ਕਈ ਜ਼ਿਲਿਆਂ ’ਚ ਬਾਰਸ਼ ਦਾ ਕਹਿਰ, ਸੋਕੇ ਵਰਗੀ ਸਥਿਤੀ ਨਾਲ ਜੂਝ ਰਿਹੈ ਗੁਰਦਾਸਪੁਰ

07/20/2019 2:14:08 PM

ਗੁਰਦਾਸਪੁਰ (ਹਰਮਨਪ੍ਰੀਤ) : ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਪੰਜਾਬ ਦੇ ਮਾਲਵੇ ਖੇਤਰ ਵਿਚ ਬਾਰਸ਼ ਦੇ ਪਾਣੀ ਵੱਲੋਂ ਵਰਤਾਏ ਜਾ ਰਹੇ ਕਹਿਰ ਦੇ ਉਲਟ ਇਸ ਸਾਲ ਗੁਰਦਾਸਪੁਰ ਜ਼ਿਲੇ ਅੰਦਰ ਪਿਛਲੇ ਸਾਲ ਦੇ ਮੁਕਾਬਲੇ 41 ਫੀਸਦੀ ਬਾਰਸ਼ ਘੱਟ ਹੋਈ ਹੈ। ਬੇਸ਼ੱਕ ਪਿਛਲੇ ਦਿਨਾਂ 'ਚ ਹੋਈ ਬਾਰਸ਼ ਕਾਰਣ ਲੋਕਾਂ ਨੂੰ ਗਰਮੀ ਤੋਂ ਤਾਂ ਕੁਝ ਰਾਹਤ ਮਿਲੀ ਹੈ ਪਰ ਇਸ ਵਰ੍ਹੇ ਬਾਰਸ਼ ਘੱਟ ਹੋਣ ਕਾਰਣ ਸਥਿਤੀ ਇਹ ਬਣੀ ਹੋਈ ਹੈ ਕਿ ਜਿਹੜੇ ਇਲਾਕੇ ਬਰਸਾਤਾਂ ਦੇ ਦਿਨਾਂ ਵਿਚ ਪਾਣੀ ਨਾਲ ਡੁੱਬ ਜਾਂਦੇ ਹਨ, ਉਹ ਇਲਾਕੇ ਵੀ ਹਾਲ ਦੀ ਘੜੀ ਸੋਕੇ ਨਾਲ ਜੂਝ ਰਹੇ ਹਨ। ਇਕੱਤਰ ਵੇਰਵਿਆਂ ਅਨੁਸਾਰ ਗੁਰਦਾਸਪੁਰ ਜ਼ਿਲੇ ਅੰਦਰ ਕਿਸਾਨਾਂ ਨੂੰ ਗੰਨੇ ਦੀ ਫਸਲ ਨੂੰ ਸੁੱਕਣ ਤੋਂ ਬਚਾਉਣ ਲਈ ਵੱਡੀ ਜੱਦੋ-ਜਹਿਦ ਕਰਨੀ ਪੈ ਰਹੀ ਹੈ ਅਤੇ ਨਾਲ ਹੀ ਝੋਨੇ ਦੀ ਫਸਲ ਨੂੰ ਬਚਾਉਣ ਲਈ ਵੀ ਪਾਣੀ ਦੀ ਘਾਟ ਪੂਰੀ ਕਰਨ ਲਈ ਕਈ ਢੰਗ-ਤਰੀਕੇ ਅਪਣਾਉਣੇ ਪੈ ਰਹੇ ਹਨ। ਅਜਿਹੀ ਸਥਿਤੀ ਵਿਚ ਇਸ ਜ਼ਿਲੇ ਦੇ ਲੋਕ ਬੇਸਬਰੀ ਨਾਲ ਬਾਰਸ਼ ਦੀ ਉਡੀਕ ਕਰ ਰਹੇ ਹਨ।

ਪਿਛਲੇ ਸਾਲ 21 ਜੁਲਾਈ ਤੱਕ ਹੋਈ ਸੀ 153.1 ਐੱਮ. ਐੱਮ. ਬਾਰਿਸ਼
ਇਕੱਤਰ ਵੇਰਵਿਆਂ ਮੁਤਾਬਿਕ ਪਿਛਲੇ ਸਾਲ 21 ਜੁਲਾਈ ਤੱਕ ਇਸ ਜ਼ਿਲੇ ਅੰਦਰ 153.1 ਐੱਮ. ਐੱਮ. ਬਾਰਸ਼ ਹੋਈ ਸੀ ਪਰ ਇਸ ਸਾਲ ਸਿਰਫ 62.6 ਐੱਮ. ਐੱਮ. ਬਾਰਸ਼ ਹੀ ਹੋਈ ਹੈ। ਜੇਕਰ ਪਿਛਲੇ ਮਹੀਨਿਆਂ ਦੇ ਅੰਕੜਿਆਂ 'ਤੇ ਝਾਤ ਮਾਰੀ ਜਾਵੇ ਤਾਂ ਇਸ ਸਾਲ ਦੇ ਸ਼ੁਰੂ ਵਿਚ ਗੁਰਦਾਸਪੁਰ ਜ਼ਿਲੇ ਅੰਦਰ ਹੋਈ ਬਾਰਸ਼ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਕਿਉਂਕਿ ਪਿਛਲੇ ਸਾਲ ਜਨਵਰੀ ਅਤੇ ਫਰਵਰੀ ਮਹੀਨਿਆਂ ਦੌਰਾਨ ਕ੍ਰਮਵਾਰ 24.5 ਅਤੇ 71.7 ਫੀਸਦੀ ਬਾਰਸ਼ ਹੋਈ ਸੀ ਪਰ ਇਸ ਸਾਲ ਜਨਵਰੀ ਮਹੀਨੇ 'ਚ 112. 3 ਅਤੇ ਫਰਵਰੀ 210. 4 ਫੀਸਦੀ ਬਾਰਸ਼ ਹੋਈ ਸੀ। ਇਸ ਬਾਰਸ਼ ਦੇ ਬਾਅਦ ਮੁੜ ਕਿਸੇ ਵੀ ਮਹੀਨੇ ਭਰਵੀਂ ਬਾਰਸ਼ ਨਹੀਂ ਹੋਈ ਜਿਸ ਕਾਰਣ ਮਾਰਚ ਮਹੀਨੇ 13.8, ਅਪ੍ਰੈਲ ਮਹੀਨੇ 18.2, ਮਈ ਮਹੀਨੇ 15.7 ਅਤੇ ਜੂਨ ਮਹੀਨੇ 31.7 ਫੀਸਦੀ ਬਾਰਸ਼ ਹੀ ਹੋਈ ਹੈ। ਪਿਛਲੇ ਸਾਲ ਇਨ੍ਹਾਂ ਮਹੀਨਿਆਂ 'ਚ ਕਾਫੀ ਜ਼ਿਆਦਾ ਬਾਰਸ਼ ਹੋਈ ਸੀ ਜਿਸ ਦੇ ਕਾਰਣ ਮਾਰਚ 'ਚ 21.4, ਅਪ੍ਰੈਲ 'ਚ 25.5, ਮਈ ਮਹੀਨੇ 8.1 ਅਤੇ ਜੂਨ ਮਹੀਨੇ 99.9 ਫੀਸਦੀ ਵਰਖਾ ਹੋਈ ਸੀ।

ਕਿਸਾਨਾਂ ਲਈ ਬਣੀ ਹੋਈ ਹੈ ਸਿਰਦਰਦੀ
ਮੀਂਹ ਘੱਟ ਪੈਣ ਕਾਰਣ ਸਭ ਤੋਂ ਵੱਡੀ ਸਿਰਦਰਦੀ ਕਿਸਾਨਾਂ ਲਈ ਬਣੀ ਹੋਈ ਹੈ ਕਿਉਂਕਿ ਇਸ ਮੌਕੇ ਗੰਨੇ ਦੀ ਫਸਲ ਨੂੰ ਪਾਣੀ ਦੀ ਭਾਰੀ ਲੋੜ ਹੋਣ ਕਾਰਣ ਕਿਸਾਨ ਬਾਰਸ਼ ਦੀ ਉਡੀਕ 'ਚ ਹਨ। ਇਸੇ ਤਰ੍ਹਾਂ ਖੇਤਾਂ ਵਿਚ ਲੱਗੇ ਝੋਨੇ ਵਿਚ ਪਾਣੀ ਦੀ ਪੂਰਤੀ ਲਈ ਕਿਸਾਨਾਂ ਨੂੰ ਪੂਰੀ ਤਰ੍ਹਾਂ ਟਿਊਬਵੈੱਲਾਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ ਪਰ ਜਿਹੜੇ ਇਲਾਕਿਆਂ ਅੰਦਰ ਟਿਊਬਵੈੱਲਾਂ ਦੀ ਘਾਟ ਹੈ ਅਤੇ ਨਾ ਹੀ ਨਹਿਰੀ ਪਾਣੀ ਦੀ ਸਹੂਲਤ ਹੈ, ਉਨ੍ਹਾਂ ਇਲਾਕਿਆਂ ਅੰਦਰ ਕਿਸਾਨਾਂ ਨੂੰ ਬਾਰਸ਼ ਦੇ ਪਾਣੀ ਤੋਂ ਵੱਡੀਆਂ ਉਮੀਦਾਂ ਹੁੰਦੀਆਂ ਹਨ ਪਰ ਬਾਰਸ਼ ਘੱਟ ਹੋਣ ਕਾਰਣ ਕਿਸਾਨਾਂ ਨੂੰ ਰੋਜ਼ਾਨਾ 20-20 ਘੰਟੇ ਡੀਜ਼ਲ ਪੰਪ ਚਲਾਉਣੇ ਪੈ ਰਹੇ ਹਨ ਪਰ ਇਸ ਦੇ ਬਾਵਜੂਦ ਕਿਸਾਨਾਂ ਦੇ ਖੇਤਾਂ ਵਿਚ ਪਾਣੀ ਪੂਰਾ ਨਹੀਂ ਹੋ ਰਿਹਾ।

ਸੋਕੇ ਅਤੇ ਹੜ੍ਹਾਂ ਦੀ ਮਾਰ ਨਾਲ ਜੂਝਦੇ ਨੇ ਕਈ ਲੋਕ
ਜ਼ਿਲੇ ਅੰਦਰ ਬੇਟ ਇਲਾਕਿਆਂ ਦੇ ਕਈ ਪਿੰਡ ਅਜਿਹੇ ਹਨ ਜਿਨ੍ਹਾਂ ਵਿਚ ਹੁਣ ਸੋਕੇ ਦੀ ਮਾਰ ਪੈ ਰਹੀ ਹੈ ਪਰ ਜਦੋਂ ਇਕ ਵਾਰ ਇਨ੍ਹਾਂ ਇਲਾਕਿਆਂ ਵਿਚ ਵਰਖਾ ਹੋ ਜਾਂਦੀ ਹੈ ਤਾਂ ਬਾਅਦ ਵਿਚ ਇਹ ਇਲਾਕੇ ਪਾਣੀ ਦੀ ਮਾਰ ਹੇਠ ਆ ਕੇ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੇ ਹਨ ਕਿ ਕਈ ਵਾਰ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਜਾਂਦੀਆਂ ਹਨ। ਖਾਸ ਤੌਰ 'ਤੇ ਦੋਰਾਂਗਲਾ, ਕਾਹਨੂੰਵਾਨ ਅਤੇ ਕਲਾਨੌਰ ਬਲਾਕਾਂ ਦੇ ਕਈ ਇਲਾਕੇ ਇਸ ਸਮੱਸਿਆ ਤੋਂ ਪ੍ਰਭਾਵਿਤ ਹਨ।


Baljeet Kaur

Content Editor

Related News