ਖੇਡਦੇ-ਖੇਡਦੇ 2 ਬੱਚੇ ਗੱਡੀ ''ਚ ਹੋਏ ਬੰਦ, 1 ਦੀ ਮੌਤ

Tuesday, Apr 02, 2019 - 10:38 AM (IST)

ਖੇਡਦੇ-ਖੇਡਦੇ 2 ਬੱਚੇ ਗੱਡੀ ''ਚ ਹੋਏ ਬੰਦ, 1 ਦੀ ਮੌਤ

ਗੁਰਦਾਸਪੁਰ (ਵਿਨੋਦ) : ਪਿੰਡ ਮੀਰਕਚਾਣਾ ਵਿਖੇ 2 ਮਾਸੂਮ ਬੱਚੇ ਖੇਡਦੇ-ਖੇਡਦੇ ਗੱਡੀ 'ਚ ਬੰਦ ਹੋ ਗਏ। ਜਿਸ ਕਾਰਨ ਇਕ ਬੱਚੇ ਦੀ ਮੌਤ ਹੋ ਗਈ, ਜਦਕਿ ਦੂਸਰੇ ਨੂੰ ਬੇਹੋਸ਼ੀ ਦੀ ਹਾਲਤ 'ਚ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਐਤਵਾਰ ਨੂੰ ਕਲਾਨੌਰ-ਬਟਾਲਾ ਰੋਡ 'ਤੇ ਪੈਂਦੇ ਪਿੰਡ ਮੀਰਕਚਾਣਾ ਵਿਖੇ ਐਕਸ. ਯੂ. ਵੀ. ਗੱਡੀ 'ਤੇ ਰਿਸ਼ਤੇਦਾਰ ਮਿਲਣ ਆਏ ਹੋਏ ਸਨ ਕਿ ਇਸ ਦੌਰਾਨ ਪਿੰਡ ਦੇ ਦੋ ਮਾਸੂਮ ਬੱਚੇ ਗੁਰਨੂਰ ਸਿੰਘ (4) ਪੁੱਤਰ ਹਰਭਜਨ ਸਿੰਘ ਵਾਸੀ ਮੀਰਕਚਾਣਾ ਤੇ ਗੁਰਮਹਿਤਾਬ ਸਿੰਘ (4) ਪੁੱਤਰ ਮਹਿਰੂਮ ਫ਼ੌਜੀ ਬਲਵੰਤ ਸਿੰਘ ਵਾਸੀ ਮੀਰਕਚਾਣਾ ਦੋਵੇਂ ਖੇਡਦੇ-ਖੇਡਦੇ ਗੱਡੀ 'ਚ ਵੜ ਗਏ ਪਰ ਗੱਡੀ ਦੇ ਤਾਕੀ ਦਾ ਲਾਕ ਖਰਾਬ ਹੋਣ ਕਾਰਨ ਦੋਵੇਂ ਬੱਚੇ ਗੱਡੀ 'ਚੋਂ ਬਾਹਰ ਨਾ ਨਿਕਲ ਸਕੇ, ਜਿਸ ਕਾਰਨ ਦੋਵੇਂ ਬੱਚੇ ਬੇਹੋਸ਼ ਹੋ ਗਏ।

ਦੋਵੇਂ ਬੱਚੇ ਘਰ ਤੋਂ ਗੁੰਮ ਹੋਣ ਤੋਂ ਬਾਅਦ ਗੁਰਨੂਰ ਸਿੰਘ ਦੀ ਮਾਤਾ ਸ਼ੈਲੀ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵਲੋਂ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਕੁਝ ਸਮੇਂ ਬਾਅਦ ਗੁਆਂਢੀ ਦੇ ਘਰ 'ਚ ਖੜ੍ਹੀ ਗੱਡੀ 'ਚ ਦੋਵੇਂ ਬੱਚਿਆਂ ਨੂੰ ਬੇਹੋਸ਼ੀ ਦੀ ਹਾਲਤ 'ਚ ਪਾਇਆ ਗਿਆ। ਇਸ ਦੌਰਾਨ ਵੇਖਿਆ ਕਿ ਗੱਡੀ ਬੰਦ ਹੋਣ ਕਾਰਨ ਗੁਰਨੂਰ ਸਿੰਘ ਦੀ ਮੌਤ ਹੋ ਚੁੱਕੀ ਸੀ, ਜਦਕਿ ਗੁਰਮਹਿਤਾਬ ਸਿੰਘ ਬੇਹੋਸ਼ੀ ਦੀ ਹਾਲਤ 'ਚ ਸੀ।

ਇਸ ਸਬੰਧੀ ਡਾ. ਲਖਬੀਰ ਸਿੰਘ ਨੇ ਦੱਸਿਆ ਕਿ ਗੁਰਨੂਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕਰੀਬ ਚਾਰ ਸਾਲ ਪਹਿਲਾਂ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ। ਜਦਕਿ ਗੁਰਮਹਿਤਾਬ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਅਤੇ ਉਸ ਦੇ ਪਿਤਾ ਫੌਜੀ ਬਲਵੰਤ ਸਿੰਘ ਦੀ ਪਿਛਲੇ ਸਾਲ ਸੱਪ ਲੜਨ ਨਾਲ ਮੌਤ ਹੋ ਚੁੱਕੀ ਹੈ। ਉੁਨ੍ਹਾਂ ਦੱਸਿਆ ਕਿ ਦੋਵੇਂ ਬੱਚਿਆਂ ਨੂੰ ਕੁਝ ਦਿਨ ਪਹਿਲਾਂ ਕਾਨਵੈਂਟ ਸਕੂਲ ਵਿਚ ਨਰਸਰੀ 'ਚ ਦਾਖਲ ਕਰਵਾਇਆ ਸੀ। ਉਸ ਨੇ ਦੱਸਿਆ ਕਿ ਇਸ ਘਟਨਾ ਨਾਲ ਇਲਾਕੇ ਵਿਚ ਵੀ ਸੋਗ ਦੀ ਲਹਿਰ ਹੈ।
 


author

Baljeet Kaur

Content Editor

Related News