ਲੋਕਾਂ ਨੂੰ ਗੁੰਮਰਾਹ ਕਰਨ ਲਈ ਕੈਪਟਨ ਸਰਕਾਰ ਨੇ ਬੋਗਸ ਬਜਟ ਪੇਸ਼ ਕੀਤਾ : ਬੱਬੇਹਾਲੀ
Thursday, Feb 21, 2019 - 03:49 AM (IST)
ਗੁਰਦਾਸਪੁਰ (ਹਰਮਨਪ੍ਰੀਤ)-ਕੈਪਟਨ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲਾਰਿਆਂ ਅਤੇ ਝੂਠ ਦੀ ਪੰਡ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਾਂਗਰਸ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਹਨ। ਬੱਬੇਹਾਲੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝੂਠੀਆਂ ਸਹੁੰਆਂ ਖਾਣ ਵਾਲੇ ਕਾਂਗਰਸੀਆਂ ਨੇ ਦੋ ਸਾਲ ਲੋਕਾਂ ਨਾਲ ਵਾਅਦੇ ਪੂਰੇ ਕਰਨ ਦੀ ਬਜਾਏ ਸਿਰਫ ਲਾਅਰੇ ਲਗਾ ਕੇ ਡੰਗ ਟਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ, ਸਗੋਂ ਕਈ ਨਵੇਂ ਟੈਕਸ ਲਗਾ ਕੇ ਲੋਕਾਂ ਦਾ ਲੱਕ ਤੋਡ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਭੱਤਿਆਂ ਲਈ ਸਡ਼ਕਾਂ ’ਤੇ ਉਤਰਨਾ ਪਿਆ ਅਤੇ ਕਿਸਾਨਾਂ ਸਮੇਤ ਹਰੇਕ ਵਰਗ ਵੀ ਦੋ ਸਾਲਾਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ। ਹੁਣ ਜਦੋਂ ਇਸ ਬਜਟ ਤੋਂ ਸੂਬੇ ਦੇ ਲੋਕਾਂ ਨੂੰ ਵੱਡੀਆਂ ਆਸਾਂ ਸਨ, ਤਾਂ ਵੀ ਵਿੱਤ ਮੰਤਰੀ ਨੇ ਲੋਕਾਂ ਨੂੰ ਅਮਲੀ ਰੂਪ ’ਚ ਰਾਹਤ ਦੇਣ ਵਾਲਾ ਕੋਈ ਐਲਾਨ ਕਰਨ ਦੀ ਬਜਾਏ ਅਜਿਹੀਆਂ ਤਜਵੀਜਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਨੂੰ ਸਮਝਣ ਵਾਲਾ ਹਰੇਕ ਵਿਅਕਤੀ ਇਸ ਗੱਲ ਤੋਂ ਭਲੀਭਾਂਤ ਵਾਕਿਫ ਹੈ ਕਿ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ ਨਾਲ ਸੂਬੇ ਦੀ ਆਮ ਜਨਤਾ ਨੂੰ ਕੋਈ ਲਾਭ ਹੋਣ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਕਰੋਡ਼ਾਂ ਰੁਪਏ ਰਾਖਵੇਂ ਰੱਖਣ ਦੇ ਦਾਅਵੇ ਤਾਂ ਕਰ ਦਿੱਤੇ ਗਏ ਹਨ, ਪਰ ਇਨਾਂ ਕਰੋਡ਼ਾਂ ਰੁਪਇਆ ਦਾ ਪ੍ਰਬੰਧ ਕਰਨ ਅਤੇ ਇਨਾਂ ਲਈ ਆਮਦਨ ਦੇ ਸ੍ਰੋਤ ਦਾ ਕਿਤੇ ਜ਼ਿਕਰ ਤੱਕ ਨਹੀਂ ਕੀਤਾ ਗਿਆ, ਜਿਸ ਕਾਰਨ ਹੁਣ ਤੋਂ ਹੀ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਸਰਕਾਰ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਾਸੀਆਂ ਨੂੰ ਗੁਮਰਾਹ ਕਰਨ ਵਾਲਾ ਬਜਟ ਤਿਆਰ ਕੀਤਾ ਹੈ।