ਵਿਦਿਆਰਥਣਾਂ ਨੂੰ ਸਰੀਰਕ ਸਬੰਧ ਬਣਾਉਣ ਲਈ ਕੀਤਾ ਬਲੈਕਮੇਲ, 2 ਪ੍ਰੋਫੈਸਰਾਂ ਸਮੇਤ 4 ਡਿਸਮਿਸ
Friday, Mar 06, 2020 - 10:18 AM (IST)
ਗੁਰਦਾਸਪੁਰ/ਪਾਕਿਸਤਾਨ (ਜ. ਬ.) : ਪਾਕਿਸਤਾਨ ਦੇ ਕਸਬਾ ਡੇਰਾ ਇਸਮਾਏ ਖਾਨ ਸਥਿਤ ਪ੍ਰਸਿੱਧ ਯੂਨੀਵਰਸਿਟੀ ਦੇ 2 ਪ੍ਰੋਫੈਸਰਾਂ ਸਮੇਤ 4 ਨੂੰ ਵਿਦਿਆਰਥਣਾਂ ਨੂੰ ਬਲੈਕਮੇਲ ਕਰਨ ਅਤੇ ਉਨ੍ਹਾਂ ਨੂੰ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਨੌਕਰੀ ਤੋਂ ਹੱਥ ਧੋਣਾ ਪਿਆ। ਸਰਹੱਦ ਪਾਰ ਸੂਤਰਾਂ ਅਨੁਸਾਰ ਬੀਤੇ ਮਹੀਨੇ ਯੂਨੀਵਰਸਿਟੀ ਦੀਆਂ ਕੁਝ ਵਿਦਿਆਰਥਣਾਂ ਨੇ ਆਪਣੇ ਪ੍ਰੋਫੈਸਰਾਂ ਅਤੇ ਕੁਝ ਹੋਰ ਕਰਮਚਾਰੀਆਂ ਦੀ ਯੂਨੀਵਰਸਿਟੀ ਦੇ ਉਪ ਕੁਲਪਤੀ ਚੌਧਰੀ ਮੁਹੰਮਦ ਸਰਵਰ ਨੂੰ ਸ਼ਿਕਾਇਤ ਕੀਤੀ ਸੀ ਕਿ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰ ਉਨ੍ਹਾਂ ਨੂੰ ਫਾਈਨਲ ਪ੍ਰੀਖਿਆਵਾਂ ਵਿਚ ਫੇਲ ਕਰਨ ਦੀ ਧਮਕੀ ਦੇ ਕੇ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰ ਰਹੇ ਹਨ। ਉਪ ਕੁਲਪਤੀ ਵਲੋਂ ਇਸ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਸਹਾਇਕ ਪ੍ਰੋਫੈਸਰ ਇਮਰਾਨ ਕੁਰੈਸ਼ੀ, ਪ੍ਰੋ. ਬਖਤਿਆਰ ਖਾਨ, ਖੇਡ ਸੁਪਰਵਾਈਜ਼ਰ ਹਿਕਮਤ ਉਲਾਹ ਅਤੇ ਲੈਬ ਸਹਾਇਕ ਹਫੀਜ਼ ਉਲਾਹ ਦੋਸ਼ੀ ਪਾਏ ਜਾਣ 'ਤੇ ਇਨ੍ਹਾਂ ਚਾਰਾਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ। ਅਜੇ ਕੁਝ ਸੀਨੀਅਰ ਪ੍ਰੋਫੈਸਰਾਂ ਦੇ ਖਿਲਾਫ ਜਾਂਚ ਚਲ ਰਹੀ ਹੈ ਅਤੇ ਉਨ੍ਹਾਂ ਬਾਰੇ 1-2 ਦਿਨਾਂ ਵਿਚ ਫੈਸਲਾ ਲਿਆ ਜਾਵੇਗਾ।
ਵਰਣਨਯੋਗ ਹੈ ਕਿ ਬੀਤੇ ਮਹੀਨੇ ਪਾਕਿਸਤਾਨ ਦੇ ਇਕ ਟੀ. ਵੀ. ਚੈਨਲ ਨੇ ਇਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਹਾਫਿਜ਼ ਸਲਾਊਦੀਨ ਦੇ ਖਿਲਾਫ ਵੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਸਟਿੰਗ ਆਪ੍ਰੇਸ਼ਨ ਕਰ ਕੇ ਚੈਨਲ 'ਤੇ ਪ੍ਰਸਾਰਿਤ ਕੀਤਾ ਸੀ ਅਤੇ ਉਸ ਦੇ ਬਾਅਦ ਪ੍ਰੋਫੈਸਰ ਹਾਫਿਜ਼ ਸਲਾਊਦੀਨ ਨੂੰ ਵੀ ਨੌਕਰੀ ਤੋਂ ਹੱਥ ਧੋਣਾ ਪਿਆ ਸੀ।