ਵਿਅਕਤੀ ਨੂੰ ਅਗਵਾ ਕਰ ਕੇ 3.50 ਲੱਖ ਰੁਪਏ ਦੀ ਨਕਦੀ ਲੁੱਟੀ

Thursday, Sep 26, 2019 - 11:21 AM (IST)

ਵਿਅਕਤੀ ਨੂੰ ਅਗਵਾ ਕਰ ਕੇ 3.50 ਲੱਖ ਰੁਪਏ ਦੀ ਨਕਦੀ ਲੁੱਟੀ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਦੇ ਪਿੰਡ ਵਰਿਆਮ ਵਿਚ ਬੀਤੀ ਰਾਤ ਅਣਪਛਾਤੇ ਲੋਕਾਂ ਵਲੋਂ ਇਕ ਵਿਅਕਤੀ ਨੂੰ ਅਗਵਾ ਕਰ ਲੈਣ ਦੇ ਨਾਲ-ਨਾਲ ਘਰ 'ਚ ਰੱਖੇ ਲਗਭਗ 3. 50 ਲੱਖ ਰੁਪਏ ਵੀ ਲੁੱਟ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਡੀ. ਐੱਸ. ਪੀ. ਰਾਜੇਸ਼ ਕੱਕੜ ਅਤੇ ਪੁਲਸ ਸਟੇਸ਼ਨ ਇੰਚਾਰਜ ਮੱਖਣ ਸਿੰਘ ਨੇ ਦੱਸਿਆ ਕਿ ਪਿੰਡ ਵਰਿਆਮ 'ਚ ਜੋਗਿੰਦਰ ਸਿੰਘ ਪੁੱਤਰ ਪੂਰਨ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਅਤੇ ਨੂੰਹ ਘਰ 'ਚ ਨਹੀਂ ਸੀ ਅਤੇ ਅਸੀਂ ਪਤੀ-ਪਤਨੀ ਘਰ 'ਚ ਇਕੱਲੇ ਸੀ। ਉਸ ਦਾ ਪਤੀ ਜੋਗਿੰਦਰ ਸਿੰਘ ਪਿੰਡ 'ਚ ਹੀ ਕਮੇਟੀਆਂ ਆਦਿ ਦਾ ਕੰਮ ਕਰਦਾ ਹੈ ਅਤੇ ਉਸ ਦਾ ਘਰ ਪਿੰਡ ਦੇ ਬਾਹਰ ਫਿਰਨੀ ਵਿਚ ਹੈ। ਬੀਤੀ ਰਾਤ ਲਗਭਗ ਇਕ ਵਜੇ 4-5 ਅਣਪਛਾਤੇ ਵਿਅਕਤੀ ਘਰ ਆਏ ਅਤੇ ਦਰਵਾਜ਼ਾ ਖੁੱਲ੍ਹਵਾਇਆ। ਦੋਸ਼ੀਆਂ ਨੇ ਸਭ ਤੋਂ ਪਹਿਲਾਂ ਤਾਂ ਜੋਗਿੰਦਰ 'ਤੇ ਕਾਬੂ ਪਾ ਕੇ ਕਮੇਟੀਆਂ ਸਬੰਧੀ ਹਿਸਾਬ-ਕਿਤਾਬ ਰੱਖਣ ਲਈ ਲਾਏ ਰਜਿਸਟਰ ਦੀ ਮੰਗ ਕੀਤੀ। ਰਜਿਸਟਰ ਮਿਲ ਜਾਣ 'ਤੇ ਉਨ੍ਹਾਂ ਨੇ ਘਰ 'ਚ ਪਈ ਰਾਸ਼ੀ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ ਤਾਂ ਅਸੀਂ ਘਰ 'ਚ ਰੱਖੀ ਲਗਭਗ 3 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਪਰ ਦੋਸ਼ੀ ਜਾਂਦੇ ਸਮੇਂ ਰਾਸ਼ੀ, ਰਜਿਸਟਰ ਅਤੇ ਉਸ ਦੇ ਪਤੀ ਨੂੰ ਆਪਣੇ ਨਾਲ ਲੈ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਬਲਜੀਤ ਕੌਰ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਲੋਕਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ।


author

Baljeet Kaur

Content Editor

Related News