ਜ਼ਿਲ੍ਹਾ ਗੁਰਦਾਸਪੁਰ ’ਚ ਦਿਨੋਂ-ਦਿਨ ਵੱਧ ਰਹੇ ਬਲੈਕ ਫੰਗਸ ਦੇ ਮਰੀਜ਼, 9 ਬੀਬੀਆਂ ਸਮੇਤ 14 ਵਿਅਕਤੀ ਲਪੇਟ ’ਚ

Sunday, Jun 06, 2021 - 01:55 PM (IST)

ਜ਼ਿਲ੍ਹਾ ਗੁਰਦਾਸਪੁਰ ’ਚ ਦਿਨੋਂ-ਦਿਨ ਵੱਧ ਰਹੇ ਬਲੈਕ ਫੰਗਸ ਦੇ ਮਰੀਜ਼, 9 ਬੀਬੀਆਂ ਸਮੇਤ 14 ਵਿਅਕਤੀ ਲਪੇਟ ’ਚ

ਗੁਰਦਾਸਪੁਰ (ਹਰਮਨ): ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਤੇਜ਼ੀ ਨਾਲ ਕੀਤੀ ਜਾ ਰਹੀ ਵੈਕਸੀਨੇਸ਼ਨ ਅਤੇ ਲਾਕਡਾਊਨ ਲਗਾਏ ਜਾਣ ਕਾਰਨ ਬੇਸ਼ੱਕ ਹੁਣ ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ’ਚ ਕੁਝ ਕਮੀ ਆਈ ਹੈ ਅਤੇ ਪਾਜ਼ੇਟਿਵ ਪਾਏ ਜਾ ਰਹੇ ਮਰੀਜ਼ਾਂ ਦੀ ਗਿਣਤੀ ’ਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਪਰ ਦੂਜੇ ਪਾਸੇ ਇਸ ਵਾਇਰਸ ਦੇ ਪ੍ਰਭਾਵ ਕਾਰਨ ਬਲੈਕ ਫੰਗਸ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ ’ਚ ਵੀ ਨਿਰੰਤਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਹੁਣ ਤੱਕ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ 14 ਵਿਅਕਤੀ ਬਲੈਕ ਫੰਗਸ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ’ਚੋਂ 4 ਵਿਅਕਤੀ ਹੁਣ ਤੱਕ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ। ਵੇਰਵਿਆਂ ਅਨੁਸਾਰ ਹੁਣ ਤੱਕ ਜਿਹੜੇ ਵਿਅਕਤੀ ਬਲੈਕ ਫੰਗਸ ਦੀ ਮਾਰ ’ਚ ਆਏ ਹਨ, ਉਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਮਰੀਜ਼ਾਂ ਦੀ ਗਿਣਤੀ ਬਟਾਲਾ ਨਾਲ ਸਬੰਧਤ ਹੈ।

ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਦੱਸਿਆ ਕਿ ਹੁਣ ਤੱਕ ਜਿਹੜੇ ਵਿਅਕਤੀ ਬਲੈਕ ਫੰਗਸ ਦੀ ਲਪੇਟ ਵਿਚ ਆਏ ਹਨ, ਉਨ੍ਹਾਂ ’ਚੋਂ ਪਿੰਡ ਲੀਲ ਕਲਾਂ ਨਾਲ ਸਬੰਧਤ 66 ਸਾਲ ਦਾ ਵਿਅਕਤੀ ਹੈ, ਜਦੋਂ ਕਿ ਦੂਸਰਾ ਵਿਅਕਤੀ ਨਵੀਂ ਆਬਾਦੀ ਉਮਰਪੁਰਾ ਦਾ 35 ਸਾਲ ਦਾ ਨੌਜਵਾਨ ਹੈ। ਬਟਾਲਾ ਦੀ ਮਾਸਟਰ ਮਾਰਕੀਟ ਨਾਲ ਸਬੰਧਤ 57 ਸਾਲ ਦੀ ਔਰਤ, ਨਵੀਂ ਆਬਾਦੀ ਉਮਰਪੁਰਾ ਬਟਾਲਾ ਦੀ 50 ਸਾਲ ਔਰਤ, ਪਿੰਡ ਦੀਨਪੁਰ ਦੀ 21 ਸਾਲ ਦੀ ਲੜਕੀ, ਪਿੰਡ ਕੋਟ ਮੀਆਂ ਸਾਹਿਬ ਕਲਾਨੌਰ ਦੀ 51 ਸਾਲ ਦੀ ਔਰਤ, ਬਟਾਲਾ ਦਾ 50 ਸਾਲ ਦਾ ਵਿਅਕਤੀ, ਬੱਬੇਹਾਲੀ ਦੀ 50 ਸਾਲ ਦੀ ਔਰਤ, ਧਮਰਈ ਦੀ 57 ਸਾਲ ਦੀ ਔਰਤ ਅਤੇ ਪਿੰਡ ਸੰਘੇੜਾ ਦਾ 41 ਸਾਲਾਂ ਦਾ ਵਿਅਕਤੀ ਬਲੈਕ ਫੰਗਸ ਤੋਂ ਪੀੜਤ ਪਾਇਆ ਗਿਆ ਹੈ।

ਇਸੇ ਤਰ੍ਹਾਂ ਭਿਖਾਰੀਵਾਲ ਨਾਲ ਸਬੰਧਤ ਇਕ 55 ਸਾਲ ਦੀ ਔਰਤ ਦੀ 24 ਮਈ ਨੂੰ ਮੌਤ ਹੋਈ ਸੀ, ਜਦੋਂ ਕਿ ਬਟਾਲਾ ਦੀ ਗੁਰੂ ਰਾਮਦਾਸ ਕਾਲੋਨੀ ਨਾਲ ਸਬੰਧਤ 65 ਸਾਲ ਦੀ ਔਰਤ ਦੀ ਪਿਛਲੇ ਮਹੀਨੇ 18 ਮਈ ਨੂੰ ਬਲੈਕ ਫੰਗਸ ਦੀ ਲਪੇਟ ਵਿਚ ਆਉਣ ਉਪਰੰਤ ਮੌਤ ਹੋ ਗਈ ਸੀ। ਇਸੇ ਤਰ੍ਹਾਂ ਚੌਥੀ ਔਰਤ ਦੀ ਉਮਰ 45 ਸਾਲ ਹੈ, ਜੋ ਪਿੰਡ ਬਾਲੇਵਾਲ ਨਾਲ ਸਬੰਧਤ ਹੈ, ਜਿਸਦੀ ਮੌਤ 26 ਮਈ ਨੂੰ ਹੋਈ ਸੀ।ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਨੇ ਦੱਸਿਆ ਕਿ ਮਰਨ ਵਾਲੇ ਇਕ ਵਿਅਕਤੀ ਨੇ ਵੈਕਸੀਨੇਸ਼ਨ ਕਰਵਾਈ ਸੀ ਜਦੋਂ ਕਿ ਤਿੰਨ ਵਿਅਕਤੀਆਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਹੋਈ ਸੀ।ਜ਼ਿਲੇ ’ਚ ਪੀੜਤ ਪਾਏ ਗਏ ਮਰੀਜ਼ਾਂ ’ਚ ਔਰਤਾਂ ਦੀ ਗਿਣਤੀ ਜ਼ਿਆਦਾ ਹੈ, ਜਿਸ ਤਹਿਤ ਕੁੱਲ 14 ਮਰੀਜ਼ਾਂ ’ਚੋਂ 9 ਔਰਤਾਂ ਹਨ। ਹੋਰ ਤੇ ਮਰਨ ਵਾਲੇ 4 ਵਿਅਕਤੀਆਂ ’ਚੋਂ ਵੀ 3 ਔਰਤਾਂ ਹਨ।

ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਅਤੇ ਬਲੈਕ ਫੰਗਸ ਪ੍ਰਤੀ ਬਿਲਕੁਲ ਲਾਪ੍ਰਵਾਹੀ ਨਾ ਵਰਤਣ। ਜੇਕਰ ਕਿਸੇ ਵੀ ਵਿਅਕਤੀ ਨੂੰ ਉਸ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਸ ਨੂੰ ਨਜ਼ਰਅੰਦਾਜ ਕਰਨ ਦੀ ਬਜਾਏ ਤੁਰੰਤ ਡਾਕਟਰਾਂ ਕੋਲ ਪਹੁੰਚ ਕੇ ਆਪਣਾ ਟੈਸਟ ਕਰਵਾਉਣ। ਉਨ੍ਹਾਂ ਕਿਹਾ ਕਿ ਦੇਖਣ ਵਿਚ ਆ ਰਿਹਾ ਹੈ ਕਿ ਜਿਹੜੇ ਲੋਕ ਮੁੱਢਲੀ ਅਵਸਥਾ ’ਚ ਲਾਪ੍ਰਵਾਹੀ ਵਰਤਦੇ ਹਨ ਅਤੇ ਇਲਾਜ ਲੇਟ ਸ਼ੁਰੂ ਕਰਵਾਉਂਦੇ ਹਨ, ਜ਼ਿਆਦਾਤਰ ਉਨ੍ਹਾਂ ਦੀ ਮੌਤ ਹੋ ਰਹੀ ਹੈ ਅਤੇ ਸਿਹਤ ਵੀ ਜ਼ਿਆਦਾ ਖਰਾਬ ਹੋ ਰਹੀ ਹੈ ਪਰ ਜੇਕਰ ਲੋਕ ਬੀਮਾਰੀ ਦੀ ਮੁੱਢਲੀ ਅਵਸਥਾ ’ਚ ਹੀ ਗੰਭੀਰਤਾ ਦਿਖਾ ਕੇ ਡਾਕਟਰਾਂ ਕੋਲ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਦਾ ਇਲਾਜ ਸਹੀ ਸਮੇਂ ਸਿਰ ਸ਼ੁਰੂ ਹੋ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਬਲੈਕ ਫੰਗਸ ਕਾਰਨ ਮੌਤ ਦੇ ਮੂੰਹ ’ਚ ਗਏ ਜ਼ਿਆਦਾਤਰ ਵਿਅਕਤੀਆਂ ਨੇ ਵੈਕਸੀਨ ਨਹੀਂ ਲਗਾਈ ਹੋਈ ਸੀ ਅਤੇ ਜਿਹੜੇ ਵਿਅਕਤੀ ਪਾਜ਼ੇਟਿਵ ਵੀ ਪਾਏ ਗਏ ਹਨ, ਉਨ੍ਹਾਂ ’ਚੋਂ ਜ਼ਿਆਦਾ ਨੇ ਵੈਕਸੀਨ ਨਹੀਂ ਲਵਾਈ ਸੀ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੇ ਨੇੜਲੇ ਸੈਂਟਰਾਂ ਵਿਚ ਜਾ ਕੇ ਆਪਣੀ ਵਾਰੀ ਅਨੁਸਾਰ ਵੈਕਸੀਨ ਜ਼ਰੂਰ ਲਗਵਾਉਣ ਤਾਂ ਜੋ ਇਸ ਨਾਮੁਰਾਦ ਬੀਮਾਰੀ ਦਾ ਜਲਦੀ ਤੋਂ ਜਲਦੀ ਖ਼ਾਤਮਾ ਕੀਤਾ ਜਾ ਸਕੇ।


author

Shyna

Content Editor

Related News