ਯਾਤਰੀ ਟਰਮੀਨਲ ''ਚ ਲੱਗਣਗੇ ਸਿੱਖ ਯੋਧਿਆਂ ਦੇ ਬੁੱਤ
Friday, Oct 25, 2019 - 11:35 AM (IST)
ਗੁਰਦਾਸਪੁਰ (ਹਰਮਨਪ੍ਰੀਤ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਦੋਹਾਂ ਪਾਸਿਆਂ 'ਤੇ ਭਾਰਤ ਅਤੇ ਪਾਕਿਸਤਾਨ ਵਲੋਂ ਉਸਾਰੇ ਜਾ ਰਹੇ ਅੰਤਰਰਾਸ਼ਟਰੀ ਯਾਤਰੀ ਟਰਮੀਨਲਾਂ ਅਤੇ ਚੈੱਕ ਪੋਸਟਾਂ ਨੂੰ ਸੁੰਦਰ ਅਤੇ ਆਕਰਸ਼ਿਤ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਟਰਮੀਨਲ ਦੇ ਉਦਘਾਟਨ ਹੋਣ ਤੋਂ ਪਹਿਲਾਂ ਇਥੇ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਬਾਬਾ ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਹਲੂਵਾਲੀਆ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਦੇ ਕਰੀਬ 10-10 ਫੁੱਟ ਉੱਚੇ ਬੁੱਤ ਵੀ ਲਾਏ ਜਾਣਗੇ ਜਦਕਿ ਦੂਸਰੇ ਪੜਾਅ 'ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪੇਟਿੰਗਾਂ ਅਤੇ ਹੋਰ ਕਲਾਕ੍ਰਿਤੀਆਂ ਨੂੰ ਵੀ ਇਸ ਟਰਮੀਨਲ ਵਿਚ ਲਾਇਆ ਜਾਵੇਗਾ।
ਦੂਜੇ ਪਾਸੇ ਸਿੱਖ ਵਿਦਵਾਨ ਅਤੇ ਆਗੂ ਇਹ ਇੱਛਾ ਜਤਾ ਰਹੇ ਹਨ ਕਿ ਇਸ ਪੋਸਟ ਦੇ ਉਦਘਾਟਨ ਤੋਂ ਪਹਿਲਾਂ ਹੀ ਇਥੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਉਪਦੇਸ਼, ਉਨ੍ਹਾਂ ਦੀ ਜੀਵਨੀ, ਸਿੱਖਿਆਵਾਂ ਅਤੇ ਇਸ ਇਲਾਕੇ ਦੀ ਮਹੱਤਤਾ ਸਬੰਧੀ ਹੋਰ ਅਨੇਕਾਂ ਧਾਰਮਕ ਜਾਣਕਾਰੀਆਂ ਰੂਪਮਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਦ ਕਿ ਬੁੱਤ ਲਾਉਣ ਦਾ ਕੰਮ ਇਸ ਤੋਂ ਬਾਅਦ ਵੀ ਕੀਤਾ ਜਾ ਸਕਦਾ ਸੀ। ਇਸੇ ਸੰਦਰਭ 'ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬਕਾਇਦਾ ਲੈਂਡ ਪੋਰਟ ਅਥਾਰਿਟੀਆਂ ਨੂੰ ਮਿਲ ਕੇ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।