ਵਿਦੇਸ਼ਾਂ ਤੋਂ ਅਜੇ ਤੱਕ ਮਾਤਰ 6-7 ਹਜ਼ਾਰ ਪ੍ਰਵਾਸੀ ਪੰਛੀ ਹੀ ਪਹੁੰਚੇ ਕੇਸ਼ੋਪੁਰ ਛੰਭ

11/15/2019 6:02:23 PM

ਗੁਰਦਾਸਪੁਰ (ਵਿਨੋਦ) : ਵੈਸੇ ਤਾਂ ਪ੍ਰਵਾਸੀ ਪੰਛੀ ਹਰ ਸਾਲ ਅਕਤੂਬਰ ਮਹੀਨੇ ਦੇ ਅੰਤ ਵਿਚ ਕੇਸ਼ੋਪੁਰ ਛੰਭ ਵਿਚ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ ਪਰ ਇਸ ਵਾਰ ਮੌਸਮ ਵਿਚ ਕੁਝ ਗਰਮੀ ਹੋਣ ਕਾਰਣ ਇਹ ਪ੍ਰਵਾਸੀ ਪੰਛੀ ਗੁਰਦਾਸਪੁਰ ਦੇ ਕੇਸ਼ੋਪੁਰ ਛੰਭ 'ਚ ਹੁਣ ਪਹੁੰਚਣੇ ਸ਼ੁਰੂ ਹੋਏ ਹਨ। ਇਨ੍ਹਾਂ ਪੰਛੀਆਂ ਦੇ ਛੰਭ ਵਿਚ ਆਉਣ ਨਾਲ ਇਥੇ ਫਿਰ ਰੌਣਕ ਦਿਖਾਈ ਦੇਣ ਲੱਗੀ ਹੈ। ਗੁਰਦਾਸਪੁਰ ਤੋਂ ਮਾਤਰ 8 ਕਿਲੋਮੀਟਰ ਦੂਰ ਕੇਸ਼ੋਪੁਰ ਛੰਭ ਜੋ ਲਗਭਗ 800 ਏਕੜ 'ਚ ਫੈਲਿਆ ਹੋਇਆ ਹੈ, ਵਿਚ ਹਰ ਸਾਲ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਇਹ ਪ੍ਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਆਉਂਦੇ ਹਨ। ਸਾਈਬੇਰੀਆ, ਕਜਾਕਿਸਤਾਨ ਸਮੇਤ ਹੋਰ ਦੇਸ਼ਾਂ ਤੋਂ ਇਹ ਪੰਛੀ ਇਸ ਛੰਭ ਵਿਚ ਪਹੁੰਚਦੇ ਹੀ ਪਾਣੀ ਵਿਚ ਅਠਖੇਲੀਆ ਕਰਦੇ ਦਿਖਾਈ ਦਿੰਦੇ ਹਨ। ਬੇਸ਼ੱਕ ਕੁਝ ਸਾਲਾਂ ਤੋਂ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ ਲੋਕਾਂ ਅਤੇ ਗਲੋਬਲ ਵਾਰਮਿੰਗ ਦੇ ਕਹਿਰ ਕਾਰਣ ਇਸ ਛੰਭ ਵਿਚ ਪ੍ਰਵਾਸੀ ਪੰਛੀਆਂ ਦੀ ਆਮਦ ਵਿਚ 90 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ ਪਰ ਉਸ ਦੇ ਬਾਵਜੂਦ ਇਹ ਪੰਛੀ ਛੰਭ ਵਿਚ ਆਉਂਦੇ ਹਨ ਅਤੇ ਮਾਰਚ ਮਹੀਨੇ ਵਿਚ ਵਾਪਸ ਆਪਣੇ ਦੇਸ਼ਾਂ ਨੂੰ ਚਲੇ ਜਾਂਦੇ ਹਨ। ਅਜੇ ਪਹਿਲੇ ਚਰਨ ਵਿਚ ਮਾਤਰ 6-7 ਹਜ਼ਾਰ ਪੰਛੀ ਹੀ ਇਥੇ ਪਹੁੰਚੇ ਹਨ ਅਤੇ ਸੜਕ ਤੋਂ ਕਾਫੀ ਦੂਰ ਆਪਣਾ ਆਸ਼ਿਆਨਾ ਬਣਾ ਰਹੇ ਹਨ।

25-30 ਕਿਸਮਾਂ ਦੇ ਪੰਛੀ ਆਉਂਦੇ ਹਨ ਛੰਭ 'ਚ
ਕਿਹਾ ਜਾਂਦਾ ਹੈ ਕਿ ਸੈਂਕੜੇ ਸਾਲਾਂ ਤੋਂ ਇਸ ਕੇਸ਼ੋਪੁਰ ਛੰਭ ਵਿਚ ਪ੍ਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰ ਕੇ ਹਰ ਸਾਲ ਆਉਂਦੇ ਹਨ, ਜੋ ਪੰਛੀ ਇਥੇ ਆਉਂਦੇ ਹਨ ਉਨ੍ਹਾਂ ਵਿਚ ਮੁੱਖ ਤੌਰ 'ਤੇ ਮੁਰਗਾਮੀ, ਗਡਵਾਲ, ਟਫਟਿਡ, ਪੈਚਿੰਡ, ਵਿਜਨ, ਪੇਂਟਲ, ਸਾਈਬੇਰੀਅਨ ਕ੍ਰੇਨ ਸਮੇਤ ਲਗਭਗ 25-30 ਕਿਸਮਾਂ ਦੇ ਪੰਛੀ ਆਉਂਦੇ ਹਨ। ਪਹਿਲਾਂ ਤਾਂ ਇਸ ਛੰਭ ਵਿਚ ਤਿੰਨ ਤੋਂ ਚਾਰ ਲੱਖ ਪੰਛੀ ਆਉਂਦੇ ਸੀ ਪਰ ਬੀਤੇ ਕੁਝ ਸਾਲਾਂ ਤੋਂ ਕੁਝ ਲੋਕਾਂ ਵੱਲੋਂ ਪਾਣੀ ਵਿਚ ਜ਼ਹਿਰੀਲਾ ਛਿੜਕਾਅ ਕਰ ਕੇ ਇਨ੍ਹਾਂ ਦਾ ਸ਼ਿਕਾਰ ਕੀਤੇ ਜਾਣ ਕਾਰਣ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਆਮਦ ਲਗਭਗ 25 ਹਜ਼ਾਰ ਰਹਿ ਗਈ ਹੈ। ਕੁਝ ਲੋਕ ਰਾਤ ਸਮੇਂ ਇਸ ਛੰਭ ਦੇ ਕਿਨਾਰਿਆਂ ਅਤੇ ਪਾਣੀ ਵਿਚ ਜ਼ਹਿਰੀਲੀ ਦਵਾਈ ਦਾ ਛਿੜਕਾਅ ਕਰ ਦਿੰਦੇ ਸੀ ਅਤੇ ਜਿਵੇਂ ਹੀ ਪੰਛੀ ਤੜਕਸਾਰ ਇਹ ਪਾਣੀ ਪੀਂਦੇ ਹਨ ਤਾਂ ਉਹ ਤੜਫਨ ਲੱਗਦੇ ਸੀ। ਇਹ ਸ਼ਿਕਾਰੀ ਇਨ੍ਹਾਂ ਪੰਛੀਆਂ ਦੀ ਹੱਤਿਆ ਕਰ ਕੇ ਉਨ੍ਹਾਂ ਦਾ ਮਾਸ ਜ਼ਿਲਾ ਗੁਰਦਾਸਪੁਰ, ਪਠਾਨਕੋਟ ਸਮੇਤ ਅੰਮ੍ਰਿਤਸਰ ਦੇ ਹੋਟਲਾਂ ਨੂੰ ਸਪਲਾਈ ਕਰਦੇ ਸੀ ਪਰ ਹੁਣ ਇਸ ਧੰਦੇ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਾਈ ਜਾ ਚੁੱਕੀ ਹੈ।

ਛੰਭ ਨੂੰ ਸੈਰ ਸਪਾਟਾ ਸਥਾਨ ਦੇ ਰੂਪ 'ਚ ਵਿਕਸਤ ਕਰਨ ਦੀ ਮੰਗ
ਪੰਜਾਬ ਸਰਕਾਰ ਨੇ ਇਸ ਛੰਭ ਨੂੰ ਸੈਰ ਸਪਾਟਾ ਸਥਾਨ ਦੇ ਰੂਪ ਵਿਚ ਵਿਕਸਤ ਕਰਨ ਲਈ ਲਗਭਗ 15 ਸਾਲ ਪਹਿਲਾ ਇਕ ਯੋਜਨਾ ਬਣਾਈ ਸੀ ਅਤੇ ਕਈ ਵਾਰ ਰਾਜਨਿਤਕ ਨੇਤਾਵਾਂ ਨੇ ਇਸ ਛੰਭ ਦੇ ਵਿਕਸਤ ਕਰਨ ਸਬੰਧੀ ਰਾਸ਼ੀ ਮਿਲ ਗਈ ਹੈ, ਦਾ ਐਲਾਨ ਵੀ ਕੀਤਾ ਸੀ। ਇਸ ਛੰਭ ਵਿਚ 3-4 ਸਾਲ ਤੋਂ ਇਸ ਸਬੰਧੀ ਕੰਮ ਚਲ ਰਿਹਾ ਹੈ ਪਰ ਬਹੁਤ ਹੀ ਹੌਲੀ ਗਤੀ ਨਾਲ ਚੱਲਣ ਕਾਰਣ ਇਹ ਪ੍ਰਾਜੈਕਟ ਕਦੋਂ ਪੂਰਾ ਹੋਵੇਗਾ ਇਹ ਕਹਿਣਾ ਮੁਸ਼ਕਲ ਹੈ। ਛੰਭ ਵਿਚ ਰਿਸੈਪਸ਼ਨ ਸੈਂਟਰ ਸਮੇਤ ਟਾਵਰ ਬਣਾ ਕੇ ਕੁਝ ਰਸਤੇ ਛੰਭ ਦੇ ਅੰਦਰ ਤਿਆਰ ਕੀਤੇ ਗਏ ਹਨ। ਉਥੇ ਪੰਛੀਆਂ ਨੂੰ ਲੁਕ ਕੇ ਵੇਖਣ ਲਈ ਬਰਡ ਹਾਈਟਸ ਵੀ ਤਿਆਰ ਹੋ ਚੁੱਕੇ ਹਨ ਪਰ ਇਹ ਪ੍ਰਾਜੈਕਟ ਕਦੋਂ ਪੂਰਾ ਹੋਵੇਗਾ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਕਿਹਾ ਜਾਂਦਾ ਹੈ ਕਿ ਇਹ ਕੇਸ਼ੋਪੁਰ ਛੰਭ ਕਦੀ ਮਹਾਰਾਜਾ ਰਣਜੀਤ ਸਿੰਘ ਦੀ ਸ਼ਿਕਾਰਗਾਹ ਹੋਇਆ ਕਰਦਾ ਸੀ। ਪੰਛੀ ਪ੍ਰੇਮੀਆਂ ਨੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਇਥੇ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਥੇ ਸਰਕਾਰ ਵੱਲੋਂ ਐਲਾਨ ਯੋਜਨਾ ਨੂੰ ਪੂਰਾ ਕਰ ਕੇ ਇਸ ਛੰਭ ਨੂੰ ਸੈਰ ਸਪਾਟਾ ਸਥਾਨ ਦੇ ਰੂਪ ਵਿਚ ਜਲਦੀ ਤੋਂ ਜਲਦੀ ਵਿਕਸਤ ਕਰਨ ਦੀ ਮੰਗ ਵੀ ਕੀਤੀ ਹੈ।

ਪੰਛੀਆ ਦਾ ਸ਼ਿਕਾਰ ਕਰਨ ਵਾਲੇ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ
ਇਸ ਸਬੰਧੀ ਜਦੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰਾਜੈਕਟ 'ਤੇ ਕਾਫੀ ਕੰਮ ਪੂਰਾ ਹੋ ਚੁੱਕਾ ਹੈ। ਪ੍ਰਵਾਸੀ ਪੰਛੀਆ ਦੀ ਸੁਰੱਖਿਆ ਸਬੰਧੀ ਕਈ ਕਦਮ ਚੁੱਕੇ ਗਏ ਹਨ ਅਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਜਦ ਕੋਈ ਵਿਅਕਤੀ ਇਨ੍ਹਾਂ ਪੰਛੀਆ ਦਾ ਸ਼ਿਕਾਰ ਕਰਦਾ ਫੜਿਆ ਗਿਆ ਤਾਂ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸਾਬਕਾ ਡਿਪਟੀ ਕਮਿਸ਼ਨਰ ਐੱਸ. ਕੇ. ਸੰਧੂ ਅਤੇ ਪ੍ਰਦੀਪ ਸਭਰਵਾਲ ਨੇ ਇਸ ਪ੍ਰਾਜੈਕਟ ਨੂੰ ਚਾਲੂ ਕਰਵਾਉਣ ਵਿਚ ਕਾਫੀ ਮਿਹਨਤ ਕੀਤੀ ਸੀ ਅਤੇ ਉਨ੍ਹਾਂ ਦੀ ਮਿਹਨਤ ਜਲਦ ਰੰਗ ਲਿਆਏਗੀ। ਉਨ੍ਹਾਂ ਸਵੀਕਾਰ ਕੀਤਾ ਕਿ ਗਲੋਬਲ ਵਾਰਮਿੰਗ ਕਾਰਣ ਇਥੇ ਪੰਛੀਆ ਦੀ ਆਮਦ ਵਿਚ ਕਮੀ ਆ ਰਹੀ ਹੈ।

ਇਹ ਪ੍ਰਾਜੈਕਟ ਪਹਿਲ ਦੇ ਆਧਾਰ ਹੈ ਅਤੇ ਕੰਮ ਤੇਜੀ ਨਾਲ ਚਲ ਰਿਹਾ ਹੈ। ਕੁਝ ਆਰਥਿਕ ਸਮੱਸਿਆਵਾਂ ਕਾਰਣ ਇਸ ਪ੍ਰਾਜੈਕਟ ਦਾ ਕੰਮ ਪੂਰਾ ਨਹੀਂ ਹੋ ਰਿਹਾ ਸੀ, ਜਦਕਿ ਹੁਣ ਕੰਮ ਵਿਚ ਤੇਜ਼ੀ ਆਏਗੀ। -ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਹਲਕਾ ਗੁਰਦਾਸਪੁਰ
 


Baljeet Kaur

Content Editor

Related News