ਪਾਕਿ ਹਮਾਇਤੀ ਅੱਤਵਾਦੀ ਗਿਰੋਹ ਦਾ ਪਰਦਾਫ਼ਾਸ਼, ਥਾਣਿਆਂ ''ਤੇ ਹਮਲਾ ਕਰਨ ਵਾਲੇ ਮਾਸਟਰਮਾਈਂਡ ਸਣੇ 5 ਗ੍ਰਿਫ਼ਤਾਰ

Sunday, Dec 29, 2024 - 08:33 PM (IST)

ਪਾਕਿ ਹਮਾਇਤੀ ਅੱਤਵਾਦੀ ਗਿਰੋਹ ਦਾ ਪਰਦਾਫ਼ਾਸ਼, ਥਾਣਿਆਂ ''ਤੇ ਹਮਲਾ ਕਰਨ ਵਾਲੇ ਮਾਸਟਰਮਾਈਂਡ ਸਣੇ 5 ਗ੍ਰਿਫ਼ਤਾਰ

ਬਟਾਲਾ (ਬੇਰੀ, ਸਾਹਿਲ, ਖੋਖਰ, ਮਠਾਰੂ, ਯੋਗੀ)- ਪੰਜਾਬ ਪੁਲਸ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਕ ਹੋਰ ਪਾਕਿਸਤਾਨ-ਆਈ.ਐੱਸ.ਆਈ. ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ 5 ਮੈਂਬਰਾਂ, ਜਿਨ੍ਹਾਂ ’ਚ ਬਟਾਲਾ ਅਤੇ ਗੁਰਦਾਸਪੁਰ ਦੇ ਪੁਲਸ ਅਦਾਰਿਆਂ ’ਤੇ ਹੋਏ ਹੈਂਡ ਗ੍ਰਨੇਡ ਹਮਲੇ ਦਾ ਮਾਸਟਰਮਾਈਂਡ ਅਭਿਜੋਤ ਸਿੰਘ ਵੀ ਸ਼ਾਮਲ ਹੈ, ਨੂੰ ਗ੍ਰਿਫਤਾਰ ਕਰ ਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਹ ਮਾਡਿਊਲ ਵਿਦੇਸ਼ ਆਧਾਰਿਤ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਅਤੇ ਸਮਸ਼ੇਰ ਉਰਫ ਹਨੀ ਵੱਲੋਂ ਚਲਾਏ ਜਾ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਸੀ। ਇਹ ਜਾਣਕਾਰੀ ਇਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਡੀ.ਜੀ.ਪੀ. ਨੇ ਦੱਸਿਆ ਕਿ ਇਸ ਮਾਡਿਊਲ ਦਾ ਸਫ਼ਲਤਾਪੂਰਵਕ ਪਰਦਾਫਾਸ਼ ਕਰਦਿਆਂ ਪੰਜਾਬ ਪੁਲਸ ਨੇ ਸੂਬੇ ’ਚ ਪੁਲਸ ਅਦਾਰਿਆਂ ’ਤੇ ਹੋਏ ਹਮਲਿਆਂ ਦੀਆਂ ਸਾਰੀਆਂ ਗੁੱਥੀਆਂ ਨੂੰ ਸੁਲਝਾ ਲਿਆ ਹੈ।

PunjabKesari

ਗ੍ਰਿਫ਼ਤਾਰ ਕੀਤੇ ਬਾਕੀ 4 ਵਿਅਕਤੀਆਂ ਦੀ ਪਛਾਣ ਕੁਲਜੀਤ ਸਿੰਘ, ਰੋਹਿਤ ਉਰਫ਼ ਘੇਸੀ, ਸ਼ੁਭਮ ਅਤੇ ਗੁਰਜਿੰਦਰ ਸਿੰਘ ਉਰਫ਼ ਰਾਜਾ ਸਾਰੇ ਵਾਸੀ ਕਿਲ੍ਹਾ ਲਾਲ ਸਿੰਘ ਬਟਾਲਾ ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ 2 ਪਿਸਤੌਲ, ਜਿਨ੍ਹਾਂ ’ਚ ਇਕ 9 ਐੱਮ.ਐੱਮ. ਗਲਾਕ ਅਤੇ ਇਕ 32 ਬੋਰ ਦਾ ਪਿਸਤੌਲ ਸ਼ਾਮਲ ਹੈ, ਬਰਾਮਦ ਕੀਤੇ ਹਨ।

PunjabKesari

ਇਹ ਵੀ ਪੜ੍ਹੋ- ਪਟਵਾਰੀਆਂ ਨੇ ਕੀਤਾ 'ਬੰਦ' ਨੂੰ ਸਮਰਥਨ ਦੇਣ ਦਾ ਐਲਾਨ, ਕਿਹਾ- 'ਕਿਸਾਨ-ਪਟਵਾਰੀ ਦਾ ਰਿਸ਼ਤਾ ਨਹੁੰ-ਮਾਸ ਵਾਲਾ...'

ਇਹ ਸਫ਼ਲਤਾ ਬਟਾਲਾ ਦੇ ਘਣੀਏ ਕੇ ਬਾਂਗਰ ਪੁਲਸ ਸਟੇਸ਼ਨ ’ਤੇ 12 ਦਸੰਬਰ ਨੂੰ ਰਾਤ 10.20 ਵਜੇ ਦੇ ਕਰੀਬ ਕੁਝ ਵਿਅਕਤੀਆਂ ਵੱਲੋਂ ਹੈਂਡ ਗਰਨੇਡ ਸੁੱਟੇ ਜਾਣ ਤੋਂ ਉਪਰੰਤ ਅਤੇ 20 ਦਸੰਬਰ ਨੂੰ ਰਾਤ 9.30 ਵਜੇ ਦੇ ਕਰੀਬ ਗੁਰਦਾਸਪੁਰ ਦੀ ਵਡਾਲਾ ਬਾਂਗਰ ਪੁਲਸ ਚੌਕੀ ’ਤੇ ਹੋਏ ਹਮਲੇ ਉਪਰੰਤ ਕੁਝ ਦਿਨਾਂ ਬਾਅਦ ਹਾਸਲ ਹੋਈ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਅੱਤਵਾਦੀ ਸੰਗਠਨ ਬੀ.ਕੇ.ਆਈ. ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵੱਖ-ਵੱਖ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਇਨ੍ਹਾਂ ਅੱਤਵਾਦੀ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ।

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਜਦੋਂ ਮੁਲਜ਼ਮ ਅਭੀਜੋਤ ਸਿੰਘ ਅਤੇ ਕੁਲਜੀਤ ਸਿੰਘ ਨੂੰ ਰਿਕਵਰੀ ਲਈ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਹਿਰਾਸਤ ਤੋਂ ਭੱਜਣ ਲਈ ਪੁਲਸ ਟੀਮ ’ਤੇ ਹਮਲਾ ਕਰ ਦਿੱਤਾ, ਜਿਸ ਦੇ ਜਵਾਬ ’ਚ ਪੁਲਸ ਨੇ ਸਵੈ-ਰੱਖਿਆ ਲਈ ਗੋਲੀਬਾਰੀ ਕੀਤੀ, ਜਿਸ ਦੇ ਚਲਦਿਆਂ ਦੋਵਾਂ ਨੂੰ ਗੋਲੀਆਂ ਲੱਗੀਆਂ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਿਤ ਕਰਨ ਅਤੇ ਇਸ ਪੂਰੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।

PunjabKesari

ਇਹ ਵੀ ਪੜ੍ਹੋ- 2 ਦਿਨ ਪਏ ਮੀਂਹ ਨੇ 8 ਡਿਗਰੀ ਤੱਕ ਡੇਗਿਆ ਪਾਰਾ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ

ਇਸ ਸਬੰਧੀ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ (ਡੀ.ਆਈ.ਜੀ.) ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਅਦਾਰਿਆਂ ’ਤੇ ਹੋਏ ਹਮਲੇ ਉਪਰੰਤ ਬਟਾਲਾ ਪੁਲਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।

ਉਨ੍ਹਾਂ ਦੱਸਿਆ ਕਿ ਤਕਨੀਕੀ ਅਤੇ ਮਨੁੱਖੀ ਸੂਹਾਂ ’ਤੇ ਕਾਰਵਾਈ ਕਰਦਿਆਂ ਐੱਸ.ਐੱਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ ਦੀ ਨਿਗਰਾਨੀ ਹੇਠ ਪੁਲਸ ਟੀਮਾਂ ਨੇ ਸਾਰੇ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਐੱਸ.ਐੱਸ.ਪੀ. ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News