ਪੈਰਿਸ ਡਾਇਮੰਡ ਲੀਗ ''ਚ ਨਹੀਂ ਖੇਡਣਗੇ ਨੀਰਜ ਚੋਪੜਾ, ਜਾਣੋ ਕਾਰਨ
Monday, Jul 01, 2024 - 06:15 PM (IST)
ਨਵੀਂ ਦਿੱਲੀ— ਓਲੰਪਿਕ ਅਤੇ ਵਿਸ਼ਵ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਆਪਣੀ ਪੱਟ ਦੀ ਅੰਦਰੂਨੀ ਮਾਸਪੇਸ਼ੀਆਂ 'ਚ ਤਕਲੀਫ ਕਾਰਨ ਐਤਵਾਰ ਨੂੰ ਹੋਣ ਵਾਲੀ ਪੈਰਿਸ ਡਾਇਮੰਡ ਲੀਗ 'ਚ ਹਿੱਸਾ ਨਹੀਂ ਲੈਣਗੇ। ਚੋਪੜਾ ਨੇ ਕਿਹਾ ਕਿ ਉਹ ਟ੍ਰੇਨਿੰਗ ਅਤੇ ਥ੍ਰੋਇੰਗ ਦੇ ਦੌਰਾਨ ਬਲਾਕਿੰਗ ਕਰਨ ਵਾਲੀ ਆਪਣੀ ਲੱਤ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ।
ਉਸ ਨੇ ਕਿਹਾ, 'ਮੈਨੂੰ ਥ੍ਰੋਅ ਕਰਦੇ ਸਮੇਂ ਬਲੌਕਿੰਗ ਲੇਗ ਨੂੰ ਮਜ਼ਬੂਤ ਕਰਨਾ ਪੈਂਦਾ ਹੈ ਕਿਉਂਕਿ ਉਸੇ ਸਮੇਂ ਮੇਰੀ ਗ੍ਰੋਇਨ 'ਤੇ ਤਣਾਅ ਆ ਜਾਂਦਾ ਹੈ। ਅਸੀਂ ਇਸ 'ਤੇ ਕੰਮ ਕਰ ਰਹੇ ਹਾਂ।' ਉਸ ਨੇ ਕਿਹਾ, 'ਮੈਂ ਕੁਝ ਹੋਰ ਟੂਰਨਾਮੈਂਟ ਖੇਡ ਸਕਦਾ ਸੀ ਅਤੇ ਖੇਡਣਾ ਵੀ ਚਾਹੁੰਦਾ ਸੀ। ਪਰ ਮੈਂ ਮਹਿਸੂਸ ਕੀਤਾ ਕਿ ਸਿਹਤ ਸਭ ਤੋਂ ਮਹੱਤਵਪੂਰਣ ਹੈ। ਜੇ ਤੁਸੀਂ ਥੋੜ੍ਹੀ ਜਿਹੀ ਬੇਅਰਾਮੀ ਮਹਿਸੂਸ ਕਰਦੇ ਹੋ ਤਾਂ ਰੁਕਣਾ ਠੀਕ ਹੈ।
ਪਿਛਲੇ ਮਹੀਨੇ ਫਿਨਲੈਂਡ ਵਿੱਚ ਪਾਵੋ ਨੂਰਮੀ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੇ ਚੋਪੜਾ ਨੇ ਕਿਹਾ ਕਿ ਉਹ ਹੁਣ ਸਮਝਦਾਰ ਹੋ ਗਿਆ ਹੈ ਅਤੇ ਜੋਖਮ ਨਹੀਂ ਲੈਂਦਾ। ਉਸ ਨੇ ਕਿਹਾ, 'ਓਲੰਪਿਕ 'ਚ ਸੋਨ ਤਮਗਾ ਜਿੱਤਣ ਤੋਂ ਪਹਿਲਾਂ ਮੈਂ ਹਰ ਮੁਕਾਬਲੇ 'ਚ ਹਿੱਸਾ ਲੈਣਾ ਚਾਹੁੰਦਾ ਸੀ। ਹੁਣ ਤਜ਼ਰਬੇ ਨਾਲ ਮੈਂ ਸਹੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਫਿਨਲੈਂਡ ਵਿੱਚ ਪ੍ਰਦਰਸ਼ਨ ਚੰਗਾ ਰਿਹਾ ਪਰ ਹੋਰ ਕੰਮ ਕਰਨ ਦੀ ਲੋੜ ਹੈ।