ਕਰਜ਼ਾ ਵਾਪਸ ਨਾ ਕਰਨ ''ਤੇ ਪਰਿਵਾਰ ਦੀ 11 ਸਾਲਾ ਬੇਟੀ ਨਾਲ ਸ਼ਾਹੂਕਾਰ ਨੇ ਕਰਵਾਇਆ ਵਿਆਹ

02/22/2020 10:40:40 AM

ਗੁਰਦਾਸਪੁਰ (ਜ.ਬ.) : ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ 'ਚ ਇਕ ਨਾਬਾਲਗ 11 ਸਾਲਾ ਲੜਕੀ ਦਾ ਵਿਆਹ 45 ਸਾਲਾ ਸ਼ਾਹੂਕਾਰ ਨਾਲ ਕਰਦੇ ਹੋਏ ਮੌਕੇ 'ਤੇ ਫੜੇ ਜਾਣ 'ਤੇ ਅਦਾਲਤ ਨੇ ਲਾੜੇ, ਨਿਕਾਹ ਕਰਨ ਵਾਲੇ ਮੌਲਵੀ, ਦੋ ਗਵਾਹਾਂ ਸਮੇਤ ਦੁਲਹਨ ਬਣੀ ਬੈਠੀ ਲੜਕੀ ਦੇ ਦਾਦਾ ਨੂੰ ਨਿਆਈਕ ਹਿਰਾਸਤ 'ਚ ਭੇਜਣ ਦਾ ਆਦੇਸ਼ ਸੁਣਾਇਆ। ਇਹ ਮਾਮਲਾ ਪਾਕਿਸਤਾਨ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਕੀ ਸੀ ਮਾਮਲਾ
ਮੁਹੰਮਦ ਨਵਾਬ ਪੁੱਤਰ ਅਸਲਮ ਖਾਨ ਨਿਵਾਸੀ ਬਟਖੇਲਾ ਨੇ ਪਿੰਡ ਦੇ ਹੀ ਇਕ ਸ਼ਾਹੂਕਾਰ ਸ਼ਬਾਮੂਦੀਨ ਤੋਂ ਆਪਣੇ ਇਲਾਜ ਲਈ 20 ਹਜ਼ਾਰ ਰੁਪਏ ਕਰਜ਼ਾ ਲਿਆ ਸੀ ਪਰ ਇਲਾਜ ਕਾਰਣ ਮੁਹੰਮਦ ਨਵਾਬ ਦੀ ਮੌਤ ਹੋ ਗਈ। ਅਸਲਮ ਖਾਨ ਦੇ ਪਰਿਵਾਰ ਵਲੋਂ ਕਰਜ਼ਾ ਵਾਪਸ ਨਾ ਕਰ ਪਾਉਣ ਦੇ ਕਾਰਣ ਸ਼ਾਹੂਕਾਰ ਸ਼ਬਾਮੂਦੀਨ ਨੇ ਮੁਹੰਮਦ ਨਵਾਬ ਦੇ ਪਿਤਾ ਅਸਲਮ ਖਾਨ ਦੇ ਸਾਹਮਣੇ ਸ਼ਰਤ ਰੱਖ ਦਿੱਤੀ ਕਿ ਜਾ ਤਾਂ ਵਿਆਜ ਸਮੇਤ ਸਾਰਾ ਕਰਜ਼ਾ ਵਾਪਸ ਕੀਤਾ ਜਾਵੇ ਨਹੀਂ ਤਾਂ ਮੁਹੰਮਦ ਨਵਾਬ ਦੀ 11 ਸਾਲਾ ਬੇਟੀ ਦਾ ਵਿਆਹ ਉਸ ਨਾਲ ਕੀਤਾ ਜਾਵੇ। ਪੈਸੇ ਵਾਪਸ ਕਰਨ 'ਚ ਅਸਮਰਥ ਅਸਲਮ ਖਾਨ ਨੇ ਆਪਣੀ ਪੋਤੀ ਦਾ ਵਿਆਹ ਮਜਬੂਰੀ ਵਸ ਸ਼ਾਹੂਕਾਰ ਸ਼ਬਾਮੂਦੀਨ ਨਾਲ ਕਰਨਾ ਕਬੂਲ ਕਰ ਲਿਆ। ਬੀਤੇ ਦਿਨੀਂ ਜਦ ਵਿਆਹ ਹੋ ਰਿਹਾ ਸੀ ਤਾਂ 11 ਸਾਲਾ ਲੜਕੀ ਦੀ ਮਾਂ ਨੇ ਪੁਲਸ ਨੂੰ ਸੂਚਨਾ ਕਰ ਦਿੱਤੀ। ਜਦ ਪੁਲਸ ਮੌਕੇ 'ਤੇ ਪਹੁੰਚੀ ਤਾਂ ਵਿਆਹ ਦੀ ਰਸਮ ਪੂਰੀ ਹੋ ਚੁੱਕੀ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਲਾੜੇ ਸ਼ਬਾਮੂਦੀਨ, ਮੌਲਵੀ ਪਰਵੇਜ਼ ਖਾਨ, ਗਵਾਹ ਜਾਹਿਰ ਸ਼ਾਹ ਅਤੇ ਮਸੂਦ ਸਮੇਤ ਦੁਲਹਨ ਦੇ ਦਾਦਾ ਅਸਲਮ ਖਾਨ ਨੂੰ ਗ੍ਰਿਫਤਾਰ ਕਰ ਲਿਆ। ਸਾਰੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਨ 'ਤੇ ਅਦਾਲਤ ਨੇ 5 ਦੋਸ਼ੀਆਂ ਨੂੰ ਜੇਲ ਭੇਜਣ ਦਾ ਆਦੇਸ਼ ਦਿੱਤਾ ਹੈ।


Baljeet Kaur

Content Editor

Related News