ਗੁਲਦਾਊਦੀ ਸ਼ੋਅ : ਕੋਲਕਾਤਾ ਦੇ ਫੁੱਲਾਂ ਨਾਲ ਮਹਿਕਿਆ ''ਚੰਡੀਗੜ੍ਹ''

Saturday, Dec 15, 2018 - 09:07 AM (IST)

ਗੁਲਦਾਊਦੀ ਸ਼ੋਅ : ਕੋਲਕਾਤਾ ਦੇ ਫੁੱਲਾਂ ਨਾਲ ਮਹਿਕਿਆ ''ਚੰਡੀਗੜ੍ਹ''

ਚੰਡੀਗੜ੍ਹ (ਪਾਲ) : ਸ਼ਹਿਰ ਦੇ ਸੈਕਟਰ-33 'ਚ ਸ਼ੁੱਕਰਵਾਰ ਨੂੰ 'ਟੈਰੇਸਡ ਗਾਰਡਨ' 'ਚ 32ਵੇਂ 'ਗੁਲਦਾਊਦੀ ਸ਼ੋਅ' ਦਾ ਉਦਘਾਟਨ ਮੇਅਰ ਦੇਵੇਸ਼ ਮੋਦਗਿੱਲ ਵਲੋਂ ਕੀਤਾ ਗਿਆ। ਇਸ ਦੌਰਾਨ ਨਿਗਮ ਦੇ ਕੌਂਸਲਰ ਅਤੇ ਆਲਾ ਅਧਿਕਾਰੀ ਮੌਜੂਦ ਰਹੇ। ਇੱਥੇ ਫੁੱਲਾਂ ਅਤੇ ਗਾਰਡਨ 'ਚ ਬਣਾਈ ਗਈ ਟਨਲ ਵੱਲ ਲੋਕ ਜ਼ਿਆਦਾ ਆਕਰਸ਼ਿਤ ਹੋਏ। ਦੱਸ ਦੇਈਏ ਕਿ ਨਿਗਮ ਵਲੋਂ ਗੁਲਦਾਊਦੀ ਸਮੇਤ 268 ਤੋਂ ਵੀ ਜ਼ਿਆਦਾ ਫੁੱਲਾਂ ਦੀਆਂ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਫੁੱਲਾਂ ਦੀਆਂ 2 ਨਵੀਆਂ ਕਿਸਮਾਂ ਸ਼ੋਅ 'ਚ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਖਾਸ ਤੌਰ 'ਤੇ ਕੋਲਕਾਤਾ ਤੋਂ ਮੰਗਵਾਇਆ ਗਿਆ ਹੈ। ਹਾਲਾਂਕਿ ਪਹਿਲੇ ਦਿਨ ਲੋਕਾਂ ਦੀ ਭੀੜ ਜ਼ਿਆਦਾ ਦੇਖਣ ਨੂੰ ਨਹੀਂ ਮਿਲੀ ਪਰ ਉਮੀਦ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਕਾਰਨ ਲੋਕਾਂ ਦੀ ਗਿਣਤੀ ਜ਼ਿਆਦਾ ਰਹੇਗੀ। ਇਸ ਵਾਰ ਮਹਾਤਮਾ ਗਾਂਧੀ, ਕਸਤੂਰਬਾ ਗਾਂਧੀ ਅਤੇ ਸੁਭਾਸ਼ ਚੰਦਰ ਬੋਸ ਵਰਗੀਆਂ ਮਹਾਨ ਹਸਤੀਆਂ 'ਤੇ ਆਧਾਰਿਤ ਫੁੱਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਪਹਿਲੇ ਦਿਨ ਆਕਰਸ਼ਣ ਦਾ ਕੇਂਦਰ ਰਹੇ।
ਆਰਟ ਐਂਡ ਕਲਚਰਲ ਕਮੇਟੀ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਦੱਸਿਆ ਕਿ ਸ਼ੋਅ 'ਚ ਪਹਿਲੀ ਵਾਰ ਸੱਭਿਆਚਾਰਕ ਪ੍ਰੋਗਰਾਮ ਹੋ ਰਹੇ ਹਨ। ਗੁਰੂਕੁਲ ਸਕੂਲ, ਪੰਚਕੂਲਾ ਦੇ ਵਿਦਿਆਰਥੀਆਂ ਨੇ ਸ਼ੋਅ 'ਚ ਪੇਸ਼ਕਾਰੀ ਦਿੱਤੀ। ਜਾਦੂਗਰ ਪਰਦੀਪ ਨੇ ਆਪਣੇ ਜਾਦੂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਸ਼ਨੀਵਾਰ ਨੂੰ ਫੋਕ ਡਾਂਸ ਸ਼ਾਮ 4 ਵਜੇ ਅਤੇ 'ਓਲਡ ਇਜ਼ ਗੋਲਡ' ਕਲਚਰਲ ਈਵਨਿੰਗ ਦਾ ਆਯੋਜਨ ਸ਼ਾਮ 5 ਵਜੇ ਹੋਵੇਗਾ।


author

Babita

Content Editor

Related News