ਡੇਹਲੋਂ ਦੇ ਗੁਰਬੀਰ ਨੇ ਸੋਨੇ ਤੇ ਚਾਂਦੀ ਦੇ ਤਮਗੇ ਜਿੱਤ ਕੀਤਾ ਪੰਜਾਬ ਦਾ ਨਾਂ ਰੌਸ਼ਨ

01/16/2018 12:56:05 AM

ਲੁਧਿਆਣਾ (ਪਰਮਿੰਦਰ, ਸਲੂਜਾ)- ਨੇਤਰਹੀਣਾਂ ਦੀਆਂ ਰਾਸ਼ਟਰੀ ਖੇਡਾਂ ਸੋਮਵਾਰ ਨੂੰ ਨੇਤਰਹੀਣਾਂ ਦੇ ਖੇਡ ਇਤਿਹਾਸ ਵਿਚ ਨਿਵੇਕਲੀਆਂ ਪੈੜਾਂ ਪਾਉਂਦੀਆਂ ਧੂਮ-ਧੜੱਕੇ ਨਾਲ ਅਗਲੇ ਵਰ੍ਹੇ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਈਆਂ। ਦਿੱਲੀ ਦੇ ਤੇਜ਼ ਤਰਾਰ ਖਿਡਾਰੀਆਂ ਨੇ ਸਭ ਤੋਂ ਵੱਧ ਮੈਡਲ ਪ੍ਰਾਪਤ ਕਰ ਕੇ ਆਪਣੀ ਸਰਦਾਰੀ ਕਾਇਮ ਕੀਤੀ, ਜਦੋਕਿ ਪੰਜਾਬ ਦੇ ਗੁਰਬੀਰ ਸਿੰਘ ਨੇ 100 ਮੀਟਰ ਦੌੜ 12 ਸੈਕਿੰਡ ਵਿਚ ਲਾ ਕੇ ਦੂਜਾ ਸੋਨ ਤਮਗਾ ਅਤੇ 400 ਮੀਟਰ ਵਿਚ ਚਾਂਦੀ ਤਮਗਾ ਜਿੱਤ ਕੇ ਪੰਜਾਬ ਦਾ ਨਾਂ ਦੇਸ਼ ਭਰ ਵਿਚ ਰੌਸ਼ਨ ਕੀਤਾ। ਕੌਮਾਂਤਰੀ ਐਥਲੀਟ ਹਰਮਨਪ੍ਰੀਤ ਕੌਰ ਚਾਹਲ ਨੇ ਸ਼ਾਟਪੁੱਟ ਤੇ ਡਿਸਕਸ ਥ੍ਰੋਅ ਵਿਚ ਸੋਨ ਤਮਗਾ ਜਿੱਤਿਆ। ਮੁੱਖ ਮਹਿਮਾਨ ਵੱਜੋਂ ਪੁੱਜੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਪ੍ਰਬੰਧਕਾਂ ਦੀ ਮੰਗ 'ਤੇ ਗੁਰੂ ਨਾਨਕ ਸਟੇਡੀਅਮ ਦੇ ਸਿੰਥੈਟਿਕ ਟਰੈਕ ਨੂੰ ਬਦਲਣ, ਨੇਤਰਹੀਣ ਖਿਡਾਰੀਆਂ ਨੂੰ ਵੀ ਆਮ ਖਿਡਾਰੀਆਂ ਵਾਲੀਆਂ ਸਾਰੀਆਂ ਖੇਡ ਸਹੂਲਤਾਂ ਅਤੇ ਖੇਡਾਂ ਨੂੰ ਗ੍ਰੇਡੇਸ਼ਨ ਦਿਵਾਉਣ ਲਈ ਬਹੁਤ ਜਲਦੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਭਰੋਸਾ ਦਿਵਾਇਆ।

PunjabKesari
ਵਿਧਾਇਕ ਅਮਰੀਕ ਸਿੰਘ ਢਿੱਲੋਂ ਸਮਰਾਲਾ, ਵਿਧਾਇਕ ਸੰਜੇ ਤਲਵਾੜ ਅਤੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸਵਾਮੀ ਸ਼ੰਕਰਾਨੰਦ ਜੀ ਭੂਰੀਵਾਲਿਆਂ ਵਲੋਂ ਆਏ ਕੁਲਦੀਪ ਸਿੰਘ ਮਾਨ ਨੇ ਕਿਹਾ ਕਿ ਨੇਤਰਹੀਣ ਸੰਸਥਾ ਵੱਲੋਂ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਅੰਦਰ ਨੇਤਰਹੀਣਾਂ ਦੀਆਂ ਕੌਮੀ ਖੇਡਾਂ ਕਰਵਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਸ ਲਈ ਸਮੁੱਚੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਨੇਤਰਹੀਣ ਖਿਡਾਰੀਆਂ ਤੋਂ ਪ੍ਰੇਰਣਾ ਲੈ ਕੇ ਖੇਡਾਂ ਅਤੇ ਸਮਾਜ ਦੀ ਬਿਹਤਰੀ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਸਾਬਕਾ ਵਿਧਾਇਕ ਇਆਲੀ ਨੇ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ। ਲੁਧਿਆਣਾ ਭਲਾਈ ਮੰਚ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਰਾਜੂ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਨੇਤਰਹੀਣ ਖਿਡਾਰੀਆਂ ਦੀ ਭਲਾਈ ਲਈ ਦੇਣ ਦਾ ਐਲਾਨ ਕੀਤਾ। 
ਸੋਮਵਾਰ ਨੂੰ ਹੋਏ ਮੁਕਾਬਲਿਆਂ ਵਿਚ ਬੀ-1 ਲੜਕੀਆਂ ਦੀ 800 ਮੀਟਰ ਦੌੜ ਵਿਚ ਸੰਜੇ ਕੁਮਾਰ ਤੇ ਮਾਰੂਤੀ ਦਿੱਲੀ ਨੇ ਸੋਨੇ ਤੇ ਚਾਂਦੀ ਅਤੇ ਗੁਰਜੋਤ ਸਿੰਘ ਚੰਡੀਗੜ੍ਹ ਨੇ ਕਾਂਸੀ, ਬੀ-2 ਲੜਕਿਆਂ ਦੀ 3000 ਮੀਟਰ ਦੌੜ ਵਿਚ ਗੌਤਮ ਹਿਮਾਚਲ ਨੇ ਸੋਨੇ, ਜੈਪੁਰ ਦੇ ਪ੍ਰਿੰਸ ਸਾਮੋਤਾ ਅਤੇ ਪ੍ਰਵੀਨ ਸ਼ਰਮਾ, ਬੀ-2 ਮਰਦਾਂ ਦੀ 200 ਮੀਟਰ ਦੌੜ ਵਿਚ ਸੁਨੀਲ ਕੁਮਾਰ ਰਾਜਸਥਾਨ, ਜੈਵਿਡ ਮਹਾਰਾਸ਼ਟਰ ਅਤੇ ਆਰੁਣ ਦਿੱਲੀ ਅਤੇ 1500 ਮੀਟਰ ਦੌੜ ਵਿਚ ਮੁਹੰਮਦ ਤ੍ਰਿਪੁਰਾ, ਵਰਿੰਦਰ ਸਿੰਘ ਹਿਮਾਚਲ, ਥੋਮਸ ਪੰਜਾਬ ਨੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ। ਬੀ-2 ਲੜਕੀਆਂ ਦੀ ਲੰਬੀ ਛਾਲ ਵਿਚ ਤਾਰਾ ਪਟਵਾ ਦੇਹਰਾਦੂਨ, ਸੋਨਮਨੀ ਸਾਕੀਲਾ ਆਸਾਮ, ਕੁਸਮ ਭਾਟੀਆ ਚੰਡੀਗੜ੍ਹ, ਸ਼ਾਟਪੁੱਟ ਵਿਚ ਆਸਾਮ ਦੀਆਂ ਹਿਮਾਕਸ਼ੀ ਦੇਵੀ, ਜਨਮਨੀ ਸਾਕੀਆ ਰਾਜੀਨਾ ਬੇਗਮ ਨੇ, ਡਿਸਕਸ ਥ੍ਰੋਅ ਵਿਚ ਮਹਾਰਾਸ਼ਟਰ ਦੀਆਂ ਯੋਗਤਾ ਤੇ ਅਕਸਾਟਾ ਨੇ ਕੋਲਕਾਤਾ ਦੀ ਮਾਜ਼ੂਰੀ ਬੀਸੀ ਨੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤੇ। ਬੀ-3 ਮਰਦਾਂ ਦੇ ਸ਼ਾਟਪੁੱਟ ਮਕਾਬਲੇ ਵਿਚ ਕਰਨਾਟਕਾ ਦੇ ਸੁਬਰਾਮਨੀਅਮ, ਜੋਧਪੁਰ ਦੇ ਸ਼ਿਵਮ ਅਤੇ ਪੰਜਾਬ ਤ੍ਰਿਪਤਪਾਲ ਸਿੰਘ ਨੇ ਸੋਨ ਤਮਗੇ ਜਿੱਤੇ । ਅੱਜ ਮੰਡੀ ਬੋਰਡ ਦੇ ਜ਼ਿਲਾ ਡਿਪਟੀ ਮੈਨੇਜਰ ਜਸਵਿੰਦਰ ਸਿੰਘ, ਵੀ. ਆਰ. ਟੀ. ਸੀ. ਦੇ ਡਿਪਟੀ ਡਾਇਰੈਕਟਰ ਰਵੀਇੰਦਰਨ, ਬੀਬੀ ਪਰਮਜੀਤ ਕੌਰ, ਜਸਵੰਤ ਸਿੰਘ ਛਾਪਾ, ਗਿੱਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਸਤਵਿੰਦਰ ਸਿੰਘ ਟੋਨੀ, ਸੈਕਟਰੀ ਹਰਪ੍ਰੀਤ ਸਿੰਘ ਰਾਜੂ, ਦਲਬਾਰਾ ਸਿੰਘ ਭੱਟੀ, ਸੁਖਦੇਵ ਸਿੰਘ ਬਰਮਾਲੀਪੁਰ, ਜਗਰੂਪ ਸਿੰਘ ਜਰਖੜ, ਰਮਨਦੀਪ ਸਿੰਘ ਮੁੰਡੀ, ਸਤਨਾਮ ਸਿੰਘ ਝਾਬੇਵਾਲ, ਡਿੰਪਲ ਰਾਣੀ, ਸੋਨੂੰ ਕੁਹਾੜਾ, ਇੰਦਰਜੀਤ ਸਿੰਘ ਮੁੱਲਾਂਪੁਰ, ਬਾਬਾ ਸੂਬਾ ਸਿੰਘ , ਮੁਖਤਿਆਰ ਸਿੰਘ ਸਪਰੋੜ ਨੰਗਲ ਆਦਿ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਆਖੀਰ ਵਿਚ ਵੱਖ-ਵੱਖ ਮੁਕਾਬਲਿਆਂ ਦੇ ਸਾਰੇ ਜੇਤੂ ਖਿਡਾਰੀਆਂ ਨੂੰ 3 ਲੱਖ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ।


Related News