ਸਾਬਕਾ ਫੌਜੀ ਦੀ ਪਤਨੀ ਨਾਲ ਜਬਰ-ਜ਼ਨਾਹ ਕਰਨ ਵਾਲਾ ਗ੍ਰਿਫ਼ਤਾਰ

Sunday, Sep 01, 2019 - 01:57 PM (IST)

ਸਾਬਕਾ ਫੌਜੀ ਦੀ ਪਤਨੀ ਨਾਲ ਜਬਰ-ਜ਼ਨਾਹ ਕਰਨ ਵਾਲਾ ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ) - ਸਾਬਕਾ ਫੌਜੀ ਦੀ ਪਤਨੀ ਨਾਲ ਜਬਰ-ਜ਼ਨਾਹ ਕਰਨ ਅਤੇ ਬਾਅਦ ’ਚ ਸਾਬਕਾ ਫੌਜੀ ਨੂੰ ਜ਼ਖ਼ਮੀ ਕਰਨ ਵਾਲੇ ਨੂੰ ਭੈਣੀ ਮੀਆਂ ਪੁਲਸ ਨੇ ਇਕ ਸਾਲ ਬਾਅਦ ਗ੍ਰਿਫ਼ਤਾਰ ਕੀਤਾ। ਪੁਲਸ ਸਟੇਸ਼ਨ ਇੰਚਾਰਜ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਉਰਫ਼ ਹੈਪੀ ਪੁੱਤਰ ਬਲਦੇਵ ਸਿੰਘ ਵਾਸੀ ਚੱਕ ਸਰੀਫ ਨੇ ਇਕ ਸਾਬਕਾ ਫੌਜੀ ਦੀ ਪਤਨੀ ਨਾਲ ਜ਼ਬਰਦਸਤੀ ਜਬਰ-ਜ਼ਨਾਹ ਕੀਤਾ ਸੀ। ਉਦੋਂ ਸਾਲ 2018 ਵਿਚ ਕਾਹਨੂੰਵਾਨ ਪੁਲਸ ਸਟੇਸ਼ਨ ਵਿਚ ਧਾਰਾ 376 ਵਿਚ ਦੋਸ਼ੀ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ਪਰ ਉਹ ਪੁਲਸ ਦੇ ਹੱਥ ਨਹੀਂ ਲੱਗਾ ਸੀ।

ਇਸ ਦੌਰਾਨ ਪੀਡ਼ਤਾ ਦਾ ਪਤੀ ਸਾਬਕਾ ਫੌਜੀ 4 ਮਈ 2019 ਨੂੰ ਰਿਟਾਇਰ ਹੋ ਕੇ ਘਰ ਆ ਗਿਆ ਅਤੇ ਜਦ ਉਹ 6 ਮਈ 2019 ਨੂੰ ਰਾਤ ਦੇ ਸਮੇਂ ਘਰ ਦੇ ਵਿਹਡ਼ੇ ਵਿਚ ਬਣੇ ਬਾਥਰੂਮ ਲਈ ਗਿਆ ਤਾਂ ਉਥੇ ਪਹਿਲਾਂ ਤੋਂ ਖਡ਼੍ਹੇ ਰਣਜੀਤ ਸਿੰਘ ਉਰਫ਼ ਹੈਪੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤਲਵਾਰ ਮਾਰ ਕੇ ਉਸਨੂੰ ਜ਼ਖ਼ਮੀ ਕਰ ਕੇ ਫਰਾਰ ਹੋ ਗਿਆ ਸੀ। ਪੁਲਸ ਅਧਿਕਾਰੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤਾ ਸੂਚਨਾ ਮਿਲੀ ਕਿ ਰਣਜੀਤ ਸਿੰਘ ਇਸ ਸਮੇਂ ਹਿਮਾਚਲ ਪ੍ਰਦੇਸ਼ ਵਿਚ ਨਾਂ ਬਦਲ ਕੇ ਰਹਿ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੂੰ ਹਿਮਾਚਲ ਪ੍ਰਦੇਸ਼ ਭੇਜਿਆ ਗਿਆ ਅਤੇ ਉਥੋਂ ਦੀ ਪੁਲਸ ਦੀ ਮਦਦ ਨਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।


author

Baljeet Kaur

Content Editor

Related News