਸ਼ਵਾਸ ਹੈ ਕਿ ਜਦੋਂ ਉਹ ਸੂਬਾ ਕਾਂਗਰਸ ਪ੍ਰਧਾਨ ਬਣੇ ਸਨ ਤਾਂ ਵੀ ਸੰਦੀਪ ਸੰਧੂ ਨੇ ਹੀ ਸੂਬਾ ਕਾਂਗਰਸ ਸਕੱਤਰ ਦਾ ਸਾਰਾ ਕੰਮਕਾਜ ਸੰਭਾਲਿਆ ਸੀ। ਹੁਣ ਸੂਬੇ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਆਪਣੇ 11 ਰਤਨਾਂ ਵਿਚੋਂ ਕੈਪਟਨ ਨੇ ਸੰਦੀਪ ਸੰਧੂ ਨੂੰ ਮੌਕਾ ਦਿੱਤਾ ਸੀ। ਉਹ ਓ. ਐੱਸ. ਡੀ. ਦੇ ਨਾਲ-ਨਾਲ ਮੁੱਖ ਮੰਤਰੀ ਦੇ ਪੋਲੀਟੀਕਲ ਸੈਕਟਰੀ ਦਾ ਕੰਮ ਵੀ ਸੰਭਾਲ ਰਹੇ ਹਨ। 
ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਕੈਪਟਨ ਕੋਲ ਉਨ੍ਹਾਂ ਦੇ ਖਿਲਾਫ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ। ਇਹ ਸ਼ਿਕਾਇਤਾਂ ਪਾਰਟੀ ਵਿਧਾਇਕਾਂ ਤੇ ਪਾਰਟੀ ਆਗੂਆਂ ਵਲੋਂ ਕੀਤੀਆਂ ਗਈਆਂ ਸਨ। ਪਾਰਟੀ ਵਿਧਾਇਕਾਂ ਤੇ ਆਗੂਆਂ ਦਾ ਦੋਸ਼ ਸੀ ਕਿ ਸੰਦੀਪ ਸੰਧੂ ਉਨ੍ਹਾਂ ਨੂੰ ਮੁੱਖ ਮੰਤਰੀ ਤੱਕ ਪਹੁੰਚਣ ਨਹੀਂ ਦਿੰਦੇ ਤੇ ਕੈਪਟਨ ਕੋਲ ਲੈ ਕੇ ਜਾਣ ਵਾਲੀ ਹਰ ਸ਼ਿਕਾਇਤ ਨੂੰ ਆਪਣੇ ਕੋਲ ਹੀ ਰੱਖ ਲੈਂਦੇ ਸਨ। ਇਸ ਦਾ ਸਖ਼ਤ ਨੋਟਿਸ ਲੈਂਦਿਆਂ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਨੇ ਸਾਰੇ ਓ. ਐੱਸ. ਡੀ. ਦੇ ਪਰ ਕੁਤਰ ਦਿੱਤੇ ਤੇ ਸਿੱਧਾ ਸੀ. ਐੱਮ. ਆਫਿਸ ਨੂੰ ਰਿਪੋਰਟ ਕਰਨ ਨੂੰ ਕਿਹਾ ਸੀ।
ਹੁਣ ਨਵੇਂ ਸਿਰਿਓਂ ਮੁੱਖ ਮੰਤਰੀ ਨੇ ਸੰਦੀਪ ਸੰਧੂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਪਾਰਟੀ ਵਲੋਂ ਸੰਦੀਪ ਸੰਧੂ ਅਹਿਮ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਵਿਚ ਕਿੰਨਾ ਸਫਲ ਰਹਿੰਦੇ ਹਨ। ਜੇਕਰ ਉਹ ਇਥੋਂ ਪਾਰਟੀ ਨੂੰ ਜਿਤਾਉਣ ਵਿਚ ਸਫਲ ਰਹੇ ਤਾਂ ਉਨ੍ਹਾਂ ਦੇ ਸਿਤਾਰੇ ਬੁਲੰਦੀਆਂ 'ਤੇ ਹੋਣਗੇ ਤੇ ਹਾਰਨ ਦੀ ਹਾਲਤ ਵਿਚ ਉਨ੍ਹਾਂ ਦਾ ਸਿਆਸੀ ਭਵਿੱਖ ਵੀ ਡਾਵਾਂਡੋਲ ਹੋ ਜਾਵੇਗਾ।


Related News