ਧੁੱਸੀ ਬੰਨ੍ਹ ਉਪਰ 330 ਮੀਟਰ ਲੰਬੇ ਰਸਤੇ ’ਤੇ ਪਾਕਿ ਵੱਲੋਂ ਪੁਲ ਬਣਾਉਣ ਤੋਂ ਸਾਫ ਨਾਂਹ !

09/02/2019 12:32:36 PM

ਗੁਰਦਾਸਪੁਰ (ਵਿਨੋਦ) - ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਬਣਾਉਣ ’ਚ ਕੁਝ ਅੜਚਣਾਂ ਨੂੰ ਦੂਰ ਕਰਨ ਲਈ ਭਾਰਤ ਅਤੇ ਪਾਕਿਸਤਾਨ ਦੇ ਤਕਨੀਕੀ ਮਾਹਿਰਾਂ ਦੀਆਂ ਤਿੰਨ ਮੀਟਿੰਗਾਂ ਹੋਣ ਦੇ ਬਾਵਜੂਦ ਭਾਰਤੀ ਧੁੱਸੀ ਬੰਨ੍ਹ ਅਤੇ ਪਾਕਿਸਤਾਨੀ ਧੁੱਸੀ ਬੰਨ੍ਹ ’ਚ ਪਾਕਿਸਤਾਨ ਦੀ ਹੱਦ ’ਚ ਆਉਂਦੇ 330 ਮੀਟਰ ਦੇ ਰਸਤੇ ਨੂੰ ਬਣਾਉਣ ਸਬੰਧੀ ਕੋਈ ਫੈਸਲਾ ਨਾ ਹੋਣ ਕਾਰਣ ਕੁਝ ਬਦਲਾਅ ਦੇ ਕਾਰਣ ਪਾਕਿਸਤਾਨ ਅਜੇ ਉੱਚੀ ਸੜਕ ਬਣਾਉਣ ਦੀ ਬਜਾਏ ਕੇਵਲ ਕਾਜਵੇ ਸੜਕ ਬਣਾਉਣ ਲਈ ਹੀ ਰਾਜ਼ੀ ਹੋਇਆ ਹੈ। ਜਦਕਿ ਪਾਕਿਸਤਾਨ ਨੇ ਇਸ 330 ਮੀਟਰ ਰਸਤੇ ’ਤੇ ਪੁਲ ਬਣਾਉਣ ਤੋਂ ਅਜੇ ਭਾਰਤੀ ਇੰਜੀਨੀਅਰਾਂ ਦੀ ਮੰਗ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਮਾਹਿਰਾਂ ਅਨੁਸਾਰ ਜੇਕਰ ਬਰਸਾਤ ਹੋਣ ’ਤੇ ਦੋਵਾਂ ਦੇਸ਼ਾਂ ਦੇ ਬਣੇ ਧੁੰਸੀ ਬੰਨ੍ਹ ਵਿਚਕਾਰ ਜ਼ਮੀਨ ’ਤੇ ਜ਼ਿਆਦਾ ਪਾਣੀ ਆ ਜਾਂਦਾ ਹੈ ਤਾਂ ਨਿਸ਼ਚਿਤ ਰੂਪ ’ਚ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਨੂੰ ਜਾਣ ਵਾਲੀ ਯਾਤਰਾ ਨੂੰ ਰੋਕਣ ਤੋਂ ਇਲਾਵਾ ਦੋਵਾਂ ਦੇਸ਼ਾਂ ਲਈ ਹੋਰ ਕੋਈ ਹੱਲ ਨਹੀਂ ਹੋਵੇਗਾ।

ਕੀ ਮਸਲਾ ਹੈ ਕਾਜਵੇ ਸੜਕ ਦਾ
ਡੇਰਾ ਬਾਬਾ ਨਾਨਕ ਦੇ ਸਾਹਮਣੇ ਭਾਰਤੀ ਇਲਾਕੇ ’ਚ ਬਣੇ ਧੁੱਸੀ ਬੰਨ੍ਹ ਤੋਂ ਅੱਗੇ ਪਾਕਿਸਤਾਨ ਦੀ ਸਰਹੱਦ ਸ਼ੁਰੂ ਹੋ ਜਾਂਦੀ ਹੈ। ਪਾਕਿਸਤਾਨ ਨੇ ਰਾਵੀ ਦਰਿਆ ਦੀ ਮਾਰ ਤੋਂ ਬਚਣ ਲਈ ਦਰਿਆ ਦੇ ਦੋਵੇਂ ਪਾਸੇ ਆਪਣੇ ਹੀ ਇਲਾਕੇ ’ਚ ਧੁੰਸੀ ਬੰਨ੍ਹ ਬਣਾ ਰੱਖੇ ਹਨ। ਡੇਰਾ ਬਾਬਾ ਨਾਨਕ ਕਸਬੇ ਦੇ ਸਾਹਮਣੇ ਬਣੇ ਭਾਰਤੀ ਧੁੰਸੀ ਬੰਨ੍ਹ ਦੀ ਉੱਚਾਈ ਲਗਭਗ 15 ਫੁੱਟ ਹੈ, ਜਦਕਿ ਉਸ ਦੇ ਸਾਹਮਣੇ ਪਾਕਿਸਤਾਨ ਇਲਾਕੇ ’ਚ ਬਣੇ ਬੰਨ੍ਹ ਦੀ ਉੱਚਾਈ ਲਗਭਗ 18 ਫੁੱਟ ਹੈ। ਇਸ ਲਾਂਘੇ ਲਈ ਪਾਕਿਸਤਾਨ ਨੇ ਵੀ ਰਾਵੀ ਦਰਿਆ ’ਤੇ ਪੁਲ ਬਣਾ ਲਿਆ ਹੈ, ਜਦਕਿ ਭਾਰਤੀ ਇੰਜੀਨੀਅਰਾਂ ਨੇ ਡੇਰਾ ਬਾਬਾ ਨਾਨਕ ਤੋਂ ਆਪਣੇ ਧੁੱਸੀ ਬੰਨ੍ਹ ’ਤੇ ਪੁਲ ਬਣਾ ਲਿਆ ਹੈ ਪਰ ਦੋਵਾਂ ਬੰਨ੍ਹਾਂ ’ਚ ਆਉਂਦੇ ਲਗਭਗ 330 ਮੀਟਰ ਲੰਬੇ ਰਸਤੇ ਸਬੰਧੀ ਦੋਵਾਂ ਦੇਸ਼ਾਂ ’ਚ ਜੋ ਵਿਵਾਦ ਪੈਦਾ ਹੋਇਆ ਸੀ, ਉਸ ’ਚ ਤਕਨੀਕੀ ਮਾਹਿਰਾਂ ਦੀਆਂ ਤਿੰਨ ਮੀਟਿੰਗਾਂ ਦੇ ਬਾਅਦ ਵੀ ਪਾਕਿਸਤਾਨ ਨੇ ਪੁਲ ਬਣਾਉਣ ਤੋਂ ਅਜੇ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਪਹਿਲਾਂ ਪਾਕਿਸਤਾਨ ਇਸ 330 ਮੀਟਰ ਰਸਤੇ ’ਤੇ ਮਿੱਟੀ ਪਾ ਕੇ ਉੱਚਾਈ ’ਤੇ ਸੜਕ ਬਣਾਉਣ ਦੀ ਜ਼ਿਦ ਕਰ ਰਿਹਾ ਸੀ, ਜੋ ਭਾਰਤ ਲਈ ਵੱਡਾ ਖਤਰਾ ਬਣਦੀ। ਜੇਕਰ ਇਹ ਉਚਾਈ ’ਤੇ ਸੜਕ ਬਣਦੀ ਤਾਂ ਦੋਵਾਂ ਧੁੱਸੀ ਬੰਨ੍ਹਾਂ ’ਚ ਆਉਂਦੀ ਜ਼ਮੀਨ ’ਚ ਬਰਸਾਤ ਸਮੇਂ ਜੇਕਰ ਹੜ ਆ ਜਾਂਦਾ ਤਾਂ ਨਿਸਚਿਤ ਰੂਪ ’ਚ ਭਾਰਤੀ ਇਲਾਕਿਆਂ ਦਾ ਨੁਕਸਾਨ ਹੁੰਦਾ। ਇਸ ਉਚਾਈ ’ਤੇ ਬਣਨ ਵਾਲੀ ਸੜਕ ਦਾ ਭਾਰਤ ਨੇ ਵਿਰੋਧ ਕਰ ਕੇ ਕੇਵਲ ਇਸ ਜਗ੍ਹਾ ’ਤੇ ਪੁਲ ਬਣਾਉਣ ਦੀ ਮੰਗ ਕੀਤੀ, ਜੋ ਪੁਲ ਦੋਵਾਂ ਦੇਸ਼ਾਂ ਦੇ ਧੁੱਸੀ ਬੰਨ੍ਹ ਉਪਰ ਤੋਂ ਨਿਕਲਦਾ। ਜੇਕਰ ਬਰਸਾਤ ਵੀ ਹੁੰਦੀ ਤਾਂ ਵੀ ਸ੍ਰੀ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨ ਕਰਨ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੁੰਦੀ ਅਤੇ ਯਾਤਰਾ ਰੈਗੂਲਰ ਚਲਦੀ ਰਹਿੰਦੀ।


Baljeet Kaur

Content Editor

Related News