ਗੁਰਦਾਸਪੁਰ ਦੇ ਚੋਣ ਨਤੀਜੇ ਨੇ ਅਕਾਲੀ-ਭਾਜਪਾ ਗਠਜੋੜ ''ਚ ਰੱਖੀ ਤਣਾਅ ਦੀ ਨੀਂਹ

05/31/2019 12:45:39 PM

ਜਲੰਧਰ (ਚੋਪੜਾ) – ਗੁਰਦਾਸਪੁਰ ਲੋਕ ਸਭਾ ਚੋਣ ਨਤੀਜੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ 'ਚ ਇਕ ਵਾਰ ਮੁੜ ਤੋਂ ਖਟਾਸ ਪੈਦਾ ਕਰ ਦਿੱਤੀ ਹੈ, ਜਿਸ ਕਾਰਨ ਨੇੜਲੇ ਭਵਿੱਖ 'ਚ ਦੂਰਰਸ ਨਤੀਜੇ ਨਿਕਲ ਸਕਦੇ ਹਨ। ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਅਤੇ ਫਿਲਮ ਅਭਿਨੇਤਾ ਸੰਨੀ ਦਿਓਲ ਚੋਣ ਤਾਂ ਜਿੱਤ ਗਏ ਪਰ ਉਨ੍ਹਾਂ ਨੂੰ ਇਸ ਹਲਕੇ 'ਚ ਆਉਣ ਵਾਲੇ ਅਕਾਲੀ ਦਲ ਨਾਲ ਸਬੰਧਤ 5 ਹਲਕਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਭਾਜਪਾ ਦੇ ਸੂਬਾਈ ਆਗੂਆਂ 'ਚ ਅਕਾਲੀ ਦਲ ਪ੍ਰਤੀ ਭਾਰੀ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਸੰਨੀ ਦਿਓਲ ਹਿੰਦੂ ਪ੍ਰਭੂਤਵ ਵਾਲੇ ਭਾਜਪਾ ਨਾਲ ਸਬੰਧਤ 4 ਵਿਧਾਨ ਸਭਾ ਹਲਕਿਆਂ ਭੋਆ, ਸੁਜਾਨਪੁਰ, ਪਠਾਨਕੋਟ ਅਤੇ ਦੀਨਾਨਗਰ ਤੋਂ ਤਾਂ ਜਿੱਤ ਗਏ ਪਰ ਅਕਾਲੀ ਦਲ ਦੇ ਖਾਤੇ ਵਾਲੇ ਜੱਟ ਸਿੱਖ ਪ੍ਰਭਾਵ ਵਾਲੇ 5 ਹਲਕਿਆਂ ਡੇਰਾ ਬਾਬਾ ਨਾਨਕ, ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ ਅਤੇ ਕਾਦੀਆਂ 'ਚ ਉਨ੍ਹਾਂ ਨੂੰ ਬੇਹੱਦ ਖਰਾਬ ਹਾਲਾਤ ਦਾ ਸਾਹਮਣਾ ਕਰਨਾ ਪਿਆ। ਭਾਜਪਾ ਨੂੰ ਭੋਆ, ਸੁਜਾਨਪੁਰ ਅਤੇ ਪਠਾਨਕੋਟ ਤੋਂ ਹਰ ਅਸੈਂਬਲੀ ਹਲਕੇ 'ਚ ਕਰੀਬ 30-30 ਹਜ਼ਾਰ ਵੋਟਾਂ ਦੀ ਲੀਡ ਮਿਲੀ। ਦੀਨਾਨਗਰ 'ਚ ਇਹ ਲੀਡ 21 ਹਜ਼ਾਰ ਦੀ ਸੀ। ਫਤਿਹਗੜ੍ਹ ਚੂੜੀਆਂ 'ਚ ਸੰਨੀ ਦਿਓਲ 20,800 ਵੋਟਾਂ ਨਾਲ ਪਿੱਛੇ ਰਹੇ। ਡੇਰਾ ਬਾਬਾ ਨਾਨਕ ਵਿਖੇ ਸੰਨੀ ਨੂੰ ਕਾਂਗਰਸੀ ਉਮੀਦਵਾਰ ਨਾਲੋਂ 18,700 ਵੋਟਾਂ ਘੱਟ ਮਿਲੀਆਂ। ਬਟਾਲਾ, ਕਾਦੀਆਂ ਅਤੇ ਗੁਰਦਾਸਪੁਰ ਵਿਚ ਸੰਨੀ ਨੂੰ ਕ੍ਰਮਵਾਰ 956, 1183 ਅਤੇ 1149 ਵੋਟਾਂ ਦੀ ਮਾਮੂਲੀ ਲੀਡ ਮਿਲੀ। 

ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਦਲ ਸੰਨੀ ਦਿਓਲ ਦੀ ਮਦਦ ਲਈ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕਿਆ। ਭਾਜਪਾ ਦੇ ਇਕ ਪ੍ਰਮੁੱਖ ਅਹੁਦੇਦਾਰ ਨੇ ਕਿਹਾ ਕਿ ਉਸ ਨੇ ਲੋਕ ਸਭਾ ਹਲਕੇ ਗੁਰਦਾਸਪੁਰ ਦੇ ਵੋਟਿੰਗ ਪੈਟਰਨ ਦਾ ਅਧਿਐਨ ਕਰਨ ਪਿੱਛੋਂ ਦਿੱਲੀ ਵਿਚ ਪਾਰਟੀ ਹੈੱਡਕੁਆਰਟਰ ਨੂੰ ਢੁੱਕਵੀਂ ਰਿਪੋਰਟ ਭੇਜੀ ਹੈ। ਇਸ ਦੇ ਨਾਲ ਹੀ ਗੁਰਦਾਸਪੁਰ ਚੋਣ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਇਕ ਹੋਰ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਅਸੀਂ ਅਕਾਲੀ ਦਲ 'ਤੇ ਨਿਰਭਰ ਸੀ ਤੇ ਉਮੀਦ ਸੀ ਕਿ ਸਾਨੂੰ ਅਕਾਲੀ ਦਲ ਦੇ ਅਸਰ ਵਾਲੀਆਂ ਸੀਟਾਂ 'ਤੇ ਭਾਰੀ ਬਹੁਮਤ ਮਿਲੇਗਾ ਪਰ ਸਾਡੇ ਨਾਲ ਅਜਿਹੇ 5 ਹਲਕਿਆਂ ਵਿਚ ਧੋਖਾ ਹੋਇਆ। ਉਕਤ ਆਗੂ ਨੇ ਕਿਹਾ ਕਿ ਭਾਜਪਾ ਵਾਲੇ ਇਹ ਸੋਚ ਕੇ ਹੈਰਾਨ ਹੁੰਦੇ ਹਨ ਕਿ ਜੇ ਸੰਨੀ ਦਿਓਲ ਭਾਜਪਾ ਦੇ ਗੜ੍ਹ ਸਮਝੇ ਜਾਣ ਵਾਲੇ ਇਲਾਕਿਆਂ ਵਿਚੋਂ ਲੀਡ ਹਾਸਲ ਨਾ ਕਰਦੇ ਤਾਂ ਚੋਣ ਨਤੀਜੇ ਉਲਟ ਹੋਣੇ ਸਨ। ਸੁਨੀਲ ਜਾਖੜ ਨੇ ਆਸਾਨੀ ਨਾਲ ਚੋਣ ਜਿੱਤ ਜਾਣੀ ਸੀ। ਭਾਜਪਾ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੂੰ ਮੋਦੀ ਲਹਿਰ ਦਾ ਸਹਾਰਾ ਮਿਲਿਆ ਪਰ ਅਕਾਲੀ ਆਗੂ ਕਹਿੰਦੇ ਹਨ ਕਿ ਜੇ ਮੋਦੀ ਲਹਿਰ ਹੁੰਦੀ ਤਾਂ ਭਾਜਪਾ ਅਕਾਲੀ ਦਲ ਨਾਲ ਸਬੰਧਤ ਹਲਕਿਆਂ 'ਚ ਕਲੀਨ ਸਵੀਪ ਕਰ ਲੈਂਦੀ।

ਪਾਰਟੀ ਲੀਡਰਸ਼ਿਪ ਵਲੋਂ ਅਕਾਲੀ ਦਲ ਨਾਲ ਗਠਜੋੜ 'ਤੇ ਮੁੜ ਵਿਚਾਰ ਕਰਨ ਦਾ ਆ ਗਿਆ ਸਮਾਂ
ਭਾਜਪਾ ਨਾਲ ਸਬੰਧਤ ਇਕ ਸੀਨੀਅਰ ਨੇਤਾ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦਾਅਵਾ ਕਰਦਿਆਂ ਕਿਹਾ ਕਿ ਪਾਰਟੀ ਲੀਡਰਸ਼ਿਪ ਲਈ ਹੁਣ ਇਹ ਢੁੱਕਵਾਂ ਸਮਾਂ ਹੈ ਕਿ ਉਹ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਬਾਰੇ ਮੁੜ ਤੋਂ ਵਿਚਾਰ ਕਰੇ। ਉਨ੍ਹਾਂ ਕਿਹਾ ਕਿ 13 ਲੋਕ ਸਭਾ ਹਲਕਿਆਂ ਦੇ ਚੋਣ ਨਤੀਜਿਆਂ ਦਾ ਜੇ ਵਿਸ਼ਲੇਸ਼ਣ ਕੀਤਾ ਜਾਏ ਤਾਂ ਪਤਾ ਲੱਗਦਾ ਹੈ ਕਿ ਭਾਜਪਾ ਨੇ ਸੂਬੇ ਦੇ ਲਗਭਗ ਸਭ ਸ਼ਹਿਰੀ ਹਲਕਿਆਂ ਵਿਚ ਆਪਣੀ ਲੀਡ ਬਣਾਈ ਹੈ ਪਰ ਦੂਜੇ ਪਾਸੇ ਅਕਾਲੀ ਦਲ ਪਿੰਡਾਂ ਵਿਚ ਪੱਛੜ ਗਿਆ ਹੈ। ਉਕਤ ਆਗੂ ਦਾ ਕਹਿਣਾ ਹੈ ਕਿ ਭਾਜਪਾ ਹੁਣ ਅਕਾਲੀ ਦਲ ਦੀ ਮਦਦ ਤੋਂ ਬਿਨਾਂ ਵੀ ਵਧੀਆ ਪ੍ਰਦਰਸ਼ਨ ਕਰਨ ਦੇ ਸਮਰੱਥ ਹੈ।


rajwinder kaur

Content Editor

Related News