ਸਕੂਲ ਨੇੜੇ ਖੜ੍ਹੀ ਕਾਰ ਨੇ ਸੈਨਾ ਦੇ ਜਵਾਨਾਂ ਨੂੰ ਚੱਕਰ ''ਚ ਪਾਇਆ
Friday, Jan 31, 2020 - 05:42 PM (IST)
ਗੁਰਦਾਸਪੁਰ (ਜ.ਬ.) : ਬੀਤੀ ਸਵੇਰ ਲਿਟਲ ਫਲਾਵਰ ਸਕੂਲ ਨੇੜੇ ਇਕ ਕਾਰ ਨੇ ਭਾਰਤੀ ਸੈਨਾ ਨੂੰ ਚੱਕਰ 'ਚ ਪਾ ਦਿੱਤਾ ਅਤੇ ਸੈਨਾ ਦੇ ਅਧਿਕਾਰੀਆਂ ਨੇ ਵੀ ਕਾਰ 'ਚ ਬੰਬ ਦਾ ਸ਼ੱਕ ਹੋਣ ਕਾਰਣ ਕਾਰ ਦੇ ਚਾਰੇ ਪਾਸੇ ਰੇਤ ਦੀਆਂ ਬੋਰੀਆਂ ਲਾ ਦਿੱਤੀਆ ਅਤੇ ਰਸਤਾ ਕੁਝ ਦੇਰ ਲਈ ਬੰਦ ਕਰ ਦਿੱਤਾ ਪਰ ਬਾਅਦ 'ਚ ਕਾਰ ਮਾਲਕ ਦੇ ਆਉਣ 'ਤੇ ਇਹ ਸਾਰਾ ਡਰਾਮਾ ਖਤਮ ਹੋਇਆ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਇਕ ਵਿਅਕਤੀ ਆਪਣੀ ਕਾਰ ਲਿਟਲ ਫਲਾਵਰ ਕਾਨਵੈਂਟ ਸਕੂਲ ਤੋਂ ਕੁਝ ਦੂਰੀ 'ਤੇ ਭਾਰਤੀ ਸੈਨਾ ਵਲੋਂ ਲਾਏ ਨਾਕੇ ਦੇ ਨੇੜੇ ਖੜ੍ਹੀ ਕਰ ਗਿਆ। ਇਸ ਇਲਾਕੇ 'ਚ ਭਾਰਤੀ ਸੈਨਾ ਨੇ ਨਾਕਾਬੰਦੀ ਕਰ ਰੱਖੀ ਹੈ ਅਤੇ ਆਰਮੀ ਸੜਕ ਐਲਾਨ ਕਰ ਕੇ ਕਈ ਤਰ੍ਹਾਂ ਦੀ ਪਾਬੰਦੀ ਲਗਾ ਰੱਖੀ ਹੈ। ਕਾਰ ਬਾਰੇ ਜਾਣਕਾਰੀ ਮਿਲਦਿਆਂ ਹੀ ਸੈਨਾ ਦੇ ਅਧਿਕਾਰੀਆਂ ਨੇ ਪਹਿਲਾਂ ਤਾਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਕਾਰ ਕਿਸ ਦੀ ਹੈ ਪਰ ਜਦ ਕੋਈ ਮਾਲਕ ਸਾਹਮਣੇ ਨਾ ਆਇਆ ਤਾਂ ਸ਼ੱਕ ਦੇ ਆਧਾਰ 'ਤੇ ਸੈਨਾ ਨੇ ਕਾਰ ਦੇ ਚਾਰੋਂ ਪਾਸੇ ਰੇਤ ਦੀ ਬੋਰੀਆਂ ਲਾ ਦਿੱਤੀਆਂ ਅਤੇ ਇਕ ਬੋਰਡ ਲਗਾ ਕੇ ਉਸ 'ਤੇ ਕਾਰ ਵਿਚ ਬੰਬ ਲਿਖ ਕੇ ਖੜ੍ਹਾ ਕਰ ਦਿੱਤਾ ਅਤੇ ਰਸਤੇ ਨੂੰ ਬੰਦ ਕਰ ਦਿੱਤਾ, ਜਿਸ ਕਾਰਣ ਦਹਿਸ਼ਤ ਦਾ ਵਾਤਾਵਰਣ ਬਣਨਾ ਤਾਂ ਲਾਜ਼ਮੀ ਸੀ। ਜਦੋਂ ਸੈਨਾ ਦੇ ਅਧਿਕਾਰੀਆਂ ਨੇ ਕਾਰ ਦੇ ਚਾਰੋਂ ਪਾਸੇ ਬੋਰੀਆਂ ਲਗਾ ਰਸਤਾ ਬੰਦ ਕਰ ਦਿੱਤਾ ਤਾਂ ਕਾਰ ਮਾਲਕ ਵੀ ਉੱਥੇ ਆ ਗਿਆ। ਉਸ ਨੇ ਆਪਣੀ ਗਲਤੀ ਨੂੰ ਕਬੂਲ ਕੀਤਾ, ਜਿਸ 'ਤੇ ਸੈਨਾ ਦੇ ਜਵਾਨਾਂ ਨੇ ਕਾਰ ਮਾਲਕ ਨੂੰ ਕਾਰ ਲੈ ਜਾਣ ਦਿੱਤੀ। ਉਸ ਦੇ ਬਾਅਦ ਰਸਤਾ ਖੋਲ੍ਹਿਆ ਗਿਆ ਅਤੇ ਇਹ ਕਾਰ ਬੰਬ ਦਾ ਡਰਾਮਾ ਖਤਮ ਹੋਇਆ।