ਦਿੱਲੀ ਧਰਨੇ 'ਚ ਪਹੁੰਚੇ ਗੁਰਦਾਸ ਮਾਨ, ਸਟੇਜ ਐਂਟਰੀ 'ਤੇ ਦੋ ਧੜਿਆਂ 'ਚ ਵੰਡੇ ਕਿਸਾਨ
Monday, Dec 07, 2020 - 11:56 PM (IST)
ਜਲੰਧਰ (ਬਿਊਰੋ) — ਖ਼ੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਨੂੰ ਵੱਡੇ ਪੱਧਰ 'ਤੇ ਪੰਜਾਬੀ ਕਲਾਕਾਰ ਭਾਈਚਾਰੇ ਵਲੋਂ ਸਮਰਥਨ ਮਿਲ ਰਿਹਾ ਹੈ। ਪੰਜਾਬ 'ਚ ਰਹਿੰਦੇ ਅਨੇਕਾਂ ਹੀ ਕਲਾਕਾਰ ਵੱਡੇ ਪੱਧਰ 'ਤੇ ਦਿੱਲੀ ਪਹੁੰਚ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਉਥੇ ਹੀ ਪੰਜਾਬੀ ਗਾਇਕ ਗੁਰਦਾਸ ਮਾਨ ਅੱਜ ਦਿੱਲੀ 'ਚ ਕਿਸਾਨਾਂ ਦੇ ਸਮਰਥਨ 'ਚ ਸਿੰਘੂ ਬਾਰਡਰ 'ਤੇ ਪਹੁੰਚੇ ਹਨ। ਇਸ ਦੌਰਾਨ ਲੋਕਾਂ 'ਚ ਉਨ੍ਹਾਂ ਖ਼ਿਲਾਫ਼ ਭਾਰੀ ਰੋਸ ਵੀ ਪਾਇਆ ਗਿਆ ਅਤੇ ਕੁਝ ਲੋਕਾਂ ਨੇ ਉਨ੍ਹਾਂ ਦਾ ਪੱਖ ਵੀ ਲਿਆ। ਗੁਰਦਾਸ ਮਾਨ ਨਾਲ ਦਿੱਲੀ ਧਰਨੇ 'ਚ ਉਨ੍ਹਾਂ ਦਾ ਪੁੱਤਰ ਗੁਰਿਕ ਮਾਨ ਵੀ ਪਹੁੰਚਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸਮਰਥਨ 'ਚ ਆਇਆ ਬਾਲੀਵੁੱਡ, ਪ੍ਰਿਅੰਕਾ ਤੇ ਸੋਨਮ ਕਪੂਰ ਨੇ ਆਖੀ ਇਹ ਗੱਲ
ਦੱਸ ਦਈਏ ਕਿ ਗੁਰਦਾਸ ਮਾਨ ਵੀ ਇਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਹਾਲਾਂਕਿ ਗੁਰਦਾਸ ਮਾਨ ਨੇ 2-3 ਮਹੀਨਿਆਂ ਤੋਂ ਕਿਸਾਨਾਂ ਨਾਲ ਜੁੜੀ ਕੋਈ ਗੱਲ ਨਹੀਂ ਆਖੀ ਪਰ ਹੁਣ ਉਨ੍ਹਾਂ ਦਾ ਚੁਪ-ਚਪੀਤੇ ਹੀ ਦਿੱਲੀ ਧਰਨੇ 'ਚ ਲੋਕਾਂ ਦੇ ਇਕੱਠ 'ਚ ਬੈਠਣਾ ਲੋਕਾਂ ਨੂੰ ਚੰਗਾ ਲੱਗਾ। ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਹਰ ਕਿਸੇ ਦੀ ਲੋੜ ਹੈ, ਸਾਨੂੰ ਅਜਿਹੀਆਂ ਹਸਤੀਆਂ ਦੀ ਜ਼ਰੂਰਤ ਹੈ, ਜੋ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ। ਉਥੇ ਹੀ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ ਨੂੰ ਸਟੇਜ 'ਤੇ ਬੋਲਣ ਦਾ ਮੌਕਾ ਦਿੱਤਾ ਗਿਆ ਪਰ ਜਦੋਂ ਉਹ ਸਟੇਜ ਵੱਲ ਜਾਣ ਲੱਗੇ ਤਾਂ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਟੇਜ 'ਤੇ ਆਉਣ ਤੋਂ ਰੋਕ ਦਿੱਤਾ ਗਿਆ। ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਦੇ ਹੋਏ ਮਾਨ ਨੂੰ ਵਾਪਸ ਮੁੜਣਾ ਪਿਆ।
ਇਹ ਖ਼ਬਰ ਵੀ ਪੜ੍ਹੋ : ਸਿਤਾਰਿਆਂ 'ਚ ਮੁੜ ਛਾਇਆ ਮਾਤਮ, ਕੋਰੋਨਾ ਕਾਰਨ ਪ੍ਰਸਿੱਧ ਅਦਾਕਾਰਾ ਦੀ ਹੋਈ ਮੌਤ
ਵਿਰੋਧ 'ਚ ਲੋਕਾਂ ਨੇ ਆਖੀਆਂ ਇਹ ਗੱਲਾਂ
ਕੁਝ ਕ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਗੁਰਦਾਸ ਮਾਨ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕਦੇ। ਨਾ ਹੀ ਉਨ੍ਹਾਂ ਨੇ ਰਾਸ਼ਟਰ ਭਾਸ਼ਾ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ 'ਤੇ ਮੁਆਫ਼ੀ ਮੰਗੀ ਹੈ। ਅਸੀਂ ਗੁਰਦਾਸ ਮਾਨ ਵਲੋਂ ਰਾਸ਼ਟਰ ਭਾਸ਼ਾ ਦੇ ਕੀਤੇ ਅਪਮਾਨ ਨੂੰ ਕਦੇ ਨਹੀਂ ਭੁੱਲ ਸਕਦੇ। ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ ਅੱਜ ਕੰਗਨਾ ਰਣੌਤ ਵੀ ਕਿਸਾਨੀ ਅੰਦੋਲਨ 'ਚ ਆ ਜਾਵੇ ਤਾਂ ਅਸੀਂ ਉਸ ਨੂੰ ਵੀ ਮੁਆਫ਼ ਨਹੀਂ ਕਰਾਂਗਾ। ਉਸ ਨੇ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਮੰਦਾ ਬੋਲਿਆ ਹੈ, ਜਿਸਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ।
ਇਹ ਖ਼ਬਰ ਵੀ ਪੜ੍ਹੋ : ਬੇਬੇ ਨੂੰ ਗ਼ਲਤ ਬੋਲ ਬੁਰੀ ਫਸੀ ਕੰਗਨਾ ਰਣੌਤ, ਹੁਣ ਲੁਧਿਆਣਾ ਤੋਂ ਭੇਜਿਆ ਗਿਆ ਕਾਨੂੰਨੀ ਨੋਟਿਸ
ਭਾਸ਼ਾ ਨੂੰ ਲੈ ਕੇ ਹੋਇਆ ਸੀ ਵੱਡਾ ਵਿਵਾਦ
ਗੁਰਦਾਸ ਮਾਨ ਨੇ ਕਿਹਾ ਕਿ ਇਕ ਇੰਟਰਵਿਊ ਦੌਰਾਨ ਮੇਰੇ ਤੋਂ ਰਾਸ਼ਟਰ ਭਾਸ਼ਾ ਨਾਲ ਜੁੜਿਆ ਇਕ ਸਵਾਲ ਪੁੱਛਿਆ ਸੀ, ਜਿਸ ਦਾ ਜਵਾਬ ਮੈਂ ਸਹਿਜ 'ਚ ਦਿੰਦਿਆ ਕਿਹਾ 'ਇਕ ਦੇਸ਼ ਦੀ ਇਕ ਭਾਸ਼ਾ ਤਾਂ ਹੋਣੀ ਹੀ ਚਾਹੀਦੀ ਹੈ ਤਾਂ ਕਿ ਉਸ ਦੇਸ਼ ਦਾ ਹਰ ਵਿਅਕਤੀ ਆਸਾਨੀ ਨਾਲ ਆਪਣੇ ਦਿਲ ਦੀ ਗੱਲ ਬੇਫ਼ਿਕਰੀ ਨਾਲ ਸਾਂਝੀ ਕਰ ਸਕੇ, ਕਿਸੇ ਨੂੰ ਸਮਝਾ ਸਕੇ ਤੇ ਖ਼ੁਦ ਵੀ ਸਮਝ ਸਕੇ। ਇਸੇ ਨੂੰ ਰਾਸ਼ਟਰ ਭਾਸ਼ਾ ਕਹਿੰਦੇ ਹਨ।
ਨੋਟ : ਦਿੱਲੀ ਧਰਨੇ 'ਚ ਗੁਰਦਾਸ ਮਾਨ ਦੇ ਪਹੁੰਚਣ ਦਾ ਤੁਸੀਂ ਵਿਰੋਧ ਕਰਦੇ ਹੋ ਜਾਂ ਸਮਰਥਨ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।