ਜੀ. ਐੱਸ. ਟੀ. ਨਹੀਂ ਹੈ ਜ਼ਿਆਦਾ ਗੁੰਝਲਦਾਰ

07/02/2017 6:23:40 AM

ਜਦੋਂ ਤੋਂ ਜੀ. ਐੱਸ. ਟੀ. ਲਾਗੂ ਹੋਣ ਦੀ ਗੱਲ ਚੱਲ ਰਹੀ ਹੈ, ਉਦੋਂ ਤੋਂ ਹੀ ਲੋਕਾਂ ਦੇ ਮਨਾਂ ਵਿਚ ਕਈ ਸਵਾਲ ਉੱਠ ਰਹੇ ਹਨ। ਮੇਰੇ ਘਰ ਦਾ ਕੀ ਹੋਵੇਗਾ? ਮੇਰੀ ਕਾਰ ਦਾ ਕੀ ਹੋਵੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਲੋਕ ਲੱਭ ਰਹੇ ਹਨ। ਬਾਜ਼ਾਰ ਵਿਚ ਆਈਆਂ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਕਾਰਨ ਲੋਕ ਇਹ ਸੋਚ ਰਹੇ ਹਨ ਕਿ ਇਹ ਬਹੁਤ ਹੀ ਗੁੰਝਲਦਾਰ ਹੈ ਪਰ ਤੁਸੀਂ ਸਵਾਲਾਂ ਤੋਂ ਘਬਰਾਓ ਨਾ ਸਗੋਂ ਉਨ੍ਹਾਂ ਦਾ ਸਾਹਮਣਾ ਕਰੋ। ਇਹ ਇੰਨਾ ਗੁੰਝਲਦਾਰ ਵੀ ਨਹੀਂ ਹੈ, ਇਸ ਵਿਚ ਕੁਝ ਮੁਸ਼ਕਿਲਾਂ ਹਨ ਤਾਂ ਕੁਝ ਸਹੂਲਤਾਂ ਵੀ ਹਨ। ਇਸ ਵਿਚ ਜੇ ਕੁਝ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ ਤਾਂ ਕੁਝ ਸਸਤੀਆਂ ਵੀ ਹੋ ਰਹੀਆਂ ਹਨ। ਆਓ ਜਾਣਦੇ ਹਾਂ ਕਿ ਸਾਡੀਆਂ ਲੋੜਾਂ 'ਤੇ ਇਸ ਦਾ ਕੀ ਅਸਰ ਪਵੇਗਾ।
ਸਵਾਲ : ਮੈਂ ਘਰ ਬਣਾ ਰਿਹਾ ਹਾਂ। ਕਈ ਕੰਮ ਬਾਕੀ ਹਨ। ਜੀ. ਐੱਸ. ਟੀ. ਵਿਚ ਮੈਨੂੰ ਕੀ ਫਾਇਦਾ ਹੋ ਸਕਦਾ ਹੈ?
ਜਵਾਬ  : ਵਰਟੀਕਲ ਬੋਰਡ, ਪਲਾਈ, ਟਾਇਲਜ਼ 'ਤੇ ਟੈਕਸ ਵਧੇਗਾ, ਪੇਂਟ, ਪੁੱਟੀ, ਸੈਰਾਮਿਕਸ, ਵਾਰਨਿਸ਼, ਸਟੀਲ ਪਾਈਪ, ਵਾਲ ਪੇਪਰ, ਐੱਲ. ਈ. ਡੀ. ਫਿਕਸਚਰ, ਲਾਈਟ ਫਿਟਿੰਗਜ਼, ਕਾਇਸ ਮੈਟਰੇਸ, ਬਾਥ ਫਿਟਿੰਗਜ਼ 'ਤੇ ਟੈਕਸ ਰੇਟ 'ਚ ਕੁਝ ਕਮੀ ਆਏਗੀ। ਤੁਹਾਨੂੰ ਖੁਦ ਹਿਸਾਬ ਲਾਉਣਾ ਪਵੇਗਾ ਕਿ ਤੁਹਾਡੇ ਘਰ ਬਣਵਾਉਣ 'ਚ ਕਿਸ ਚੀਜ਼ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ।


ਸਵਾਲ : ਹਾਊਸਿੰਗ ਸੋਸਾਇਟੀ 'ਚ ਮੇਂਟੀਨੈਂਸ ਚਾਰਜ ਦੇ ਰੂਪ ਵਿਚ 135 ਫਲੈਟ ਮਾਲਕਾਂ ਤੋਂ ਹਰ ਸਾਲ ਕੁਲ 19 ਲੱਖ ਰੁਪਏ ਆਉਂਦੇ ਹਨ। ਕੀ ਅਸੀਂ ਜੀ. ਐੱਸ. ਟੀ. ਵਿਚ ਆਵਾਂਗੇ? ਜੇ ਮੈਂਟੀਨੈਂਸ ਵਧਾਉਣ ਨਾਲ ਸਾਲਾਨਾ ਰਾਸ਼ੀ 21 ਲੱਖ ਹੋ ਜਾਵੇ ਤਾਂ ਕੀ ਫਰਕ ਪਵੇਗਾ?
ਜਵਾਬ : ਹਾਊਸਿੰਗ ਸੋਸਾਇਟੀ ਆਪਣੇ ਮੈਂਬਰਾਂ ਨੂੰ ਸੇਵਾ ਦਿੰਦੀ ਹੈ ਤਾਂ ਉਸ ਦੇ ਲਈ ਇਹ ਵਿਵਸਥਾ ਹੈ-ਸਾਲਾਨਾ ਟਰਨਓਵਰ 20 ਲੱਖ ਤੋਂ ਵੱਧ ਹੋਣ 'ਤੇ ਤੁਹਾਨੂੰ ਜੀ. ਐੱਸ. ਟੀ. ਰਜਿਸਟ੍ਰੇਸ਼ਨ ਲੈਣੀ ਪਵੇਗੀ ਅਤੇ ਟੈਕਸ ਭਰਨਾ ਪਵੇਗਾ ਪਰ ਪ੍ਰਤੀ ਮੈਂਬਰ ਕੰਟਰੀਬਿਊਸ਼ਨ 5 ਹਜ਼ਾਰ ਰੁਪਏ ਪ੍ਰਤੀ ਮਹੀਨੇ ਤਕ ਹੈ ਤਾਂ ਉਸ ਰਕਮ 'ਤੇ ਜੀ. ਐੱਸ. ਟੀ. ਨਹੀਂ ਲੱਗੇਗਾ।


ਸਵਾਲ : ਮੈਂ ਹੁਣ ਫਲੈਟ ਖਰੀਦਿਆ ਹੈ, ਰਜਿਸਟਰੀ ਕਰਵਾਉਣੀ ਹੈ। ਜੀ. ਐੱਸ. ਟੀ. ਤੋਂ ਬਾਅਦ ਅਤੇ ਪਹਿਲਾਂ ਕਿੰਨਾ ਫਰਕ ਪਵੇਗਾ?
ਜਵਾਬ : ਰਜਿਸਟਰੀ ਦੀ ਫੀਸ ਜੀ. ਐੱਸ. ਟੀ. ਦੇ ਘੇਰੇ ਤੋਂ ਬਾਹਰ ਹੈ, ਇਸ ਲਈ ਤੁਹਾਡੇ ਇਲਾਕੇ ਵਿਚ ਰਜਿਸਟਰੀ 'ਤੇ ਓਨਾ ਹੀ ਖਰਚ ਹੋਵੇਗਾ, ਜਿੰਨਾ ਪਹਿਲਾਂ ਸੀ।


ਸਵਾਲ : ਅਸੀਂ ਬਣ ਰਹੀ ਬਿਲਡਿੰਗ 'ਚ ਘਰ ਲਿਆ ਹੈ। ਬਿਲਡਰ ਨੂੰ ਅੱਧਾ ਭੁਗਤਾਨ ਕਰ ਚੁੱਕੇ ਹਾਂ। ਕੀ ਜੀ. ਐੱਸ. ਟੀ. ਨਾਲ ਬਾਕੀ ਭੁਗਤਾਨ 'ਤੇ ਕੋਈ ਫਾਇਦਾ ਹੋਵੇਗਾ?
ਜਵਾਬ : 1 ਜੁਲਾਈ ਤੋਂ ਬਾਅਦ ਜੋ ਵੀ ਭੁਗਤਾਨ ਕਰੋਗੇ, ਉਸ 'ਤੇ 12 ਫੀਸਦੀ ਟੈਕਸ ਲੱਗੇਗਾ। ਅਜੇ ਸਰਵਿਸ ਟੈਕਸ ਅਤੇ ਵੈਟ ਮਿਲਾ ਕੇ 5.5-6 ਫੀਸਦੀ ਹੈ ਪਰ ਬਿਲਡਰ ਨੂੰ ਇਨਪੁੱਟ ਕ੍ਰੈਡਿਟ ਵੀ ਮਿਲੇਗਾ। ਮਤਲਬ ਇਹ ਕੰਸਟਰੱਕਸ਼ਨ 'ਚ ਇਸਤੇਮਾਲ ਚੀਜ਼ਾਂ 'ਤੇ ਜਿੰਨਾ ਟੈਕਸ ਭਰੇਗਾ, ਉਸ ਦੀ ਟੈਕਸ ਦੇਣਦਾਰੀ ਓਨੀ ਹੀ ਘੱਟ ਹੋਵੇਗੀ, ਉਸ ਦਾ ਖਰਚ ਘਟੇਗਾ। ਸਰਕਾਰ ਦਾ ਮੰਨਣਾ ਹੈ ਕਿ ਬਿਲਡਰ ਕੀਮਤ ਘਟਾਉਣਗੇ।


ਸਵਾਲ : ਫਲੈਟ ਬੁੱਕ ਕੀਤਾ ਹੈ। ਅਜੇ 90 ਫੀਸਦੀ ਭੁਗਤਾਨ ਬਾਕੀ ਹੈ। ਜੀ. ਐੱਸ. ਟੀ. ਤੋਂ ਬਾਅਦ ਕੀ ਫਾਇਦੇ ਮਿਲਣਗੇ?
ਜਵਾਬ : ਜੀ. ਐੱਸ. ਟੀ. ਵਿਚ ਬਿਲਡਰ ਨੂੰ ਭੁਗਤਾਨ 'ਤੇ 12 ਫੀਸਦੀ ਟੈਕਸ ਲੱਗੇਗਾ ਪਰ ਬਿਲਡਰ ਨੂੰ ਕੰਸਟਰੱਕਸ਼ਨ ਮਟੀਰੀਅਲ 'ਤੇ ਟੈਕਸ ਕ੍ਰੈਡਿਟ ਮਿਲੇਗਾ। ਇਸ ਨਾਲ ਖਰਚੇ ਘਟਣਗੇ। ਉਸ ਨੂੰ ਕੀਮਤ ਘਟਾਉਣ ਲਈ ਕਹੋ। ਸਰਕਾਰ ਵੀ ਇਹੀ ਗੱਲ ਕਹਿ ਰਹੀ ਹੈ।
 

ਸਵਾਲ : ਜੀ. ਐੱਸ. ਟੀ. ਵਿਚ ਟੈਕਸ ਕਿਵੇਂ ਜਮ੍ਹਾ ਕਰਾਵਾਂਗੇ?
ਜਵਾਬ : ਟੈਕਸ ਆਨਲਾਈਨ ਜਮ੍ਹਾ ਕਰਾਉਣਾ ਪਵੇਗਾ। ਟੈਕਸ ਲਾਇਬਿਲਟੀ 10 ਹਜ਼ਾਰ ਰੁਪਏ ਤਕ ਹੈ ਤਾਂ ਕੈਸ਼ ਵੀ ਜਮ੍ਹਾ ਕਰਵਾ ਸਕਦੇ ਹੋ।


ਸਵਾਲ : ਮੈਂ ਘਰ ਕਿਰਾਏ 'ਤੇ ਦਿੱਤਾ ਹੈ। ਉਸ 'ਤੇ ਵੀ ਜੀ. ਐੱਸ. ਟੀ. ਲੱਗੇਗਾ? ਤੇ ਕਿੰਨਾ?
ਜਵਾਬ : ਨਿੱਜੀ ਰਿਹਾਇਸ਼ੀ ਰੈਂਟਲ ਆਮਦਨ 'ਤੇ ਜੀ. ਐੱਸ. ਟੀ. ਲਾਗੂ ਨਹੀਂ ਹੋਵੇਗਾ ਪਰ ਫਲੈਟ ਕਮਰਸ਼ੀਅਲ ਵਰਤੋਂ ਲਈ ਕਿਰਾਏ 'ਤੇ ਦਿੱਤਾ ਗਿਆ ਹੈ ਤਾਂ ਉਸ 'ਤੇ 18 ਫੀਸਦੀ ਟੈਕਸ ਭਰਨਾ ਪਵੇਗਾ।


*** ਮੈਂ ਕਾਰੋਬਾਰੀ ਹਾਂ...
ਅਜਿਹੀ ਹੋਵੇਗੀ ਬਿਲਿੰਗ ਤੇ ਰਿਟਰਨ


ਸਵਾਲ : ਕੀ ਹਰ ਦੁਕਾਨਦਾਰ ਨੂੰ ਲੈਪਟਾਪ ਤੇ ਕੰਪਿਊਟਰ ਰੱਖਣਾ ਪਵੇਗਾ?
ਜਵਾਬ : ਹਰ ਮਹੀਨੇ 3 ਰਿਟਰਨਾਂ ਭਰਨੀਆਂ ਪੈਣਗੀਆਂ, ਜਿਨ੍ਹਾਂ 'ਚੋਂ 2 ਆਟੋ ਪਾਪੂਲੇਟ ਹੋਣਗੀਆਂ। ਤੁਹਾਨੂੰ ਸਿਰਫ ਮਿਲਾਨ ਤੋਂ ਬਾਅਦ ਓਕੇ ਕਰਨਾ ਪਵੇਗਾ। ਰਿਟਰਨ ਫਾਈਲ ਆਨਲਾਈਨ ਹੋਵੇਗੀ ਪਰ ਇਸ ਲਈ ਜ਼ਰੂਰੀ ਨਹੀਂ ਕਿ ਕੰਪਿਊਟਰ ਹੋਵੇ। ਤੁਸੀਂ ਮੋਬਾਈਲ 'ਤੇ ਵੀ ਆਫ ਲਾਈਨ ਟੂਲ ਡਾਊਨਲੋਡ ਕਰ ਕੇ ਉਸ ਦੀ ਵਰਤੋਂ ਕਰ ਸਕਦੇ ਹੋ। ਇਕ ਮਹੀਨੇ ਬਾਅਦ ਉਸੇ ਨੂੰ ਰਿਟਰਨ ਦੇ ਰੂਪ 'ਚ ਅਪਲੋਡ ਕੀਤਾ ਜਾ ਸਕੇਗਾ।


ਸਵਾਲ : ਜੀ. ਐੱਸ. ਟੀ. ਦੇ ਘੇਰੇ ਤੋਂ ਬਾਹਰ ਵਸਤਾਂ ਦਾ ਕਾਰੋਬਾਰ ਕਰਨ 'ਤੇ ਕੀ ਰਿਟਰਨ ਭਰਨੀ ਪਵੇਗੀ? ਬਿਲਿੰਗ ਦਾ ਢੰਗ ਕੀ ਹੋਵੇਗਾ?
ਜਵਾਬ : ਜੇ ਤੁਸੀਂ ਸਿਰਫ ਛੋਟ ਵਾਲੀਆਂ ਵਸਤਾਂ ਦਾ ਬਿਜ਼ਨੈੱਸ ਕਰਦੇ ਹੋ ਤਾਂ ਜੀ. ਐੱਸ. ਟੀ. ਰਜਿਸਟ੍ਰੇਸ਼ਨ ਜ਼ਰੂਰੀ ਨਹੀਂ ਹੈ ਪਰ ਜੇ ਛੋਟ ਦੇ ਨਾਲ ਟੈਕਸੇਬਲ ਗੁੱਡਜ਼ ਦਾ ਵੀ ਬਿਜ਼ਨੈੱਸ ਕਰਦੇ ਹੋ ਅਤੇ ਸਾਲਾਨਾ ਟਰਨਓਵਰ 20 ਲੱਖ ਤੋਂ ਜ਼ਿਆਦਾ ਹੈ ਤਾਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ।


ਸਵਾਲ : ਕੀ ਇਹ ਸਹੀ ਹੈ ਕਿ ਕਾਗਜ਼ੀ ਕਾਰਵਾਈ ਵਧੇਗੀ, ਛੋਟੇ ਵਪਾਰੀਆਂ ਨੂੰ ਅਕਾਊਂਟੈਂਟ, ਸੀ. ਏ. ਰੱਖਣਾ ਪਵੇਗਾ?
ਜਵਾਬ : ਸਰਕਾਰ ਕੋਲ ਜੋ ਵੀ ਫਾਈਲਿੰਗ ਕਰਨੀ ਹੈ, ਉਹ ਆਨਲਾਈਨ ਹੋਵੇਗੀ। ਸਰਕਾਰ ਇਕ ਆਫ ਲਾਈਨ ਟੂਲ ਦੇ ਰਹੀ ਹੈ। ਉਸ ਨੂੰ ਇਕ ਵਾਰ ਡਾਊਨਲੋਡ ਕਰ ਲਵੋ। ਵਿਕਰੀ ਦੇ ਵੇਰਵੇ ਲਗਾਤਾਰ ਭਰਦੇ ਰਹੋ। ਮਹੀਨਾ ਹੋਣ 'ਤੇ ਉਸ ਨੂੰ ਅਪਲੋਡ ਕਰ ਦਿਓ, ਉਹੀ ਤੁਹਾਡੀ ਸੇਲਜ਼ ਰਿਟਰਨ ਬਣ ਜਾਵੇਗੀ। ਇਸ ਲਈ ਕਿਸੇ ਸੀ. ਏ. ਦੀ ਲੋੜ ਨਹੀਂ। ਇਹ ਕੰਮ ਤੁਸੀਂ ਮੋਬਾਈਲ ਫੋਨ 'ਤੇ ਵੀ ਕਰ ਸਕਦੇ ਹੋ²।


ਸਵਾਲ : ਕਮੀਸ਼ਨ ਨਾਲ ਹੋਣ ਵਾਲੀ ਆਮਦਨ 'ਤੇ ਵੀ ਜੀ. ਐੱਸ. ਟੀ. ਲੱਗੇਗਾ?
ਜਵਾਬ : ਹਾਂ, ਇਸ 'ਤੇ 18 ਫੀਸਦੀ ਦੀ ਦਰ ਨਾਲ ਟੈਕਸ ਲੱਗੇਗਾ।


ਮੇਰੀ ਕਾਰ...


ਕਾਰ ਖਰੀਦਣਾ ਸਸਤਾ ਹੋਵੇਗਾ ਜਾਂ ਮਹਿੰਗਾ?
ਸਵਾਲ : ਕਾਰ ਸਰਵਿਸ 'ਚ ਲੇਬਰ ਚਾਰਜ 'ਤੇ ਟੈਕਸ 18 ਫੀਸਦੀ ਅਤੇ ਸਪੇਅਰ ਪਾਰਟਸ 'ਤੇ 28 ਫੀਸਦੀ ਹੈ। ਕੀ ਬਿੱਲ 'ਚ ਪੂਰੀ ਰਕਮ 'ਤੇ ਜ਼ਿਆਦਾ ਵਾਲਾ ਯਾਨੀ 28 ਫੀਸਦੀ ਟੈਕਸ ਲੱਗੇਗਾ?
ਜਵਾਬ : ਹਾਂ, ਇਹ ਕੰਪੋਜ਼ਿਟ ਸਪਲਾਈ ਦੇ ਤਹਿਤ ਆਉਂਦਾ ਹੈ। ਇਸ ਵਿਚ 2 ਪ੍ਰੋਡਕਟ/ਸਰਵਿਸ ਦੀ ਸਪਲਾਈ ਕੀਤੀ ਜਾਂਦੀ ਹੈ ਤਾਂ ਜਿਸ ਪ੍ਰੋਡਕਟ/ਸਰਵਿਸ 'ਤੇ ਜ਼ਿਆਦਾ ਟੈਕਸ ਹੋਵੇਗਾ, ਉਹੀ ਸਭ 'ਤੇ ਲਾਗੂ ਹੋਵੇਗਾ। ਉਸ ਤੋਂ ਬਚਣ ਲਈ ਤੁਸੀਂ ਲੇਬਰ ਚਾਰਜ ਤੇ ਪਾਰਟਸ ਦੇ ਵੱਖਰੇ-ਵੱਖਰੇ ਬਿੱਲ ਬਣਵਾ ਸਕਦੇ ਹੋ।


ਸਵਾਲ : ਕੀ ਜੀ. ਐੱਸ. ਟੀ. ਤੋਂ ਬਾਅਦ ਕਾਰ ਖਰੀਦਣਾ ਫਾਇਦੇਮੰਦ ਹੋਵੇਗਾ?
ਜਵਾਬ : ਜੀ. ਐੱਸ. ਟੀ. ਵਿਚ ਕਾਰਾਂ 'ਤੇ ਟੈਕਸ ਰੇਟ ਘੱਟ ਹੋਣਗੇ, ਨਾਲ ਹੀ ਕੰਪਨੀਆਂ ਨੂੰ ਇਨਪੁੱਟ ਕ੍ਰੈਡਿਟ ਵੀ ਮਿਲੇਗਾ। ਇਸ ਲਈ ਕੀਮਤਾਂ ਘਟਣ ਦੀ ਉਮੀਦ ਹੈ।


ਮੇਰਾ ਕਾਰੋਬਾਰ 75 ਲੱਖ ਤੋਂ ਘੱਟ...
ਕੰਪੋਜ਼ੀਸ਼ਨ ਸਕੀਮ ਦਾ ਕਿਵੇਂ ਮਿਲੇਗਾ ਲਾਭ


ਸਵਾਲ : ਸਾਲ ਦੇ ਵਿਚਾਲੇ ਹੀ ਬਿਜ਼ਨੈੱਸ 75 ਲੱਖ ਤੋਂ ਵੱਧ ਹੋ ਗਿਆ ਤਾਂ?
ਜਵਾਬ : ਜਿਸ ਤਰੀਕ ਨੂੰ ਬਿਜ਼ਨੈੱਸ 75 ਲੱਖ ਰੁਪਏ ਤੋਂ ਵੱਧ ਹੋਵੇਗਾ, ਉਸ ਤਰੀਕ ਤੋਂ ਉਸ ਨੂੰ ਕੰਪੋਜ਼ੀਸ਼ਨ ਦੇ ਤਹਿਤ ਨਹੀਂ ਮੰਨਿਆ ਜਾਵੇਗਾ। ਦਸੰਬਰ ਵਿਚ ਟਰਨਓਵਰ 75 ਲੱਖ ਰੁਪਏ ਪੂਰੀ ਹੋ ਗਈ ਹੈ ਤਾਂ ਕੰਪੋਜ਼ੀਸ਼ਨ ਸਕੀਮ ਦਾ ਲਾਭ ਦਸੰਬਰ ਤਕ ਮਿਲੇਗਾ। ਜਨਵਰੀ ਤੋਂ ਆਮ ਨਿਯਮ ਲਾਗੂ ਹੋਣਗੇ।


ਸਵਾਲ : ਇਸ 'ਚ ਕਾਰੋਬਾਰੀ 'ਤੇ ਕਿੰਨਾ ਟੈਕਸ ਲੱਗੇਗਾ?
ਜਵਾਬ : ਮੈਨੂਫੈਕਚਰਰ ਨੂੰ 2 ਫੀਸਦੀ (ਸੀ. ਜੀ. ਐੱਸ. ਟੀ. 1 ਫੀਸਦੀ, ਐੱਸ. ਜੀ. ਐੱਸ. ਟੀ. 1 ਫੀਸਦੀ), ਰੈਸਟੋਰੈਂਟ ਸਰਵਿਸਿਜ਼ ਨੂੰ 5 ਫੀਸਦੀ (ਸੀ. ਜੀ. ਐੱਸ. ਟੀ. ਨੂੰ 2.5 ਫੀਸਦੀ, ਐੱਸ. ਜੀ. ਐੱਸ. ਟੀ. 2.5 ਫੀਸਦੀ) ਅਤੇ ਟਰੇਡਰ ਨੂੰ 1 ਫੀਸਦੀ (ਸੀ. ਜੀ. ਐੱਸ. ਟੀ. 0.5 ਫੀਸਦੀ, ਐੱਸ. ਜੀ. ਐੱਸ. ਟੀ. 5 ਫੀਸਦੀ) ਟੈਕਸ ਦੇਣਾ ਪਵੇਗਾ।


ਸਵਾਲ : ਇਨਵਾਇਸ 'ਤੇ ਪ੍ਰੋਡਕਟ ਦਾ ਐੱਚ. ਐੱਸ. ਐੱਨ. ਕੋਡ ਲਿਖਣਾ ਕੀ ਜ਼ਰੂਰੀ ਹੈ?
ਜਵਾਬ : ਜਿਨ੍ਹਾਂ ਦਾ ਸਾਲਾਨਾ ਕਾਰੋਬਾਰ 1.5 ਕਰੋੜ ਤਕ ਦਾ ਹੈ, ਉਨ੍ਹਾਂ ਲਈ ਬਿੱਲ 'ਤੇ ਪ੍ਰੋਡਕਟ ਦਾ ਐੱਚ. ਐੱਸ. ਐੱਨ. ਕੋਡ ਲਿਖਣਾ ਜ਼ਰੂਰੀ ਨਹੀਂ ਹੈ। 1.5-5 ਕਰੋੜ ਵਾਲਿਆਂ ਲਈ 2 ਡਿਜਿਟ ਅਤੇ 5 ਕਰੋੜ ਤੋਂ ਵੱਧ ਵਾਲਿਆਂ ਨੂੰ 4 ਡਿਜਿਟ ਦਾ ਕੋਡ ਲਿਖਣਾ ਪਵੇਗਾ।


ਵਾਲ : ਖਰੀਦਦਾਰ ਤੋਂ ਕਿਸ ਰੇਟ ਨਾਲ ਟੈਕਸ ਲੈ ਸਕਦਾ ਹੈ ਕੰਪੋਜ਼ੀਸ਼ਨ ਕਾਰੋਬਾਰੀ?
ਜਵਾਬ : ਕੰਪੋਜ਼ੀਸ਼ਨ ਵਾਲਾ ਕਾਰੋਬਾਰੀ ਤਾਂ ਖਰੀਦਦਾਰ ਤੋਂ ਟੈਕਸ ਲੈ ਸਕਦਾ ਹੈ। ਨਾਲ ਹੀ ਉਸ ਨੂੰ ਪਹਿਲਾਂ ਭਰੇ ਗਏ ਕਿਸੇ ਟੈਕਸ ਦਾ ਇਨਪੁੱਟ ਕ੍ਰੈਡਿਟ ਮਿਲੇਗਾ, ਜਿਸ ਦਾ ਲਾਭ ਉਹ ਲੈ ਸਕਦਾ ਹੈ।


Related News