ਮਜੀਠਾ ਵਿਖੇ ਗੁੱਜਰਾਂ ਦੇ ਡੇਰੇ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

10/30/2020 6:38:48 PM

ਮਜੀਠਾ,(ਸਰਬਜੀਤ ਵਡਾਲਾ) - ਸ਼ਹਿਰ ਦੇ ਸੋਹੀਆਂ ਰੋਡ 'ਤੇ ਸਥਿਤ ਅੱਜ ਖੇਤਾਂ ਉੱਪਰੋਂ ਲੰਘਦੀ 24 ਘੰਟੇ ਬਿਜਲੀ ਸਪਲਾਈ ਵਾਲੀ ਐੱਲ.ਟੀ ਲਾਈਨ 'ਚੋਂ ਸਰਕਟ ਸ਼ਾਰਟ ਹੋਣ ਨਾਲ ਗੁੱਜਰਾਂ ਦੇ ਡੇਰੇ ਨੂੰ ਅੱਗ ਲੱਗ ਗਈ, ਜਿਸ ਕਾਰਣ ਲੱਖਾਂ ਰੁਪਏ ਦਾ ਸਮਾਨ ਤੇ 100 ਕਿੱਲੇ ਪਰਾਲੀ ਸੜ ਕੇ ਸੁਆਹ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁੱਜਰ ਕਾਜੂਦੀਨ ਪੁੱਤਰ ਮੀਰਾਂ ਬਖਸ਼ ਅਤੇ ਹਾਕਮਦੀਨ ਪੁੱਤਰ ਕਾਜੂਦੀਨ ਵਾਸੀ ਸੋਹੀਆਂ ਰੋਡ, ਨੇੜੇ ਸ਼ਹੀਦ ਕੈਪਟਨ ਅਮਰਦੀਪ ਸਿੰਘ ਸੈਕੰਡਰੀ ਸਕੂਲ ਮਜੀਠਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਹ ਪਿਛਲੇ ਕਰੀਬ 8 ਸਾਲਾਂ ਤੋਂ ਸੋਹੀਆਂ ਰੋਡ ਮਜੀਠਾ ਵਿਖੇ ਠੇਕੇ 'ਤੇ ਪੈਲੀ ਲੈ ਕੇ ਆਪਣੇ 2 ਕੁੱਲ ਬਣਾ ਕੇ ਰਹਿੰਦੇ ਆ ਰਹੇ ਹਨ। ਅੱਜ ਉਹ ਆਪਣੇ-ਆਪਣੇ ਕੰਮ ਵਿਚ ਲੱਗੇ ਹੋਏ ਸਨ ਕਿ ਦੁਪਹਿਰ ਡੇਢ ਵਜੇ ਦੇ ਕਰੀਬ ਅਚਾਨਕ ਆਏ ਤੇਜ਼ ਹਵਾ ਦੇ ਬੁੱਲੇ ਨਾਲ ਉਨ੍ਹਾਂ ਦੇ ਖੇਤਾਂ ਉੱਪਰੋਂ ਦੀ ਲੰਘਦੀ 24 ਘੰਟੇ ਸਪਲਾਈ ਵਾਲੀ ਐੱਲ.ਟੀ ਲਾਈਨ ਦੀਆਂ ਤਾਰਾਂ ਵਿਚੋਂ ਅਚਾਨਕ ਆਪਸ ਵਿਚ ਟਕਰਾਉਣ ਨਾਲ ਸਰਕਟ ਸ਼ਾਰਟ ਹੋ ਗਿਆ, ਜਿਸ ਤੋਂ ਨਿਕਲੇ ਚੰਗਿਆੜੇ ਨਾਲ ਭਿਆਨਕ ਅੱਗ ਲੱਗ ਗਈ।

PunjabKesari

ਕਾਜੂਦੀਨ ਤੇ ਹਾਕਮਦੀਨ ਨੇ ਅੱਗੇ ਦੱਸਿਆ ਕਿ ਇਹ ਅੱਗ ਇੰਨੀਂ ਤੇਜ਼ ਸੀ ਕਿ ਉਨ੍ਹਾਂ ਦੀਆਂ ਦੋਵੇਂ ਕੁੱਲੀਆਂ ਮਿੰਟਾਂ-ਸਕਿੰਟਾਂ 'ਚ ਸੜ੍ਹ ਕੇ ਸੁਆਹ ਹੋ ਗਈਆਂ, ਜਦਕਿ ਕੁੱਲ ਅੰਦਰ ਪਿਆ ਉਨ੍ਹਾਂ ਦਾ ਸਾਮਾਨ ਜਿਸ ਵਿਚ ਫਰਿੱਜ਼, ਟੀ.ਵੀ, ਬਰਤਨ, ਬਿਸਤਰੇ, ਕੱਪੜੇ ਆਦਿ ਤੋਂ ਇਲਾਵਾ ਕਰੀਬ 2 ਲੱਖ ਰੁਪਏ ਦੇ ਗਹਿਣੇ, ਡੇਢ ਲੱਖ ਰੁਪਏ ਨਕਦੀ ਆਦਿ ਸ਼ਾਮਲ ਹਨ, ਸੜ੍ਹ ਗਈ, ਉਥੇ ਨਾਲ ਹੀ 100 ਕਿੱਲਿਆਂ ਦੀ ਇਕੱਠੀ ਪਰਾਲੀ ਤੇ ਪਸ਼ੂਆਂ ਲਈ ਮੰਗਵਾਈ ਕਰੀਬ ਲੱਖ ਰੁਪਏ ਦੀ ਫੀਡ ਵੀ ਸੜ੍ਹ ਕੇ ਖਾਕ ਹੋ ਗਈ। ਉਕਤ ਗੁੱਜਰਾਂ ਨੇ ਅੱਗੇ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ ਕਰੀਬ 10 ਲੱਖ ਰੁਪਏ ਦਾ ਭਾਰੀ ਮਾਲੀ ਨੁਕਸਾਨ ਹੋ ਗਿਆ ਹੈ, ਜਦਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਟਲ ਗਿਆ। ਕਾਜੂਦੀਨ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਦੁਬਾਰਾ ਆਪਣੀ ਰਿਹਾਇਸ਼ ਬਣਾ ਕੇ ਇਥੇ ਆਪਣਾ ਰੈਣ ਬਸੇਰਾ ਕਰ ਸਕਣ। ਇਹ ਵੀ ਪਤਾ ਲੱਗਾ ਹੈ ਕਿ ਇਸ ਅੱਗ ਲੱਗਣ ਸਬੰਧੀ ਸੂਚਨਾ ਮਿਲਣ 'ਤੇ ਐੈੱਸ.ਡੀ.ਐੱਮ. ਮੈਡਮ ਅਲਕਾ ਕਾਲੀਆ, ਨਾਇਬ ਤਹਿਸੀਲਦਾਰ ਜਸਬੀਰ ਸਿੰਘ, ਐੱਸ.ਐੱਚ.ਓ ਮਜੀਠਾ ਬਲਜਿੰਦਰ ਸਿੰਘ, ਪਾਵਰਕਾਮ ਵਿਭਾਗ ਦੇ ਅਧਿਕਾਰੀ ਜੇ.ਈ. ਵੀ ਮੌਕੇ 'ਤੇ ਪਹੁੰਚ ਗਏ ਜਿੰਨ੍ਹਾਂ ਨੇ ਮੌਕੇ ਦਾ ਜਾਇਜ਼ਾ ਲੈ ਲਿਆ ਹੈ।

PunjabKesari

ਡੇਰਾ ਬਾਬਾ ਨਾਨਕ, ਬਟਾਲਾ ਤੇ ਅੰਮ੍ਰਿਤਸਰ ਤੋਂ ਮੰਗਵਾਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ:
ਅੱਜ ਗੁੱਜਰਾਂ ਦੇ ਕੁੱਲਾਂ ਨੂੰ ਲੱਗੀ ਭਿਆਨਕ ਅੱਗ ਤੋਂ ਬੁਝਾਉਣ ਸਬੰਧੀ ਕੋਈ ਵੀ ਮਜੀਠਾ ਸਬ ਡਿਵੀਜ਼ਨ ਵਿਚ ਫਾਇਰ ਬ੍ਰਿਗੇਡ ਦੀ ਸਹੂਲਤ ਨਾ ਹੋਣ ਦੇ ਚਲਦਿਆਂ ਭਾਰੀ ਮਾਲੀ ਨੁਕਸਾਨ ਹੋਇਆ ਹੈ ਕਿਉਂਕਿ ਉਕਤ ਅੱਗ 'ਤੇ ਕਾਬੂ ਪਾਉਣ ਲਈ ਪਹਿਲਾਂ ਕਸਬਾ ਡੇਰਾ ਬਾਬਾ ਨਾਨਕ, ਬਟਾਲਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਆਈ ਅਤੇ ਫਿਰ ਅੰਮ੍ਰਿਤਸਰ ਤੋਂ ਮੰਗਵਾਈ ਗਈ ਅਤੇ ਇਹ ਗੱਡੀਆਂ ਜਦੋਂ ਘਟਨਾਸਥਲ 'ਤੇ ਪਹੁੰਚੀਆਂ ਤਾਂ ਤਦ ਤੱਕ ਗੁੱਜਰਾਂ ਦੇ ਕੁੱਲਾਂ ਨੂੰ ਅੱਗ ਆਪਣੇ ਆਗੋਸ਼ ਵਿਚ ਲੈ ਚੁੱਕੀ ਸੀ ਜਿਸ ਨਾਲ ਸਭ ਕੁਝ ਖਾ ਹੋ ਗਿਆ।

ਕੀ ਕਹਿਣਾ ਹੈ ਐੱਸ.ਡੀ.ਓ ਪਾਵਰਕਾਮ ਦਾ?:
ਸਬ-ਡਿਵੀਜ਼ਨ ਮਜੀਠਾ ਦੇ ਪਾਵਰਕਾਮ ਵਿਭਾਗ ਦੇ ਐੱਸ.ਡੀ.ਓ ਸੁਖਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਗੁੱਜਰ ਕਾਜੂਦੀਨ ਆਦਿ ਪਿਛਲੇ ਕਾਫੀ ਮਹੀਨਿਆਂ ਤੋਂ ਪਾਵਰਕਾਮ ਵਿਭਾਗ ਦੀ ਸੋਹੀਆਂ ਰੋਡ ਮਜੀਠਾ ਨੇੜੇ ਸ਼ਹੀਦ ਕੈਪਟਨ ਅਮਰਦੀਪ ਸਿੰਘ ਸੈਕੰਡਰੀ ਸਕੂਲ ਕੋਲੋਂ ਲੰਘਦੀ ਐੱਲ.ਟੀ ਲਾਈਨ ਤੋਂ ਬਿਜਲੀ ਚੋਰੀ ਕਰਦੇ ਆ ਰਹੇ ਸਨ ਜਿਨ੍ਹਾਂ ਨੂੰ ਵਿਭਾਗ ਵਲੋਂ ਬੀਤੀ 19 ਅਕਤੂਬਰ ਨੂੰ ਬਿਜਲੀ ਚੋਰੀ ਕਰਨ ਸਬੰਧੀ 32 ਹਜ਼ਾਰ ਰੁਪਏ ਜੁਰਮਾਨਾ ਵੀ ਪਾਇਆ ਸੀ ਜੋ ਅਜੈ ਤੱਕ ਉਕਤ ਗੁੱਜਰਾਂ ਵਲੋਂ ਅਦਾ ਨਾ ਕੀਤੇ ਜਾਣ ਦੇ ਚਲਦਿਆਂ ਸਬੰਧਤ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਐੱਸ.ਡੀ.ਓ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਾਜੂਦੀਨ ਆਦਿ ਨੇ ਮੁੜ ਐੱਲ.ਟੀ ਲਾਈਨ ਨਾਲ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਿਸ ਨਾਲ ਟਰਾਂਸਫਾਰਮਰ ਵਿਚੋਂ ਉੱਠੇ ਚੰਗਿਆੜਿਆਂ ਨਾਲ ਇਹ ਹਾਦਸਾ ਵਾਪਰ ਗਿਆ ਅਤੇ ਅੱਗ ਲੱਗ ਗਈ ਹੋਵੇ ਅਤੇ ਇਸ ਵਿਚ ਪਾਵਰਕਾਮ ਵਿਭਾਗ ਦਾ ਕੋਈ ਦੋਸ਼ ਨਹੀਂ ਹੈ।


Deepak Kumar

Content Editor

Related News