ਗੁਰਦਾਸਪੁਰ ਜ਼ਿਲ੍ਹੇ ''ਚ ਕੋਰੋਨਾ ਕਾਰਣ 24 ਸਾਲਾ ਨੌਜਵਾਨ ਸਮੇਤ 2 ਦੀ ਮੌਤ
Saturday, Sep 05, 2020 - 02:14 AM (IST)
ਗੁਰਦਾਸਪੁਰ,(ਹਰਮਨ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਹੋਰ ਭਿਆਨਕ ਹੁੰਦਾ ਜਾ ਰਿਹਾ ਹੈ। ਸ਼ੁੱਕਰਵਾਰ ਦੋ ਹੋਰ ਵਿਅਕਤੀ ਇਸ ਵਾਇਰਸ ਕਾਰਨ ਮੌਤ ਦੇ ਮੂੰਹ 'ਚ ਚਲੇ ਗਏ ਹਨ। ਮ੍ਰਿਤਕਾਂ 'ਚ ਇੱਕ ਗੁਰਦਾਸਪੁਰ ਸ਼ਹਿਰ ਨਾਲ ਸਬੰਧਤ 45 ਸਾਲਾ ਵਿਅਕਤੀ ਹੈ, ਜੋ ਸ਼ੂਗਰ ਦੀ ਬਿਮਾਰੀ ਤੋਂ ਪੀੜਿਤ ਸੀ ਅਤੇ ਅੰਮ੍ਰਿਤਸਰ ਦੇ ਇੱਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਜਦੋਂ ਕਿ ਮਰਨ ਵਾਲਾ ਦੂਸਰਾ ਮਰੀਜ਼ ਬਟਾਲਾ ਨੇੜਲੇ ਇੱਕ ਪਿੰਡ ਨਾਲ ਸਬੰਧਤ 24 ਸਾਲ ਦਾ ਨੌਜਵਾਨ ਹੈ ਜਿਸ ਨੂੰ ਕਿਡਨੀ ਦੀ ਬਿਮਾਰੀ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਓਧਰ ਅੱਜ ਜ਼ਿਲੇ 'ਚ ਕੋਰੋਨਾ ਤੋਂ ਪੀੜਤ 103 ਨਵੇਂ ਮਰੀਜ਼ ਸਾਹਮਣੇ ਆਉਣ ਕਾਰਨ ਹੁਣ ਤੱਕ ਸਾਹਮਣੇ ਆ ਚੁੱਕੇ ਮਰੀਜ਼ਾਂ ਦੀ ਕੁੱਲ ਗਿਣਤੀ 2702 ਤੱਕ ਪਹੁੰਚ ਗਈ ਹੈ। ਸਰਕਾਰ ਵੱਲੋਂ ਜ਼ਿਲਾ ਗੁਰਦਾਸਪੁਰ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਦੇਖ ਰੇਖ ਕਰਨ ਲਈ ਨਿਯੁਕਤ ਕੀਤੇ ਗਏ ਵਧੀਕ ਪ੍ਰਮੁੱਖ ਸਕੱਤਰ ਆਰ. ਵੈਂਕਟ ਰਤਨਮ ਨੇ ਜ਼ਿਲੇ ਦਾ ਦੌਰਾ ਕਰਕੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਡਾ. ਰਜਿੰਦਰ ਸਿੰਘ ਸੋਹਲ ਐੱਸ.ਐੱਸ.ਪੀ. ਗੁਰਦਾਸਪੁਰ, ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਸਕੱਤਰ ਸਿੰਘ ਬੱਲ ਐੱਸ.ਡੀ.ਐੱਮ-ਕਮ-ਸੀ.ਪੀ.ਟੀ.ਓ. ਗੁਰਦਾਸਪੁਰ, ਰਮਨ ਕੋਛੜ ਐੱਸ.ਡੀ.ਐੱਮ. ਦੀਨਾਨਗਰ, ਬਲਵਿੰਦਰ ਸਿੰਘ ਐੱਸ.ਡੀ.ਐੱਮ. ਬਟਾਲਾ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਦੇ ਬਚਾਅ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਪ੍ਰਸ਼ਾਸਨ ਚਿੰਤਤ ਪਰ ਲੋਕ ਬੇਪ੍ਰਵਾਹ
ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਦੇ ਬਾਵਜੂਦ ਲੋਕ ਬੇਪ੍ਰਵਾਹ ਹਨ ਅਤੇ ਪ੍ਰਸ਼ਾਸਨ ਦੀਆਂ ਚਿੰਤਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਲੋਕ ਅਜੇ ਵੀ ਮਾਸਕ ਦੀ ਵਰਤੋਂ ਕਰਨ ਅਤੇ ਅਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨ ਸਬੰਧੀ ਨਿਯਮਾਂ ਨੂੰ ਨਜ਼ਰ-ਅੰਦਾਜ਼ ਕਰਦੇ ਆ ਰਹੇ ਹਨ। ਗੁਰਦਾਸਪੁਰ ਸ਼ਹਿਰ ਸਮੇਤ ਆਸ-ਪਾਸ ਇਲਾਕਿਆਂ ਅੰਦਰ ਕਈ ਥਾਵਾਂ 'ਤੇ ਲੋਕ ਅਜੇ ਵੀ ਇੱਕ-ਦੂਜੇ ਦੀ ਸੁਰੱਖਿਆ ਦੀ ਪ੍ਰਵਾਹ ਕੀਤੇ ਬਗੈਰ ਸੋਸ਼ਲ ਡਿਸਟੈਂਸ ਅਤੇ ਹੋਰ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।